ਸਰੀਰ ਉੱਤੇ ਦਾਗ, ਖਾਜ ਜਾਂ ਖੁਰਕ ਹੋਣਾ ਕੋਈ ਆਮ ਗੱਲ ਨਹੀਂ ਹੁੰਦੀ। ਬਹੁਤੇ ਲੋਕ ਇਸ ਨੂੰ ਬਾਹਰੀ ਕਾਰਨ ਸਮਝਕੇ ਅਣਗੌਲਿਆ ਕਰ ਦਿੰਦੇ ਹਨ ਜਾਂ ਕਿਸੇ ਘਰੇਲੂ ਨੁਸਖੇ ਆਦਿ ਨਾਲ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰਦੇ ਹਨ। ਪਰ ਸਰੀਰ ਉੱਤੇ ਹੁੰਦੀ ਖੁਰਕ ਦਾ ਕਾਰਨ ਫੰਗਲ ਇਨਫੈਕਸ਼ਨ (Fungal infection) ਵੀ ਹੋ ਸਕਦੀ ਹੈ। ਫੰਗਲ ਇਨਫੈਕਸ਼ਨ ਇਕ ਅਜਿਹੀ ਸਥਿਤੀ ਜੋ ਅੰਤ ਵਿਚ ਮੌਤ ਦਾ ਕਾਰਨ ਵੀ ਬਣ ਸਕਦੀ ਹੈ। ਹਾਲ ਹੀ ਵਿਚ ਯੂਨੀਵਰਸਿਟੀ ਆਫ਼ ਮੈਨਚੇਸਟਰ (University of Manchester) ਦੇ ਕੁਝ ਵਿਗਿਆਨੀਆਂ ਨੇ ਫੰਗਲ ਇਨਫੈਕਸ਼ਨ ਉੱਤੇ ਅਧਿਐਨ ਕੀਤਾ ਹੈ। ਇਸ ਅਧਿਐਨ ਰਾਹੀਂ ਦੱਸਿਆ ਗਿਆ ਕਿ ਹਰ ਸਾਲ ਦੁਨੀਆਂ ਭਰ ਵਿਚ 38 ਲੱਖ ਮੌਤਾਂ ਫੰਗਲ ਇਨਫੈਕਸ਼ਨ ਦੇ ਕਾਰਨ ਹੁੰਦੀਆਂ ਹਨ ਜੋ ਕਿ ਕੁੱਲ ਮੌਤਾਂ ਦਾ 6.8 ਪ੍ਰਤੀਸ਼ਤ ਹਨ। ਫੰਗਲ ਇਨਫੈਕਸ਼ਨਾਂ ਤਾਂ ਕਈ ਪ੍ਰਕਾਰ ਦੀਆਂ ਹਨ, ਪਰ ਸਭ ਤੋਂ ਵੱਧ ਹੋਣ ਵਾਲੀ ਤੇ ਘਾਤਕ ਹੈ, ਕੈਂਡਿਡਾ ਫੰਗਸ (candida fungus)। ਕੈਂਡਿਡਾ ਫੰਗਸ ਹਰ ਸਾਲ 15 ਲੱਖ ਲੋਕਾਂ ਦੀ ਮੌਤ ਦਾ ਕਾਰਨ ਬਣਦੀ ਹੈ। ਸੋ ਆਓ ਤੁਹਾਨੂੰ ਦੱਸੀਏ ਕਿ ਕੈਂਡਿਡਾ ਫੰਗਸ ਕੀ ਹੈ, ਇਸ ਦੇ ਲੱਛਣ ਕੀ ਹਨ ਤੇ ਇਸ ਦਾ ਇਲਾਜ ਕਿਵੇਂ ਹੁੰਦਾ ਹੈ-
ਕੈਂਡਿਡਾ ਫੰਗਸ
ਕੈਂਡਿਡਾ ਇਕ ਜਾਨਲੇਵਾ ਫੰਗਸ ਹੈ। ਜਦ ਇਹ ਮਨੁੱਖੀ ਸਰੀਰ ਵਿਚ ਘੁਸਦੀ ਹੈ ਤਾਂ ਇਸ ਨਾਲ ਕੈਂਡਿਡਾਈਸਿਸ (candidiasis) ਨਾਮ ਦੀ ਬਿਮਾਰੀ ਹੋ ਜਾਂਦੀ ਹੈ। ਇਸ ਕਾਰਨ ਗਲਾ, ਆਂਦਰਾਂ, ਮੂੰਹ ਤੇ ਗੁਪਤ ਅੰਗ ਸਭ ਤੋਂ ਪਹਿਲਾਂ ਪ੍ਰਭਾਵਿਤ ਹੁੰਦੇ ਹਨ। ਇਸ ਨਾਲ ਤੇਜ਼ ਖਾਰਸ਼ ਹੁੰਦੀ ਹੈ। ਜੇਕਰ ਸਮੇਂ ਤੇ ਇਲਾਜ ਨਾ ਕੀਤਾ ਜਾਵੇ ਤਾਂ ਇਹ ਫੰਗਸ ਕਿਡਨੀ, ਦਿਲ ਤੇ ਦਿਮਾਗ਼ ਤੱਕ ਪਹੁੰਚ ਜਾਂਦੀ ਹੈ।
ਕੈਂਡਿਡਾ ਫੰਗਸ ਫੈਲਣ ਦੇ ਲੱਛਣ
ਕੈਂਡਿਡਾ ਫੰਗਸ ਦੀ ਸ਼ੁਰੂਆਤ ਸਾਡੀ ਚਮੜੀ ਤੋਂ ਹੁੰਦੀ ਹੈ। ਇਸ ਨਾਲ ਚਮੜੀ ਉੱਤੇ ਛੋਟੇ ਛੋਟੇ ਰੈਸ਼ੇਜ਼ ਹੋਣ ਲਗਦੇ ਹਨ। ਕਈ ਥਾਵਾਂ ਉੱਤੇ ਲਾਲ ਚਕਤੇ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸ ਕਾਰਨ ਖੁਰਕ ਹੁੰਦੀ ਹੈ। ਔਰਤਾਂ ਵਿਚ ਵਾਇਟ ਡਿਸਚਾਰਜ ਦੀ ਸਮੱਸਿਆ ਆਉਣ ਲਗਦੀ ਹੈ। ਮੂੰਹ ਦਾ ਸੁਆਦ ਕੌੜਾ ਜਾਂ ਬੇਸੁਆਦਾ ਹੋ ਜਾਂਦਾ ਹੈ ਤੇ ਛਾਲੇ ਹੋਣ ਲਗਦੇ ਹਨ। ਇਸ ਸਮੇਂ ਦੌਰਾਨ ਇਸ ਦਾ ਇਲਾਜ ਨਾ ਹੋਵੇ ਤਾਂ ਇਹ ਆਂਦਰਾਂ, ਕਿਡਨੀ, ਦਿਲ ਤੇ ਉਸ ਤੋਂ ਵੀ ਅੱਗੇ ਦਿਮਾਗ਼ ਤੱਕ ਅਸਰ ਕਰਨ ਲਗਦੀ ਹੈ।
ਵਧੇਰੇ ਪ੍ਰਭਾਵਿਤ ਵਰਗ
ਕੈਂਡਿਡ ਦਾ ਖਤਰਾ ਕਮਜ਼ੋਰ ਇਮਊਨਿਟੀ ਵਾਲੇ ਲੋਕਾਂ ਨੂੰ ਵਧੇਰੇ ਹੁੰਦਾ ਹੈ। ਇਸ ਦੇ ਨਾਲ ਹੀ ਨਵਜੰਮੇ ਬੱਚਿਆਂ ਤੇ ਬਜ਼ੁਰਗਾਂ ਨੂੰ ਇਸ ਫੰਗਸ ਇਨਫੈਕਸ਼ਨ ਦਾ ਖਤਰਾ ਵਧੇਰੇ ਹੁੰਦਾ ਹੈ। ਗਰਭਵਤੀ ਔਰਤਾਂ, ਹਸਪਤਾਲਾਂ ਵਿਚ ਕੰਮ ਕਰਨ ਵਾਲੇ ਕਰਮਚਾਰੀ ਅਤੇ ਸ਼ੂਗਰ ਪੀੜਤ ਵੀ ਇਸ ਬਿਮਾਰੀ ਤੋਂ ਵਧੇਰੇ ਪ੍ਰਭਾਵਿਤ ਹੁੰਦੇ ਹਨ।
ਇਲਾਜ ਦਾ ਤਰੀਕਾ
ਇਲਾਜ ਕਰਨ ਦਾ ਪਹਿਲਾ ਪੜਾਅ ਹੈ, ਬਿਮਾਰੀ ਦੀ ਨਿਸ਼ਾਨਦੇਹੀ ਕਰਨਾ। ਇਸ ਲਈ ਖੂਨ ਦਾ ਇਕ ਟੈਸਟ ਹੁੰਦਾ ਹੈ, ਜਿਸ ਦੇ ਆਧਾਰ ਉੱਤੇ ਪਤਾ ਲਗਾਇਆ ਜਾਂਦਾ ਹੈ ਕਿ ਕੈਂਡਿਡਾਈਸਿਸ ਹੈ ਜਾਂ ਨਹੀਂ। ਇਸ ਟੈਸਟ ਦੇ ਰਾਹੀਂ ਫੰਗਸ ਦੇ ਹੋਣ ਅਤੇ ਇਸ ਦੇ ਪ੍ਰਕਾਰ ਆਦਿ ਬਾਰੇ ਜਾਣਕਾਰੀ ਮਿਲਦੀ ਹੈ। ਇਸ ਆਧਾਰ ਉੱਤੇ ਦਵਾਈ, ਇੰਨਜੈਕਸ਼ਨ ਤੇ ਕ੍ਰੀਮ ਆਦਿ ਨਾਲ ਇਲਾਜ ਕੀਤਾ ਜਾਂ ਹੈ। ਸਮੇਂ ਸਿਰ ਡਾਕਟਰੀ ਸਹਾਇਤਾ ਲੈ ਲਈ ਜਾਵੇ ਤਾਂ ਕੈਂਡਿਡਾ ਫੰਗਸ ਦਾ ਇਲਾਜ ਹੋ ਜਾਂਦਾ ਹੈ।