ਦੇਸ਼ ਦੇ ਕਈ ਹਿੱਸਿਆਂ ਵਿਚ ਮੀਂਹ ਕਹਿਰ ਬਣ ਕੇ ਵਰ੍ਹ ਰਿਹਾ ਹੈ। ਉੱਤਰੀ-ਪੱਛਮੀ ਭਾਰਤ ਦੇ ਕਈ ਖੇਤਰਾਂ ਵਿਚ ਅਗਲੇ ਕੁਝ ਦਿਨਾਂ ਵਿਚ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ (IMD) ਅਨੁਸਾਰ ਅਗਲੇ ਚਾਰ ਤੋਂ ਪੰਜ ਦਿਨਾਂ ਦੌਰਾਨ (Monsoon Update) ਉੱਤਰ-ਪੱਛਮੀ, ਪੂਰਬੀ ਅਤੇ ਉੱਤਰ-ਪੂਰਬੀ ਭਾਰਤ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਦੱਸਣਯੋਗ ਹੈ ਕਿ ਦੱਖਣੀ-ਪੱਛਮੀ ਮਾਨਸੂਨ ਪੱਛਮੀ ਰਾਜਸਥਾਨ ਅਤੇ ਹਰਿਆਣਾ ਦੇ ਕੁਝ ਹੋਰ ਹਿੱਸਿਆਂ, ਉੱਤਰ ਪ੍ਰਦੇਸ਼ ਦੇ ਬਾਕੀ ਹਿੱਸਿਆਂ, ਪੰਜਾਬ ਦੇ ਕੁਝ ਹੋਰ ਹਿੱਸਿਆਂ ਅਤੇ ਹਿਮਾਚਲ ਪ੍ਰਦੇਸ਼ ਅਤੇ ਜੰਮੂ ਦੇ ਬਾਕੀ ਹਿੱਸਿਆਂ ਵਿਚ ਅੱਗੇ ਵਧਿਆ ਹੈ।
ਆਈ.ਐਮ.ਡੀ .ਦੇ ਅਨੁਸਾਰ ਅਗਲੇ 2-3 ਦਿਨਾਂ ਦੌਰਾਨ ਪੱਛਮੀ ਰਾਜਸਥਾਨ, ਹਰਿਆਣਾ-ਚੰਡੀਗੜ੍ਹ ਅਤੇ ਪੰਜਾਬ ਵਿਚ ਦੱਖਣ-ਪੱਛਮੀ ਮਾਨਸੂਨ ਦੇ ਅੱਗੇ ਵਧਣ ਲਈ ਹਾਲਾਤ ਅਨੁਕੂਲ ਹਨ।
ਮੌਸਮ ਵਿਭਾਗ ਅਨੁਸਾਰ 3 ਅਤੇ 4 ਜੁਲਾਈ ਨੂੰ ਪੰਜਾਬ ‘ਚ ਵੱਖ-ਵੱਖ ਥਾਵਾਂ ‘ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। 1 ਤੋਂ 3 ਜੁਲਾਈ ਦੌਰਾਨ ਦਿੱਲੀ, 4 ਜੁਲਾਈ ਨੂੰ ਹਰਿਆਣਾ-ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਵਿੱਚ 3 ਅਤੇ 4 ਜੁਲਾਈ, ਪੂਰਬੀ ਰਾਜਸਥਾਨ ਵਿੱਚ 2 ਜੁਲਾਈ ਤੋਂ 4 ਜੁਲਾਈ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। 1 ਤੋਂ 2 ਜੁਲਾਈ ਤੱਕ ਹਿਮਾਚਲ ਪ੍ਰਦੇਸ਼ ਵਿਚ ਵੱਖ-ਵੱਖ ਥਾਵਾਂ ‘ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਦਿੱਲੀ ਵਿਚ ਮੀਂਹ ਦਾ ਅਲਰਟ
ਦੇਸ਼ ਦੀ ਰਾਜਧਾਨੀ ਦਿੱਲੀ ਦੇ ਮੌਸਮ ਦੀ ਗੱਲ ਕਰੀਏ ਤਾਂ ਇੱਥੇ ਗਰਮੀ ਤੋਂ ਰਾਹਤ ਮਿਲੀ ਹੈ। ਮੌਸਮ ਵਿਭਾਗ ਨੇ ਦਿੱਲੀ ‘ਚ ‘ਔਰੇਂਜ ਅਲਰਟ’ ਜਾਰੀ ਕੀਤਾ ਹੈ ਅਤੇ 2 ਜੁਲਾਈ ਤੱਕ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਆਈਐਮਡੀ ਨੇ ਸੋਮਵਾਰ ਅਤੇ ਮੰਗਲਵਾਰ ਨੂੰ ਰਾਜਧਾਨੀ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਵਿਭਾਗ ਨੇ ਇਹ ਵੀ ਕਿਹਾ ਕਿ ਦਿੱਲੀ ਅਤੇ ਇਸ ਦੇ ਨਾਲ ਲੱਗਦੇ ਰਾਜਾਂ ‘ਚ ਕੁਝ ਥਾਵਾਂ ‘ਤੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਸਕਾਈਮੇਟ ਵੈਦਰ ਅਨੁਸਾਰ ਅਗਲੇ 24 ਘੰਟਿਆਂ ਦੌਰਾਨ ਦੱਖਣੀ ਗੁਜਰਾਤ, ਤੱਟਵਰਤੀ ਕਰਨਾਟਕ, ਕੋਂਕਣ ਅਤੇ ਗੋਆ, ਅਰੁਣਾਚਲ ਪ੍ਰਦੇਸ਼, ਉੱਤਰ-ਪੂਰਬੀ ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਉੱਤਰੀ ਮੱਧ ਪ੍ਰਦੇਸ਼ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋ ਸਕਦੀ ਹੈ। ਦਿੱਲੀ, ਬਿਹਾਰ, ਸਿੱਕਮ, ਅਸਾਮ, ਉਪ-ਹਿਮਾਲੀਅਨ ਪੱਛਮੀ ਬੰਗਾਲ, ਤੇਲੰਗਾਨਾ, ਅੰਦਰੂਨੀ ਕਰਨਾਟਕ, ਕੇਰਲ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਅਤੇ ਕੁਝ ਥਾਵਾਂ ‘ਤੇ ਭਾਰੀ ਮੀਂਹ ਪੈ ਸਕਦਾ ਹੈ।