ਭਾਰਤੀ ਖੁਰਾਕ ‘ਚ ਦੁੱਧ ਦਾ ਵਿਸ਼ੇਸ਼ ਸਥਾਨ ਹੈ। ਬਾਲਗ ਹੋਣ ਜਾਂ ਛੋਟੇ ਬੱਚੇ, ਹਰ ਕੋਈ ਰੋਜ਼ਾਨਾ ਇੱਕ ਗਲਾਸ ਦੁੱਧ ਪੀਣ ਦੀ ਕੋਸ਼ਿਸ਼ ਕਰਦਾ ਹੈ। ਖਾਸ ਤੌਰ ‘ਤੇ ਬੱਚਿਆਂ ਦੇ ਚੰਗੇ ਵਾਧੇ ਲਈ ਉਨ੍ਹਾਂ ਨੂੰ ਦੁੱਧ ਜ਼ਰੂਰ ਦਿੱਤਾ ਜਾਂਦਾ ਹੈ, ਜਦਕਿ ਵੱਡਿਆਂ ਨੂੰ ਹੱਡੀਆਂ ਦੀ ਮਜ਼ਬੂਤੀ ਲਈ ਦੁੱਧ ਜ਼ਰੂਰ ਪੀਣਾ ਚਾਹੀਦਾ ਹੈ। ਦੁੱਧ ਵਿੱਚ ਕਈ ਤਰ੍ਹਾਂ ਦੇ ਫਲੇਵਰ ਮਿਲਾ ਕੇ ਵੀ ਪੀਤਾ ਜਾ ਸਕਦਾ ਹੈ। ਕਈ ਲੋਕ ਸਵੇਰੇ ਇਸ ਨੂੰ ਪੀਣਾ ਪਸੰਦ ਕਰਦੇ ਹਨ, ਜਦਕਿ ਕਈ ਸੌਣ ਤੋਂ ਪਹਿਲਾਂ ਇਸ ਨੂੰ ਪੀਂਦੇ ਹਨ। ਪਰ, ਕੀ ਤੁਸੀਂ ਜਾਣਦੇ ਹੋ ਕਿ ਦੁੱਧ ਪੀਣ ਦਾ ਸਹੀ ਸਮਾਂ ਕੀ ਹੈ?
ਦੁੱਧ ਪੀਣ ਦਾ ਸਭ ਤੋਂ ਵਧੀਆ ਸਮਾਂ ਕੀ ਹੈ?
ਆਯੁਰਵੇਦ ਅਨੁਸਾਰ, ਬਾਲਗਾਂ ਲਈ ਦੁੱਧ ਪੀਣ ਦਾ ਸਭ ਤੋਂ ਵਧੀਆ ਸਮਾਂ ਰਾਤ ਨੂੰ ਸੌਣ ਤੋਂ ਪਹਿਲਾਂ ਹੈ। ਜਦਕਿ ਬੱਚਿਆਂ ਨੂੰ ਸਵੇਰੇ ਹੀ ਦੁੱਧ ਪੀਣਾ ਚਾਹੀਦਾ ਹੈ। ਰਾਤ ਨੂੰ ਦੁੱਧ ਪੀਣ ਨਾਲ ਓਜਸ ਨੂੰ ਬੜ੍ਹਾਵਾ ਮਿਲਦਾ ਹੈ। ਆਯੁਰਵੇਦ ਵਿਚ ਓਜਸ ਨੂੰ ਇਕ ਅਵਸਥਾ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਜਦੋਂ ਸਹੀ ਪਾਚਨ ਪ੍ਰਾਪਤ ਹੁੰਦਾ ਹੈ। ਦੁੱਧ ਪੀਣ ਨਾਲ ਚੰਗੀ ਨੀਂਦ ਆਉਂਦੀ ਹੈ। ਨਾਲ ਹੀ, ਨੀਂਦ ਦੌਰਾਨ ਐਕਟੀਵਿਟੀ ਦਾ ਪੱਧਰ ਵੀ ਘੱਟ ਹੁੰਦਾ ਹੈ, ਇਸ ਲਈ ਸਰੀਰ ਦੁੱਧ ਤੋਂ ਵੱਧ ਤੋਂ ਵੱਧ ਕੈਲਸ਼ੀਅਮ ਨੂੰ ਸੋਖ ਲੈਂਦਾ ਹੈ
ਇਕ ਦਿਨ ਵਿਚ ਕਿੰਨਾ ਦੁੱਧ ਪੀਣਾ ਚਾਹੀਦਾ?
ਤੁਸੀਂ ਪੂਰੇ ਦਿਨ ਵਿਚ ਆਰਾਮ ਨਾਲ 2 ਤੋਂ 3 ਕੱਪ ਦੁੱਧ ਪੀ ਸਕਦੇ ਹੋ, ਪਰ ਇਸ ਦੇ ਨਾਲ ਹੀ ਯਾਦ ਰੱਖੋ ਕਿ ਕਿਸੇ ਵੀ ਚੀਜ਼ ਦੀ ਜ਼ਿਆਦਾ ਮਾਤਰਾ ਨੁਕਸਾਨਦੇਹ ਹੋ ਸਕਦੀ ਹੈ। ਜੇਕਰ ਤੁਸੀਂ ਫੁੱਲ-ਕ੍ਰੀਮ ਦੁੱਧ ਪੀ ਰਹੇ ਹੋ ਤਾਂ ਇੱਕ ਜਾਂ ਦੋ ਕੱਪ ਤੋਂ ਵੱਧ ਨਾ ਪੀਓ, ਨਹੀਂ ਤਾਂ ਇਸ ਨਾਲ ਭਾਰ ਵਧ ਸਕਦਾ ਹੈ।
ਦੁੱਧ ਨੂੰ ਕਿਵੇਂ ਸੁਆਦੀ ਬਣਾਇਆ ਜਾ ਸਕਦਾ ਹੈ?
ਹੁਤ ਘੱਟ ਲੋਕ ਹਨ ਜੋ ਸਾਦਾ ਦੁੱਧ ਪਸੰਦ ਕਰਦੇ ਹਨ। ਇਹੀ ਵਜ੍ਹਾ ਹੈ ਕਿ ਮਿਲਕ ਸ਼ੇਕ, ਫਰੂਟ ਸ਼ੇਕ ਬਹੁਤ ਮਸ਼ਹੂਰ ਹਨ। ਹਾਲਾਂਕਿ, ਆਯੁਰਵੇਦ ਦੀ ਮੰਨੀਏ ਤਾਂ ਦੁੱਧ ਜਾਂ ਦਹੀਂ ਵਿਚ ਕਦੀ ਵੀ ਫਲਾਂ ਨੂੰ ਮਿਲਾ ਕੇ ਨਹੀਂ ਪੀਣਾ ਚਾਹੀਦਾ। ਮੰਨਿਆ ਜਾਂਦਾ ਹੈ ਕਿ ਫਲ ਦੁੱਧ ਨਾਲ ਮਿਲ ਕੇ ਗੈਸ ਪੈਦਾ ਕਰਦੇ ਹਨ, ਇਹ ਜ਼ਹਿਰੀਲੇ ਤੱਤ ਸਾਈਨਸ, ਜ਼ੁਕਾਮ, ਖੰਘ ਤੇ ਐਲਰਜੀ ਦਾ ਕਾਰਨ ਬਣਦੇ ਹਨ। ਤੁਸੀਂ ਦੁੱਧ ਵਿਚ ਕੁਦਰਤੀ ਫਲੇਵਰ, ਚੀਨੀ, ਗੁੜ, ਸ਼ਹਿਦ, ਖਜ਼ੂਰ ਜਾਂ ਹਲਦੀ ਮਿਲਾ ਕੇ ਪੀ ਸਕਦੇ ਹੋ। ਬੱਚਿਆਂ ਲਈ ਦੁੱਧ ਵਿੱਚ ਚਾਕਲੇਟ ਪਾਊਡਰ ਮਿਲਾਇਆ ਜਾ ਸਕਦਾ ਹੈ।
ਦੁੱਧ ਪੀਣ ਦਾ ਸਹੀ ਤਰੀਕਾ ਕੀ ਹੈ?
ਆਯੁਰਵੇਦ ਵਿਚ ਦੁੱਧ ਵਿਚ ਫਲਾਂ ਨੂੰ ਮਿਲਾਉਣ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ। ਅਜਿਹੇ ‘ਚ ਸਵਾਲ ਇਹ ਹੈ ਕਿ ਫਿਰ ਦੁੱਧ ਪੀਣ ਦਾ ਸਹੀ ਤਰੀਕਾ ਕੀ ਹੈ? ਦੁੱਧ ਚਾਹੇ ਠੰਢਾ ਹੋਵੇ ਜਾਂ ਗਰਮ, ਦੋਵੇਂ ਤਰ੍ਹਾਂ ਨਾਲ ਸਰੀਰ ਨੂੰ ਲਾਭ ਪਹੁੰਚਾਉਂਦਾ ਹੈ, ਪਰ ਇਸ ਨਾਲ ਦਾ ਵੀ ਫਰਕ ਪੈਂਦਾ ਹੈ ਕਿ ਤੁਸੀਂ ਕਿਸ ਸਮੇਂ ਦੁੱਧ ਪੀ ਰਹੇ ਹੋ। ਜੇਕਰ ਤੁਸੀਂ ਦਿਨ ਦੇ ਸਮੇਂ ਦੁੱਧ ਪੀ ਰਹੇ ਹੋ ਤਾਂ ਤੁਸੀਂ ਇਸਨੂੰ ਠੰਢਾ ਜਾਂ ਗਰਮ ਪੀ ਸਕਦੇ ਹੋ। ਜਦੋਂ ਕਿ ਜੇਕਰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਪੀ ਰਹੇ ਹੋ, ਤਾਂ ਸਿਰਫ ਕੋਸਾ ਜਾਂ ਗਰਮ ਦੁੱਧ ਹੀ ਪੀਓ। ਰਾਤ ਨੂੰ ਠੰਢਾ ਦੁੱਧ ਪੀਣ ਨਾਲ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ, ਜਿਸ ਕਾਰਨ ਤੁਹਾਡੀ ਨੀਂਦ ਖਰਾਬ ਹੋ ਸਕਦੀ ਹੈ।