ਅਮਰੀਕਾ ’ਚ 9/11 ਅੱਤਵਾਦੀ ਹਮਲੇ ਨੂੰ 21 ਸਾਲ ਪੂਰੇ ਹੋਣ ’ਤੇ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਲਈ ਗਈ ਹਮਲੇ ਦੀ ਤਸਵੀਰ ਸਾਂਝੀ ਕਰ ਕੇ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਇਸ ਇਤਿਹਾਸਕ ਤਸਵੀਰ ’ਚ ਮੈਨਹੱਟਨ ਖੇਤਰ ’ਚ ਵਰਲਡ ਟਰੇਡ ਟਾਵਰ ਨਾਲ ਦੋ ਜਹਾਜ਼ ਟਕਰਾਉਣ ਤੋਂ ਬਾਅਦ ਉੱਠਿਆ ਧੂੰਏਂ ਦਾ ਗ਼ੁਬਾਰ ਦਿਖਾਈ ਦੇ ਰਿਹਾ ਹੈ।
ਨਾਸਾ ਵੱਲੋਂ ਸਾਂਝੀ ਕੀਤੀ ਗਈ ਤਸਵੀਰ 11 ਸਤੰਬਰ 2001 ਦੀ ਸਵੇਰ ਨਿਊਯਾਰਕ ਸਿਟੀ ਤੋਂ ਲਈ ਗਈ ਹੈ। ਅੱਤਵਾਦੀ ਹਮਲੇ ਦੇ ਸਮੇਂ ਪੁਲਾੜ ਸਟੇਸ਼ਨ ’ਚ ਮੌਜੂਦ ਕਮਾਂਡਰ ਫਰੈਂਕ ਕਲਬਰਸਟਨ ਨੇ ਇਹ ਅਦਭੁੱਤ ਤਸਵੀਰਾਂ ਲਈਆਂ ਸਨ, ਉਹ ਪੁੁਲਾੜ ਯਾਤਰੀਆਂ ’ਚ ਇਕੱਲੇ ਅਮਰੀਕੀ ਸਨ। ਨਾਸਾ ਨੇ ਐਤਵਾਰ ਦੇਰ ਰਾਤ ਜਾਰੀ ਕੀਤੇ ਆਪਣੇ ਬਿਆਨ ’ਚ ਕਿਹਾ ਹੈ ਕਿ ਉਸ ਸਮੇਂ ਫਰੈਂਕ ਕਲਬਰਟਸਨ ਤੁਰੰਤ ਸਮਝ ਗਏ ਕਿ ਇਹ ਵਰਲਡ ਟਰੇਡ ਟਾਵਰ ’ਤੇ ਹਮਲਾ ਹੋਇਆ ਹੈ, ਉਨ੍ਹਾਂ ਨੇ ਤੁਰੰਤ ਤਸਵੀਰਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਕਿਉਂਕਿ ਉਸ ਸਮੇਂ ਅੰਤਰਰਾਸ਼ਟਰੀ ਪੁਲਾੜ ਨਿਊਯਾਰਕ ਸਿਟੀ ਖੇਤਰ ਦੇ ਉੱਪਰ ਸੀ। ਜ਼ਿਕਰਯੋਗ ਹੈ ਕਿ 11 ਸਤੰਬਰ 2001 ਨੂੰ ਵਰਲਡ ਟਰੇਡ ਟਾਵਰ ’ਤੇ ਅਲਕਾਇਦਾ ਦੇ ਹਮਲੇ ’ਚ ਵੱਖ ਵੱਖ ਦੇਸ਼ਾਂ ਦੇ ਅੰਦਾਜ਼ਨ ਤਿੰਨ ਹਜ਼ਾਰ ਲੋਕਾਂ ਦੀ ਮੌਤ ਹੋ ਗਈ ਸੀ।