ਇਸ ਵਾਰ ਮੌਨਸੂਨ ਉੱਤਰੀ ਭਾਰਤ ਉੱਪਰ ਪੂਰੀ ਤਰ੍ਹਾਂ ਮਿਹਰਬਾਨ ਹੈ। ਹੁਣ ਤੱਕ ਮੌਨਸੂਨ ਨਾਲ ਹਿਮਾਚਲ ਪ੍ਰਦੇਸ਼ ਵਿੱਚ 90 ਫੀਸਦੀ ਤੇ ਪੰਜਾਬ ਵਿੱਚ 64 ਫੀਸਦੀ ਜ਼ਿਆਦਾ ਬਾਰਸ਼ ਹੋਈ ਹੈ। ਇਸ ਬਾਰਸ਼ ਨੇ ਵੱਡੀ ਤਬਾਹੀ ਵੀ ਮਚਾਈ ਹੈ। ਪੰਜਾਬ ਦੇ 19 ਜ਼ਿਲ੍ਹਿਆਂ ਦੇ 1432 ਪਿੰਡ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ। ਸੂਬੇ ਵਿੱਚ ਹੁਣ ਤੱਕ 38 ਲੋਕਾਂ ਦੀ ਮੌਤ ਹੋਈ ਹੈ।
ਮੌਸਮ ਵਿਭਾਗ ਨੇ ਅਜੇ ਵੀ ਅਲਰਟ ਜਾਰੀ ਕੀਤਾ ਹੈ। ਪੰਜਾਬ ‘ਚ ਮੌਨਸੂਨ ਅਜੇ ਵੀ ਐਕਟਿਵ ਹੈ। ਮੌਸਮ ਵਿਭਾਗ ਨੇ 22 ਤੱਕ ਹਲਕੀ ਤੋਂ ਦਰਮਿਆਨੀ ਬਾਰਸ਼ ਦੇ ਨਾਲ-ਨਾਲ ਗਰਜ ਤੇ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ‘ਚ ਵੀ ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਤੱਕ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਅਗਲੇ 3 ਦਿਨਾਂ ਤੱਕ ਮੱਧ ਪ੍ਰਦੇਸ਼, ਗੁਜਰਾਤ, ਰਾਜਸਥਾਨ, ਮਹਾਰਾਸ਼ਟਰ, ਗੋਆ ਤੇ ਛੱਤੀਸਗੜ੍ਹ ‘ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਮੌਨਸੂਨ ਨਾਲ ਹੁਣ ਤੱਕ ਦੇਸ਼ ਵਿੱਚ ਮੀਂਹ ਦਾ ਕੋਟਾ ਪੂਰਾ ਹੋ ਚੁੱਕਾ ਹੈ। ਕੁੱਲ 312.6 ਮਿਲੀਮੀਟਰ ਮੀਂਹ ਪਿਆ ਹੈ, ਜਦਕਿ ਔਸਤ ਅੰਕੜਾ 313.9 ਮਿਲੀਮੀਟਰ ਹੈ। ਉਂਝ ਇਸ ਵਾਰ ਦੱਖਣੀ ਰਾਜਾਂ ਜਿੱਥੋਂ ਮਾਨਸੂਨ ਦਾਖਲ ਹੋਇਆ ਹੈ, ਵਿੱਚ ਸਭ ਤੋਂ ਘੱਟ ਮੀਂਹ ਪਿਆ ਹੈ। ਮੌਨਸੂਨ ਰਾਜਸਥਾਨ, ਪੰਜਾਬ, ਹਰਿਆਣਾ ‘ਤੇ ਸਭ ਤੋਂ ਵੱਧ ਮਿਹਰਬਾਨ ਰਿਹਾ ਹੈ।
ਮੌਨਸੂਨ ਨੇ ਹਿਮਾਚਲ ਤੇ ਉੱਤਰਾਖੰਡ ਵਿੱਚ ਵੀ ਤਬਾਹੀ ਮਚਾਈ ਹੈ। ਹੁਣ ਤੱਕ ਹਿਮਾਚਲ ਵਿੱਚ ਔਸਤ ਨਾਲੋਂ 90% ਵੱਧ ਮੀਂਹ ਪਿਆ ਹੈ, ਜਦੋਂਕਿ ਉੱਤਰਾਖੰਡ ਵਿੱਚ 24% ਵੱਧ ਮੀਂਹ ਪਿਆ ਹੈ। ਦਿਲਚਸਪ ਗੱਲ ਇਹ ਹੈ ਕਿ ਪੱਛਮੀ ਰਾਜਸਥਾਨ ਵਿੱਚ ਇਨ੍ਹਾਂ ਦੋਵਾਂ ਰਾਜਾਂ ਨਾਲੋਂ ਦੁੱਗਣੀ ਬਾਰਸ਼ ਹੋਈ। ਇੱਥੇ ਔਸਤ ਨਾਲੋਂ 157% ਵੱਧ ਮੀਂਹ ਪਿਆ ਹੈ।
ਐਸਬੀਆਈ ਦੀ ਖੋਜ ਰਿਪੋਰਟ ਈਕੋਰੈਪ ਅਨੁਸਾਰ, ਬਿਪਰਜੋਏ ਤੇ ਮੌਨਸੂਨ ਦੇ ਹੜ੍ਹਾਂ ਕਾਰਨ ਦੇਸ਼ ਨੂੰ 10,000-15,000 ਕਰੋੜ ਰੁਪਏ ਦਾ ਆਰਥਿਕ ਨੁਕਸਾਨ ਹੋਇਆ ਹੈ। ਰਿਪੋਰਟ ਅਨੁਸਾਰ, 2022 ਵਿੱਚ ਕੁਦਰਤੀ ਆਫ਼ਤਾਂ ਨਾਲ ਵਿਸ਼ਵ ਪੱਧਰ ‘ਤੇ $ 273 ਬਿਲੀਅਨ ਦਾ ਆਰਥਿਕ ਨੁਕਸਾਨ ਹੋਣ ਦੀ ਸੰਭਾਵਨਾ ਹੈ।