Mandi Car Accident : ਅਸ਼ੀਸ਼ ਭੋਜ, ਪਧਰ : ਮੰਡੀ ਜ਼ਿਲ੍ਹੇ ਦੇ ਚੌਰਘਾਟੀ ਦੇ ਬਰਧਾਣ ‘ਚ ਇਕ ਮਾਰੂਤੀ ਕਾਰ ਡੂੰਘੀ ਖਾਈ ‘ਚ ਡਿੱਗ ਗਈ ਜਿਸ ਕਾਰਨ ਕਾਰ ਸਵਾਰ ਪੰਜ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਪੰਜੇ ਜਣੇ ਲਾੜੀ ਨੂੰ ਛੱਡ ਕੇ ਘਰ ਪਰਤ ਰਹੇ ਸਨ। ਇਹ ਭਿਆਨਕ ਹਾਦਸਾ ਸ਼ਨਿਚਰਵਾਰ ਦੇਰ ਰਾਤ ਵਾਪਰਿਆ। ਕਾਰ ਸਵਾਰ ਸਾਰੇ ਨੌਜਵਾਨ ਧਮਚਿਆਣ ਪਿੰਡ ਦੇ ਰਹਿਣ ਵਾਲੇ ਹਨ ਜੋ ਬਰੋਟ ‘ਚ ਵਿਆਹ ਸਮਾਗਮ ‘ਚ ਗਏ ਹੋਏ ਸਨ। ਦੇਰ ਰਾਤ ਘਰ ਵਾਪਸੀ ਵੇਲੇ ਇਹ ਹਾਦਸਾ ਹੋਇਆ ਜਿਸ ਦੀ ਜਾਣਕਾਰੀ ਐਤਵਾਰ ਸਵੇਰੇ ਮਿਲੀ।
ਚਰਵਾਹੇ ਨੇ ਦੇਖੀ ਖਾਈ ‘ਚ ਡਿੱਗੀ ਕਾਰ
ਜਦੋਂ ਇਕ ਭੇਡ ਚਰਵਾਹੇ ਨੇ ਸੜਕ ਤੋਂ ਕਰੀਬ 700 ਮੀਟਰ ਹੇਠਾਂ ਖਾਈ ‘ਚ ਡਿੱਗੀ ਹੋਈ ਕਾਰ ਦੇਖੀ ਤਾਂ ਇਸ ਦੀ ਸੂਚਨਾ ਨੇੜਲੇ ਪਿੰਡ ਵਾਸੀਆਂ ਨੂੰ ਦਿੱਤੀ। ਇਸ ਤੋਂ ਬਾਅਦ ਪੰਚਾਇਤ ਦੇ ਨੁਮਾਇੰਦਿਆਂ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦੀ ਸੂਚਨਾ ਟਿੱਕਣ ਪੁਲਿਸ ਚੌਕੀ ਨੂੰ ਦਿੱਤੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਲਾਸ਼ਾਂ ਨੂੰ ਸੜਕ ਮਾਰਗ ਤਕ ਪਹੁੰਚਾਉਣ ਲਈ ਬਚਾਅ ਕਾਰਜ ਸ਼ੁਰੂ ਕੀਤਾ।
ਹਾਦਸੇ ਨਾਲ ਇਲਾਕੇ ‘ਚ ਸੋਗ ਦੀ ਲਹਿਰ
ਫਿਲਹਾਲ ਸਾਰੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜੋਗਿੰਦਰਨਗਰ ਲਿਆਂਦਾ ਜਾਵੇਗਾ। ਜਿੱਥੇ ਪੰਚਨਾਮਾ ਕਰਨ ਤੋਂ ਬਾਅਦ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ। ਐਸਪੀ ਮੰਡੀ ਨੇ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰ ਕੇ ਲਾਸ਼ਾਂ ਨੂੰ ਕੱਢਣ ਲਈ ਪਿੰਡ ਵਾਸੀਆਂ ਦੀ ਮਦਦ ਨਾਲ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। ਹਾਦਸੇ ਦੇ ਪਿੱਛੇ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ।