ਬਟਾਲਾ ਪੁਲਿਸ ਦੇ ਅਧੀਨ ਪੈਂਦੇ ਪਿੰਡ ਸਮਰਾਏ ਵਿੱਚ ਇੱਕ ਨਸ਼ੇੜੀ ਪੁੱਤਰ ਵੱਲੋਂ ਆਪਣੀ ਮਾਂ ਦੀ ਡੰਡਿਆਂ ਨਾਲ ਕੁੱਟ-ਕੁੱਟ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਆਪਣੀ ਮਾਂ ਕੋਲੋਂ ਜਬਰਨ ਪੈਸੇ ਮੰਗਣ ਦਾ ਸੀ। ਕਾਤਲ ਪੁੱਤਰ ਫਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਕੇਸ ਦਰਜ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਘਾਟਨ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕਾ ਦੇ ਪੁੱਤਰ ਰਛਪਾਲ ਸਿੰਘ ਪੁੱਤਰ ਮੰਗਤ ਰਾਮ ਤੇ ਬੇਟੀ ਵਾਸੀ ਸਮਰਾਏ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਮੇਰੀ ਮਾਤਾ ਜਸਬੀਰ ਕੌਰ ਮੇਰੇ ਭਰਾ ਸਤਪਾਲ ਮਸੀਹ ਨਾਲ ਰਹਿ ਰਹੀ ਸੀ। ਸਤਪਾਲ ਮਸੀਹ ਮਾਤਾ ਜਸਬੀਰ ਕੌਰ ਕੋਲੋਂ ਜਬਰਨ ਪੈਸੇ ਦੀ ਮੰਗ ਕਰ ਰਿਹਾ ਸੀ।
ਮਾਤਾ ਵੱਲੋਂ ਪੈਸੇ ਨਾ ਦੇਣ ਕਾਰਨ ਸਤਪਾਲ ਮਸੀਹ ਨੇ ਮਾਤਾ ਦੀ ਡੰਡਿਆਂ ਨਾਲ ਕੁੱਟ ਮਾਰ ਕੀਤੀ ਜਿਸ ਨਾਲ ਮਾਤਾ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਕਾਤਲ ਭਰਾ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।
ਉੱਥੇ ਹੀ ਸਬੰਧਤ ਥਾਣਾ ਦੇ ਐਸਐਚਓ ਇੰਸਪੈਕਟਰ ਬਲਜੀਤ ਕੌਰ ਨੇ ਦੱਸਿਆ ਹੈ ਕਿ ਰਸ਼ਪਾਲ ਸਿੰਘ ਪੁੱਤਰ ਮੰਗਤ ਰਾਮ ਦੇ ਬਿਆਨਾਂ ਦੇ ਅਧਾਰ ਤੇ ਥਾਣਾ ਸ਼੍ਰੀ ਹਰਗੋਬਿੰਦਪੁਰ ਵਿੱਚ ਮੁਕੱਦਮਾ ਨੰਬਰ 100 ਧਾਰਾ 302 ਆਈਪੀਸੀ ਤਹਿਤ ਕੇਸ ਦਰਜ ਕਰਕੇ ਪੁਲਿਸ ਵੱਲੋਂ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਫਰਾਰ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।