ਅਰਜਨਟੀਨਾ ਦੇ ਸਟਾਰ ਫੁੱਟਬਾਲਰ ਲਿਓਨੇਲ ਮੇਸੀ (Lionel Messi Life Threat) ਦੀ ਜਾਨ ਨੂੰ ਖਤਰਾ ਹੈ ਅਤੇ ਉਸ ਨੂੰ ਜਨਤਕ ਤੌਰ ‘ਤੇ ਧਮਕੀਆਂ ਮਿਲੀਆਂ ਹਨ। ਵੀਰਵਾਰ (2 ਮਾਰਚ) ਦੇਰ ਰਾਤ ਦੋ ਬੰਦੂਕਧਾਰੀਆਂ ਨੇ ਉਸ ਦੇ ਪਰਿਵਾਰ ਦੀ ਦੁਕਾਨ ‘ਤੇ ਅਚਾਨਕ ਹਮਲਾ ਕਰ ਦਿੱਤਾ। ਗੋਲੀਬਾਰੀ ਵਿੱਚ ਦੁਕਾਨ ਦੇ ਸ਼ੀਸ਼ੇ ਵੀ ਟੁੱਟ ਗਏ। ਗੋਲੀਬਾਰੀ ਤੋਂ ਬਾਅਦ ਬਦਮਾਸ਼ ਉੱਥੇ ਇੱਕ ਧਮਕੀ ਭਰਿਆ ਨੋਟ ਵੀ ਛੱਡ ਗਏ। ਜਿਸ ‘ਚ ਲਿਖਿਆ ਹੈ, ‘ਮੇਸੀ, ਅਸੀਂ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ…’
ਮੀਡੀਆ ਰਿਪੋਰਟਾਂ ਮੁਤਾਬਕ ਲਿਓਨੇਲ ਮੇਸੀ ਦਾ ਪਰਿਵਾਰ ਅਰਜਨਟੀਨਾ ਦੇ ਰੋਜ਼ਾਰੀਓ ‘ਚ ਸੁਪਰਮਾਰਕੀਟ ਚਲਾਉਂਦਾ ਹੈ। ਉੱਥੇ ਵੀਰਵਾਰ ਰਾਤ ਨੂੰ ਦੋ ਬੰਦੂਕਧਾਰੀਆਂ ਨੇ ਗੋਲੀਬਾਰੀ ਕਰਕੇ ਸਨਸਨੀ ਮਚਾ ਦਿੱਤੀ। ਬਦਮਾਸ਼ਾਂ ਨੇ ਦੁਕਾਨ ‘ਤੇ 14 ਗੋਲੀਆਂ ਚਲਾਈਆਂ, ਜਿਸ ਨਾਲ ਦੁਕਾਨ ਦੇ ਸਾਹਮਣੇ ਵਾਲਾ ਸ਼ੀਸ਼ਾ ਟੁੱਟ ਗਿਆ।
‘ਜਾਵਕਿਨ ਤੁਹਾਨੂੰ ਬਚਾ ਨਹੀਂ ਸਕਗੇ, ਕਿਉਂਕਿ ਉਹ…’
ਰੋਜ਼ਾਰੀਓ ਦੇ ਮੇਅਰ ਪਾਬਲੋ ਜਾਵਕਿਨ ਨੇ ਹਮਲੇ ਦੀ ਪੁਸ਼ਟੀ ਕੀਤੀ ਹੈ। ਉਸ ਨੇ ਦੱਸਿਆ ਕਿ ਜਿਸ ਸੁਪਰਮਾਰਕੀਟ ‘ਤੇ ਹਮਲਾ ਹੋਇਆ ਸੀ, ਉਹ ਲਿਓਨਲ ਮੇਸੀ ਦੇ ਪਰਿਵਾਰ ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ ਇਸ ਹਮਲੇ ਨਾਲ ਬਦਮਾਸ਼ ਸ਼ਹਿਰ ਵਿੱਚ ਹਫੜਾ-ਦਫੜੀ ਮਚਾਉਣਾ ਚਾਹੁੰਦੇ ਸਨ। ਦੱਸ ਦੇਈਏ ਕਿ ਬਦਮਾਸ਼ਾਂ ਵੱਲੋਂ ਮੇਸੀ ਲਈ ਜੋ ਨੋਟ ਛੱਡਿਆ ਗਿਆ ਹੈ, ਉਸ ਵਿੱਚ ਰੋਸਾਰੀਓ ਦੇ ਮੇਅਰ ਦਾ ਵੀ ਜ਼ਿਕਰ ਹੈ। ਨੋਟ ਵਿੱਚ ਲਿਖਿਆ ਸੀ, “ਜਾਵਕਿਨ ਤੁਹਾਨੂੰ ਨਹੀਂ ਬਚਾ ਸਕੇਗਾ, ਕਿਉਂਕਿ ਉਹ ਇੱਕ ਨਾਰਕੋ (ਡਰੱਗ ਸਮੱਗਲਰ) ਵੀ ਹੈ।”
‘ਹਮਲੇ ‘ਚ ਕੋਈ ਜ਼ਖਮੀ ਨਹੀਂ ਹੋਇਆ’
ਸੂਬਾਈ ਪੁਲਿਸ ਸਹਾਇਕ ਇਵਾਨ ਗੋਂਜ਼ਾਲੇਜ਼ ਨੇ ਕੈਡੇਨਾ 3 ਟੈਲੀਵਿਜ਼ਨ ਸਟੇਸ਼ਨ ਨੂੰ ਦੱਸਿਆ ਕਿ ਹਮਲਾ ਕੋਈ ਖ਼ਤਰਾ ਨਹੀਂ ਸੀ, ਪਰ ਧਿਆਨ ਖਿੱਚਣ ਦਾ ਇਰਾਦਾ ਸੀ। ਉਨ੍ਹਾਂ ਕਿਹਾ ਕਿ ਜਦੋਂ ਹਮਲਾ ਹੋਇਆ ਤਾਂ ਸੁਪਰਮਾਰਕੀਟ ਵਿੱਚ ਕੋਈ ਵੀ ਮੌਜੂਦ ਨਹੀਂ ਸੀ, ਇਸ ਲਈ ਹਮਲੇ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ।
‘ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਜਾਂਚ ਸ਼ੁਰੂ’
ਮਾਮਲੇ ਦੇ ਇੰਚਾਰਜ ਸਰਕਾਰੀ ਵਕੀਲ ਫੈਡਰਿਕੋ ਰੇਬੋਲਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੇਸੀ ਦੇ ਪਰਿਵਾਰ ਨੂੰ ਪਹਿਲਾਂ ਕੋਈ ਧਮਕੀ ਨਹੀਂ ਮਿਲੀ ਸੀ। ਉਨ੍ਹਾਂ ਕਿਹਾ ਕਿ ਸਾਡੇ ਕੋਲ ਸੀਸੀਟੀਵੀ ਫੁਟੇਜ ਅਤੇ ਤਸਵੀਰਾਂ ਹਨ, ਤੇਜ਼ੀ ਨਾਲ ਜਾਂਚ ਕੀਤੀ ਜਾ ਰਹੀ ਹੈ, ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਪਰਾਨਾ ਨਦੀ ‘ਤੇ ਸਥਿਤ ਬੰਦਰਗਾਹ ਵਾਲਾ ਸ਼ਹਿਰ ਰੋਜ਼ਾਰੀਓ ਹੌਲੀ-ਹੌਲੀ ਨਸ਼ਾ ਤਸਕਰੀ ਦਾ ਕੇਂਦਰ ਬਣ ਗਿਆ ਹੈ ਅਤੇ 2022 ‘ਚ 287 ਕਤਲਾਂ ਨਾਲ ਅਰਜਨਟੀਨਾ ਦਾ ਸਭ ਤੋਂ ਹਿੰਸਕ ਸ਼ਹਿਰ ਬਣ ਗਿਆ ਹੈ।