Madhya Pradesh govt crisis: ਮੱਧ ਪ੍ਰਦੇਸ਼ ਵਿੱਚ ਰਾਜਨੀਤਿਕ ਉਥਲ-ਪੁਥਲ ਦੇ ਵਿਚਕਾਰ ਕਾਂਗਰਸ ਦੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਅੱਜ ਯਾਨੀ ਕਿ ਬੁੱਧਵਾਰ ਸਵੇਰੇ ਬੈਂਗਲੁਰੂ ਪਹੁੰਚੇ । ਜਿੱਥੇ ਪੁਲਿਸ ਨੇ ਉਨ੍ਹਾਂ ਨੂੰ ਸਾਵਧਾਨੀ ਵਜੋਂ ਹਿਰਾਸਤ ਵਿੱਚ ਲੈ ਲਿਆ ਹੈ । ਉਹ ਰਾਮਦਾ ਹੋਟਲ ਨੇੜੇ ਧਰਨੇ ‘ਤੇ ਬੈਠ ਗਏ ਸੀ । ਦੱਸ ਦੇਈਏ ਕਿ ਇਸ ਹੋਟਲ ਵਿੱਚ ਕਾਂਗਰਸ ਦੇ 21 ਵਿਧਾਇਕ ਹਨ । ਬੈਂਗਲੁਰੂ ਪਹੁੰਚਣ ‘ਤੇ ਕਾਂਗਰਸ ਦੇ ਪ੍ਰਧਾਨ ਡੀ ਕੇ ਸ਼ਿਵਕੁਮਾਰ ਦਿਗਵਿਜੇ ਸਿੰਘ ਨੂੰ ਹਵਾਈ ਅੱਡੇ ਤੋਂ ਲੈਣ ਲਈ ਪਹੁੰਚੇ ਸਨ ।
ਇਸ ਮਾਮਲੇ ਵਿੱਚ ਦਿਗਵਿਜੇ ਨੇ ਕਿਹਾ ਕਿ ਮੈਂ ਮੱਧ ਪ੍ਰਦੇਸ਼ ਤੋਂ ਰਾਜ ਸਭਾ ਦਾ ਉਮੀਦਵਾਰ ਹਾਂ ਤੇ ਚੋਣਾਂ 26 ਮਾਰਚ ਨੂੰ ਹੋਣੀਆਂ ਹਨ । ਮੇਰੇ ਵਿਧਾਇਕ ਇਥੇ ਰੱਖੇ ਗਏ ਹਨ, ਉਹ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਹਨ । ਉਨ੍ਹਾਂ ਕਿਹਾ ਕਿ ਮੇਰੇ ਵਿਧਾਇਕਾਂ ਦੇ ਫੋਨ ਖੋਹ ਲਏ ਗਏ ਹਨ । ਉਨ੍ਹਾਂ ਕਿਹਾ ਕਿ ਵਿਧਾਇਕਾਂ ਦੀ ਸੁਰੱਖਿਆ ਨੂੰ ਖਤਰਾ ਦੱਸ ਕੇ ਪੁਲਿਸ ਮੈਨੂੰ ਉਨ੍ਹਾਂ ਨਾਲ ਗੱਲ ਕਰਨ ਦੀ ਇਜਾਜ਼ਤ ਨਹੀਂ ਦੇ ਰਹੀ ਹੈ । ਉੱਥੇ ਹੀ ਦੂਜੇ ਪਾਸੇ ਸੁਪਰੀਮ ਕੋਰਟ ਵਿੱਚ ਅੱਜ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਸ਼ਿਵਰਾਜ ਸਿੰਘ ਚੌਹਾਨ ਦੀ ਰਾਜ ਵਿਧਾਨ ਸਭਾ ਵਿੱਚ ਫਲੋਰ ਟੈਸਟ ਦੀ ਮੰਗ ਵਾਲੀ ਪਟੀਸ਼ਨ ‘ਤੇ ਸੁਣਵਾਈ ਹੋਵੇਗੀ ।
ਮੰਗਲਵਾਰ ਨੂੰ ਸੁਪਰੀਮ ਕੋਰਟ ਨੇ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਅਤੇ ਵਿਧਾਨ ਸਭਾ ਦੇ ਸਪੀਕਰ ਐਨ ਪੀ ਪ੍ਰਜਾਪਤੀ ਨੂੰ ਨੋਟਿਸ ਜਾਰੀ ਕੀਤਾ ਸੀ । ਜਸਟਿਸ ਡੀ ਵਾਈ ਚੰਦਰਚੂੜ ਅਤੇ ਜਸਟਿਸ ਹੇਮੰਤ ਗੁਪਤਾ ਦੀ ਅਗਵਾਈ ਵਾਲੇ ਬੈਂਚ ਨੇ ਮੁੱਖ ਮੰਤਰੀ, ਸਪੀਕਰ, ਵਿਧਾਨ ਸਭਾ ਦੇ ਪ੍ਰਮੁੱਖ ਸਕੱਤਰ, ਮੱਧ ਪ੍ਰਦੇਸ਼ ਅਤੇ ਰਾਜਪਾਲ ਨੂੰ ਨੋਟਿਸ ਜਾਰੀ ਕੀਤਾ ਸੀ । ਮੱਧ ਪ੍ਰਦੇਸ਼ ਦੇ ਰਾਜਪਾਲ ਲਾਲਜੀ ਟੰਡਨ ਦੇ ਦੂਜੀ ਵਾਰ ਨਿਰਦੇਸ਼ ਦਿੱਤੇ ਜਾਣ ਤੋਂ ਬਾਅਦ ਵੀ ਮੰਗਲਵਾਰ ਨੂੰ ਵਿਧਾਨ ਸਭਾ ਵਿੱਚ ਫਲੋਰ ਟੈਸਟ ਨਹੀਂ ਹੋਇਆ ਸੀ ।
ਟੰਡਨ ਨੇ ਪਹਿਲਾਂ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਪਹਿਲੇ ਦਿਨ ਆਪਣੇ ਸੰਬੋਧਨ ਤੋਂ ਤੁਰੰਤ ਬਾਅਦ 16 ਮਾਰਚ ਨੂੰ ਫਲੋਰ ਟੈਸਟ ਕਰਵਾਉਣ ਦਾ ਨਿਰਦੇਸ਼ ਦਿੱਤਾ ਸੀ, ਪਰ ਅਜਿਹਾ ਨਹੀਂ ਹੋਇਆ । ਉਸੇ ਦਿਨ ਸ਼ਾਮ ਨੂੰ ਉਨ੍ਹਾਂ ਨੇ ਮੰਗਲਵਾਰ ਨੂੰ ਬਹੁਮਤ ਜਾਂਚ ਦਾ ਨਿਰਦੇਸ਼ ਦਿੱਤਾ ।ਇਸ ਦੇ ਬਾਅਦ ਵੀ ਫਲੋਰ ਟੈਸਟ ਨਹੀਂ ਕੀਤਾ ਗਿਆ ਸੀ । ਮੁੱਖ ਮੰਤਰੀ ਕਮਲਨਾਥ ਨੇ ਮੰਗਲਵਾਰ ਨੂੰ ਰਾਜਪਾਲ ਨੂੰ ਇੱਕ ਪੱਤਰ ਲਿਖਿਆ ਕਿ ਫਲੋਰ ਟੈਸਟ ਕਰਵਾਉਣਾ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਹੈ, ਇਹ ਸਪੀਕਰ ਦਾ ਕੰਮ ਹੈ ।