29.55 F
New York, US
December 13, 2024
PreetNama
ਸਿਹਤ/Health

National Cancer Awareness Day : ਕੈਂਸਰ ਦੇ ਦੈਂਤ ਨਾਲ ਜੂਝਦਾ ਆਲਮ

ਡਰਾਉਣ ਲਈ ਕੈਂਸਰ ਦਾ ਨਾਂ ਹੀ ਕਾਫ਼ੀ ਹੈ। ਇਹ ਡਰ ਏਨਾ ਹੈ ਕਿ ਲੋਕ ਇਸ ਬਿਮਾਰੀ ਦੇ ਲੱਛਣਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਤੇ ਇਹ ਮਰਜ਼ ਖ਼ਤਰਨਾਕ ਹੋ ਜਾਂਦੀ ਹੈ। ਜੇ ਮਰੀਜ਼ ਲੱਛਣਾਂ ’ਤੇ ਗੰਭੀਰਤਾ ਨਾਲ ਧਿਆਨ ਦੇਵੇ ਤੇ ਪਤਾ ਲੱਗਦਿਆਂ ਹੀ ਇਸ ਦਾ ਇਲਾਜ ਕਰਵਾਵੇ ਤਾਂ ਕੈਂਸਰ ਪੂਰੀ ਤਰ੍ਹਾਂ ਠੀਕ ਹੋ ਸਕਦਾ ਹੈ। ਪਹਿਲੀ ਸਟੇਜ ਦੇ ਕੈਂਸਰ ਦੇ ਸੌ ਫ਼ੀਸਦੀ ਠੀਕ ਹੋਣ ਦੇ ਆਸਾਰ ਹੁੰਦੇ ਹਨ।

ਕੈਂਸਰ ਹੋਣ ਦੇ ਬਹੁਤ ਸਾਰੇ ਕਾਰਨ ਹਨ ਪਰ ਸਾਡੀ ਜੀਵਨਸ਼ੈਲੀ ’ਚ ਹੋਈ ਤਬਦੀਲੀ ਇਸ ਦਾ ਸਭ ਤੋਂ ਵੱਡਾ ਕਾਰਨ ਹੈ। ਅਸੀਂ ਬਚਪਨ ਤੋਂ ਜਿਸ ਤਰ੍ਹਾਂ ਜਿਉਂਦੇ ਆਏ ਹਾਂ, ਉਸੇ ਤਰ੍ਹਾਂ ਅੱਗੇ ਵੀ ਜਿਉਣਾ ਚਾਹੀਦਾ ਹੈ। ਸਵੇਰੇ ਛੇਤੀ ਉੱਠਣ ਤੇ ਰਾਤੀਂ ਸਮੇਂ ਸਿਰ ਸੌਣ ਦੀ ਆਦਤ ਪਾਉਣੀ ਚਾਹੀਦੀ ਹੈ। ਮਾਨਸਿਕ ਸ਼ਾਂਤੀ ਦੀ ਕਮੀ ਅੱਜ ਸਭ ਤੋਂ ਜ਼ਿਆਦਾ ਹੈ। ਲੋਕ ਤਣਾਅ ’ਚ ਹੀ ਜਿਉਣਾ ਪਸੰਦ ਕਰਨ ਲੱਗੇ ਹਨ। ਸੋਸ਼ਲ ਮੀਡੀਆ ਦੇ ਚੱਕਰ ’ਚ ਅਸੀਂ ਆਪਣਾ ਚੈਨ ਗੁਆ ਦਿੰਦੇ ਹਾਂ। ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਦੋਸਤਾਂ ਨਾਲ ਬੈਠਣ ’ਤੇ ਵੀ ਲੋਕ ਆਪਸ ’ਚ ਗੱਲ ਕਰਨ ਦੀ ਬਜਾਏ ਆਪਣੇ ਮੋਬਾਈਲ ’ਚ ਲੱਗੇ ਰਹਿੰਦੇ ਹਨ ਤੇ ਇੰਟਰਨੈੱਟ ਦੇ ਗ਼ੁਲਾਮ ਹੋ ਜਾਂਦੇ ਹਨ। ਜੇ ਅਸੀਂ ਆਪਣੀਆਂ ਭਾਵਨਾਵਾਂ ਦੂਜਿਆਂ ਨਾਲ ਸਾਂਝੀਆਂ ਨਹੀਂ ਕਰਦੇ ਤਾਂ ਸਾਡੇ ਅੰਦਰ ਅਜਿਹੇ ਫਰੀ ਆਕਸੀਡੇਟਿਵ ਰੈਡੀਕਲਜ਼ ਬਣਨ ਲੱਗਦੇ ਹਨ, ਜੋ ਹੌਲੀ-ਹੌਲੀ ਸਰੀਰ ’ਚ ਜਮ੍ਹਾਂ ਹੋਣ ਤੋਂ ਬਾਅਦ ਜੀਨਸ ਨੂੰ ਹੀ ਨੁਕਸਾਨ ਪਹੁੰਚਾਉਂਦੇ ਹਨ।ਸਰ ਦਾ ਨਾਂ ਸੁਣਦਿਆਂ ਹੀ ਪਸੀਨੇ ਛੁੱਟਣ ਲੱਗ ਜਾਂਦੇ ਹਨ।

ਕੈਂਸਰ ਤੋਂ ਪੀੜਤ ਮਰੀਜ਼ ਦੀ ਰੋਟੀ ਤਾਂ ਛੁੱਟਦੀ ਹੀ ਹੈ ਸਗੋਂ ਪੀੜਤ ਦੇ ਪਰਿਵਾਰ ਵਾਲਿਆਂ ਤੇ ਰਿਸ਼ਤੇਦਾਰਾਂ ਦੀ ਵੀ ਨੀਂਦ ਹਰਾਮ ਹੋ ਜਾਂਦੀ ਹੈ। ਫਿਰ ਜਿੰਨਾ ਕੁ ਕਿਸੇ ਦਾ ਜ਼ੋਰ ਲੱਗਦਾ ਹੈ, ਹਰ ਕੋਈ ਆਪੋ-ਆਪਣੇ ਪੱਧਰ ’ਤੇ ਇਸ ਰੋਗ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਕਈ ਵਿਚਾਰੇ ਤਾਂ ਨੀਮਾਂ-ਹਕੀਮਾਂ ਦੇ ਧੱਕੇ ਚੜ੍ਹ ਜਾਂਦੇ ਹਨ ਤੇ ਕਈ ਡਾਕਟਰਾਂ ਦੇ। ਕਈ ਇਸ ਨੂੰ ਪੂਰਬਲੇ ਕਰਮਾਂ ਦੀ ਸਜ਼ਾ ਸਮਝ ਕੇ ਸਾਧਾਂ-ਸੰਤਾਂ ਤੋਂ ਆਪਣਾ ਇਲਾਜ ਕਰਵਾਉਣਾ ਸ਼ੁਰੂ ਕਰ ਦਿੰਦੇ ਹਨ ਪਰ ਨਤੀਜਾ ਕੀ ਨਿਕਲਦਾ ਹੈ, ਸਾਨੂੰ ਸਭ ਨੂੰ ਪਤਾ ਹੈ।

ਕੀ ਹੈ ਕੈਂਸਰ ?

ਕੈਂਸਰ ਤੋਂ ਭਾਵ ਹੈ ਸਾਡੇ ਸਰੀਰ ਦੇ ਸੈੱਲਾਂ ਦਾ ਅਨਿਸ਼ਚਿਤ ਰੂਪ ’ਚ ਵਧਣਾ। ਬੇਸ਼ੱਕ ਹਰ ਪਲ ਸਾਡੇ ਸਰੀਰ ਦੇ ਸੈੱਲ ਟੁੱਟਦੇ ਤੇ ਬਣਦੇ ਹਨ ਪਰ ਜਦੋਂ ਕਿਸੇ ਹਿੱਸੇ ’ਚ ਸਰੀਰਕ ਸੈੱਲਾਂ ਦਾ ਵਧਣਾ ਇਕ ਅਨਿਸ਼ਚਿਤ ਰੂਪ ਧਾਰਨ ਕਰ ਲਵੇ ਤਾਂ ਉਸ ਨੂੰ ਕੈਂਸਰ ਕਹਿੰਦੇ ਹਨ, ਜੋ ਹੌਲੀ-ਹੌਲੀ ਆਲੇ-ਦੁਆਲੇ ਦੇ ਸੈੱਲਾਂ ਨੂੰ ਜਾਂ ਅੰਗਾਂ ਨੂੰ ਆਪਣੀ ਲਪੇਟ ’ਚ ਲੈ ਲੈਂਦਾ ਹੈ, ਜਿਸ ਨੂੰ ਅਸੀਂ ਆਮ ਤੌਰ ’ਤੇ ‘ਕੈਂਸਰ ਫੈਲ ਗਿਆ’ ਕਹਿੰਦੇ ਹਾਂ।

ਮਨੁੱਖੀ ਸਰੀਰ ਵਿਚ ਕਿਸੇ ਵੀ ਹਿੱਸੇ ਦਾ ਕੈਂਸਰ ਹੋ ਸਕਦਾ ਹੈ ਪਰ ਔਰਤਾਂ ’ਚ ਜ਼ਿਆਦਾਤਰ ਛਾਤੀ, ਬੱਚੇਦਾਨੀ ਤੇ ਅੰਡੇਦਾਨੀ ਦਾ ਕੈਂਸਰ ਆਮ ਵੇਖਣ ਨੂੰ ਮਿਲਦਾ ਹੈ। ਇਸੇ ਤਰ੍ਹਾਂ ਮਰਦਾਂ ਵਿਚ ਗਦੂਦਾਂ , ਜਿਗਰ ਤੇ ਫੇਫੜਿਆਂ ਦਾ ਕੈਂਸਰ ਆਮ ਪਾਇਆ ਜਾਂਦਾ ਹੈ। ਬਾਕੀ ਕੈਂਸਰ ਦਾ ਹੋਣਾ ਸਾਡੇ ਖਾਣ-ਪੀਣ ਤੇ ਕੰਮ ਕਰਨ ਦੇ ਢੰਗਾਂ ’ਤੇ ਵੀ ਨਿਰਭਰ ਕਰਦਾ ਹੈ। ਹੈਪੇਟਾਈਟਸ-ਸੀ ਤੇ ਏਡਜ਼ ਵਰਗੀਆਂ ਬਿਮਾਰੀਆਂ ਵੀ ਕੈਂਸਰ ਦਾ ਕਾਰਨ ਬਣ ਸਕਦੀਆਂ ਹਨ।

ਕੈਂਸਰ ਹੋਣ ਦੇ ਹਨ ਕਈ ਕਾਰਨ

ਬੇਸ਼ੱਕ ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਫਿਰ ਵੀ ਬਹੁਤ ਸਾਰੀਆਂ ਬਿਮਾਰੀਆਂ ਅਜਿਹੀਆਂ ਹਨ, ਜਿਨ੍ਹਾਂ ਦੇ ਇਲਾਜ ਦੀ ਤਾਂ ਗੱਲ ਦੂਰ, ਕਾਰਨਾਂ ਦਾ ਵੀ ਪਤਾ ਨਹੀਂ ਲੱਗਦਾ। ਇਸੇ ਤਰ੍ਹਾਂ ਕੈਂਸਰ ਦੇ ਮੁੱਖ ਕਾਰਨਾਂ ਦਾ ਤਾਂ ਅਜੇ ਤਕ ਪਤਾ ਨਹੀਂ ਲੱਗ ਸਕਿਆ ਪਰ ਫਿਰ ਵੀ ਹੇਠ ਲਿਖੇ ਕੁਝ ਕਾਰਨ ਮੰਨੇ ਗਏ ਹਨ, ਜੋ ਕੈਂਸਰ ਪੈਦਾ ਕਰ ਸਕਦੇ ਹਨ :

ਪ੍ਰਦੂਸ਼ਿਤ ਵਾਤਾਵਰਣ : ਫੈਕਟਰੀਆਂ ਦਾ ਧੂੰਆਂ, ਵਾਹਨਾਂ ਦਾ ਧੂੰਆਂ, ਪਰਾਲੀ ਸਾੜਨ ਤੋਂ ਪਿੱਛੋਂ ਪੈਦਾ ਹੋਇਆ ਪ੍ਰਦੂਸ਼ਣ ਆਦਿ, ਜਿਸ ਵਿਚ ਕੈਮੀਕਲ ਜ਼ਿਆਦਾ ਮਾਤਰਾ ਵਿਚ ਹੁੰਦੇ ਹਨ, ਨਾਲ ਕੈਂਸਰ ਹੋਣ ਦੀ ਸੰਭਾਵਨਾ ਹੁੰਦੀ ਹੈ।

ਸ਼ਰਾਬ, ਮੀਟ, ਮੱਛੀ ਤੇ ਤੰਬਾਕੂ : ਸ਼ਰਾਬ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਜਿਗਰ ਤੇ ਖਾਣੇ ਵਾਲੀ ਨਲੀ ਦਾ ਕੈਂਸਰ ਹੋਣ ਦੀ ਸੰਭਾਵਨਾ ਹੁੰਦੀ ਹੈ ਜਦੋਂਕਿ ਜ਼ਿਆਦਾਤਰ ਮੱਛੀ ਖਾਣ ਨਾਲ ਮਿਹਦੇ ਤੇ ਮੀਟ ਖਾਣ ਨਾਲ ਅੰਤੜੀਆਂ ਦਾ ਕੈਂਸਰ ਹੋ ਸਕਦਾ ਹੈ। ਸਿਗਰਟ, ਤੰਬਾਕੂ, ਜਰਦਾ, ਨਸਵਾਰ, ਹੁੱਕਾ, ਖੈਨੀ ਨਾਲ ਮਸੂੜੇ, ਮੂੰਹ, ਗਲਾ, ਫੇਫੜੇ, ਸਾਹ ਨਲੀ ਤੇ ਖਾਣੇ ਵਾਲੀ ਨਲੀ ਦਾ ਕੈਂਸਰ ਹੋਣ ਦੀ ਸੰਭਾਵਨਾ ਵਧਦੀ ਹੈ। ਕੈਡਮੀਅਮ ਤੇ ਆਰਸੈਨਿਕ ਧਾਤਾਂ ਦੀਆਂ ਫੈਕਟਰੀਆਂ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਚਮੜੀ ਜਾਂ ਫੇਫੜਿਆਂ ਦਾ ਕੈਂਸਰ ਹੋਣ ਦਾ ਖ਼ਤਰਾ ਵੱਧ ਹੁੰਦਾ ਹੈ।

ਹਾਰਮੋਨਜ਼ ਤੇ ਦਵਾਈਆਂ : ਜਿਹੜੀਆਂ ਔਰਤਾਂ ਆਪਣੇ ਬੱਚਿਆਂ ਨੂੰ ਦੁੱਧ ਚੁੰਘਾਉਣ ਤੋਂ ਗੁਰੇਜ਼ ਕਰਦੀਆਂ ਹਨ ਜਾਂ ਜਿਹੜੀਆਂ ਔਰਤਾਂ ਆਪਣੇ ਨਿੱਤ ਦੇ ਖਾਣੇ ਵਿਚ ਫੈਟ ਵਾਲੀਆਂ ਚੀਜ਼ਾਂ ਦੀ ਵਧੇਰੇ ਵਰਤੋਂ ਕਰਦੀਆਂ ਹਨ ਜਾਂ ਗਰਭ-ਰੋਕੂ ਗੋਲੀਆਂ, ਜਿਨ੍ਹਾਂ ਵਿਚ ਓਸਟਰੋਜਿਨ ਦੀ ਮਾਤਰਾ ਵਧੇਰੇ ਹੁੰਦੀ ਹੈ ਤੇ ਪਸ਼ੂਆਂ ਨੂੰ ਦੁੱਧ ਚੋਣ ਵੇਲੇ ਲਾਇਆ ਜਾਣ ਵਾਲਾ ਟੀਕਾ ਛਾਤੀ ਦਾ ਕੈਂਸਰ ਹੋਣ ਦਾ ਖ਼ਤਰਾ ਵਧਾਉਂਦਾ ਹੈ। ਬਹੁਤੀਆਂ ਤੇਜ਼ ਦਵਾਈਆਂ ਜਿਵੇਂ ਕਿ ਆਰਸੈਨਿਕ, ਬੈਨਜੀਨ ਵਗੈਰਾ ਨਾਲ ਬਲੱਡ ਦਾ ਕੈਂਸਰ ਦੀ ਸੰਭਾਵਨਾ ਵਧੇਰੇ ਹੈ।

ਪਰਾਵੈਂਗਣੀ ਕਿਰਨਾਂ : ਬਾਹਰਲੇ ਮੁਲਕਾਂ ਜਿਵੇਂ ਕੈਨੇਡਾ ਆਦਿ ਜਿੱਥੇ ਓਜ਼ੋਨ ਪਰਤ ਵਿਚ ਛੇਕ ਹੋਣ ਕਾਰਨ ਪਰਾਵੈਂਗਣੀ ਕਿਰਨਾਂ ਸਿੱਧੇ ਰੂਪ ਵਿਚ ਪੈਦਾ ਹੁੰਦੀਆਂ ਹਨ, ਉੱਥੇ ਚਮੜੀ ਦਾ ਕੈਂਸਰ ਵਧੇਰੇ ਪਾਇਆ ਜਾਂਦਾ ਹੈ।

ਇਸੇ ਤਰ੍ਹਾਂ ਮਨੁੱਖੀ ਸਰੀਰ ਦੀ ਜਾਂਚ ਕਰਨ ਲਈ ਆਈਆਂ ਆਧੁਨਿਕ ਤਕਨੀਕਾਂ ਜਿਵੇਂ ਕਿ ਐਕਸ-ਰੇਅ ਜਾਂ ਕੰਪਿਊਟਰ, ਮੋਬਾਈਲ ਤੋਂ ਪੈਦਾ ਹੋਣ ਵਾਲੀਆਂ ਤਰੰਗਾਂ ਵੀ ਕੈਂਸਰ ਨੂੰ ਸੱਦਾ ਦਿੰਦੀਆਂ ਹਨ।

ਕੀ ਕੈਂਸਰ ਸਾਰਿਆਂ ਨੂੰ ਹੋ ਸਕਦਾ ਹੈ?

ਜਿਸ ਤਰ੍ਹਾਂ ਨਾਰੀਅਲ ਦਾ ਦਰੱਖ਼ਤ ਮਾਰੂਥਲ ਵਿਚ ਨਹੀਂ ਉੱਗ ਸਕਦਾ ਜਾਂ ਨਮੀ ਵਾਲੀ ਜ਼ਮੀਨ ਵਿਚ ਛੋਲੇ ਨਹੀਂ ਹੁੰਦੇ, ਉਸੇ ਤਰ੍ਹਾਂ ਕੈਂਸਰ ਵੀ ਹਰੇਕ ਮਨੁੱਖ ਨੂੰ ਨਹੀਂ ਹੋ ਸਕਦਾ। ਜਦੋਂ ਕਿਸੇ ਮਨੁੱਖ ਅੰਦਰ ਕੈਂਸਰ ਨੂੰ ਪੈਦਾ ਕਰਨ ਤੇ ਵਧਾਉਣ-ਫੈਲਾਉਣ ਵਾਲੇ ਹਾਲਾਤ ਬਣ ਜਾਂਦੇ ਹਨ ਤਾਂ ਕੈਂਸਰ ਪੈਦਾ ਹੋ ਸਕਦਾ ਹੈ। ਉਦਾਹਰਨ ਦੇ ਤੌਰ ’ਤੇ ਅਸੀਂ ਆਪਣੇ ਰੋਜ਼ਾਨਾ ਜੀਵਨ ਵਿਚ ਵੇਖਦੇ ਹਾਂ ਕਿ ਕੀ ਸਾਰੇ ਸ਼ਰਾਬ ਪੀਣ ਵਾਲੇ ਕੈਂਸਰ ਨਾਲ ਹੀ ਮਰਦੇ ਹਨ? ਨਹੀਂ! ਕਈਆਂ ਨੂੰ ਤਾਂ ਦਿਲ ਦਾ ਦੌਰਾ ਪੈਂਦਾ ਹੈ। ਕਈਆਂ ਦੇ ਗੁਰਦੇ ਫੇਲ੍ਹ ਹੋ ਜਾਂਦੇ ਹਨ। ਕਈਆਂ ਨੂੰ ਬਰੇਨ ਹੈਮਰੇਜ਼ ਵਗੈਰਾ ਹੋ ਜਾਂਦਾ ਹੈ। ਸੋ ਇਹੀ ਕਹਿਣਾ ਵਾਜਿਬ ਹੋਵੇਗਾ ਕਿ ਜੇ ਕੋਈ ਇਨਸਾਨ ਕੈਂਸਰ ਦੀ ਖੇਤੀ ਲਈ ਜ਼ਮੀਨ ਤਿਆਰ ਕਰੀ ਬੈਠਾ ਹੈ ਤਾਂ ਹੀ ਉਸ ਜ਼ਮੀਨ ’ਤੇ ਕੈਂਸਰ ਦਾ ਬੀਜ ਉੱਗ ਸਕੇਗਾ।

ਹਰ ਗੰਢ ਜਾਂ ਰਸੌਲੀ ਨਹੀਂ ਹੁੰਦੀ ਕੈਂਸਰ

ਹਰੇਕ ਰਸੌਲੀ ਕੈਂਸਰ ਨਹੀਂ ਹੁੰਦੀ ਤੇ ਮਾਮੂਲੀ ਰਿਸਦਾ ਜ਼ਖ਼ਮ ਵੀ ਕੈਂਸਰ ਹੋ ਸਕਦਾ ਹੈ। ਅੱਜਕੱਲ੍ਹ ਕੈਂਸਰ ਦਾ ਐਨਾ ਸਹਿਮ ਲੋਕ ਮਨਾਂ ਵਿਚ ਪਾਇਆ ਜਾ ਰਿਹਾ ਹੈ ਕਿ ਜੇ ਕਿਸੇ ਦੇ ਮਾਮੂਲੀ ਜਿਹੀ ਕਿਤੇ ਕੋਈ ਗੰਢ ਬਣ ਜਾਵੇ ਤਾਂ ਝੱਟ ਮਨ ਵਿਚ ਉਲਟੇ ਖ਼ਿਆਲ ਆਉਣੇ ਸ਼ੁਰੂ ਹੋ ਜਾਂਦੇ ਹਨ। ਬਹੁਤੇ ਲੋਕੀਂ ਤਾਂ ਕੈਂਸਰ ਦਾ ਨਾਂ ਲੈਣ ਤੋਂ ਵੀ ਡਰਦੇ ਹਨ। ਉਹ ਡਾਕਟਰ ਨੂੰ ਆਪਣੀ ਭਾਸ਼ਾ ਵਿਚ ਇੰਝ ਕਹਿੰਦੇ ਹਨ ‘‘ਡਾਕਟਰ ਸਾਹਿਬ, ਮੇਰੇ ਇਹ ਗੰਢ ਬਣ ਗਈ ਹੈ। ਕਿਤੇ ਇਹ ਦੂਜਾ ਹੀ ਨਾ ਹੋਵੇ?’’

ਮਤਲਬ ਕਿ ਕੈਂਸਰ ਦਾ ਨਾਂਲੈਣਾ ਵੀ ਬੁਰਾ ਮੰਨਿਆ ਜਾਂਦਾ ਹੈ। ਰੋਜ਼ਾਨਾ ਜੀਵਨ ਵਿਚ ਕਈ ਲੋਕ ਅਜਿਹੇ ਵੀ ਮਿਲ ਜਾਣਗੇ, ਜਿਨ੍ਹਾਂ ਨੂੰ ਕੈਂਸਰ ਤਾਂ ਨਹੀਂ ਹੁੰਦਾ ਪਰ ਉਨ੍ਹਾਂ ਅੰਦਰ ਕੈਂਸਰ ਦਾ ਡਰ ਬੈਠ ਜਾਂਦਾ ਹੈ, ਜੋ ਹੌਲੀ-ਹੌਲੀ ਤਣਾਅ ਦਾ ਸ਼ਿਕਾਰ ਹੋ ਜਾਂਦੇ ਹਨ ਕਿਉਂਕਿ ਅੱਜਕੱਲ੍ਹ ਲੋਕ ਮਨਾਂ ਵਿਚ ਕੈਂਸਰ ਦਾ ਡਰ ਸਭ ਤੋਂ ਭਿਆਨਕ ਰੂਪ ਧਾਰਨ ਕਰ ਰਿਹਾ ਹੈ। ਇਸ ਤੋਂ ਉਲਟ ਕਈ ਵਾਰ ਇਹ ਵੀ ਦੇਖਣ ਨੂੰ ਮਿਲ ਜਾਂਦਾ ਹੈ ਕਿ ਕਿਸੇ ਮਰੀਜ਼ ਦੇ ਮਾੜੀ-ਮੋਟੀ ਸੱਟ ਲੱਗ ਗਈ, ਜ਼ਖ਼ਮ ਰਿਸਦਾ ਰਿਹਾ, ਜੋ ਬਾਅਦ ਵਿਚ ਕੈਂਸਰ ਬਣ ਗਿਆ।

ਕੀ ਕੈਂਸਰ ਦਾ ਇਲਾਜ ਸੰਭਵ ਹੈ?

ਮਾਹਿਰਾਂ ਅਨੁਸਾਰ ਕੈਂਸਰ ਦੇ ਤਿੰਨ ਜਾਂ ਕਈਆਂ ਅਨੁਸਾਰ ਚਾਰ ਪੜਾਅ ਨਿਸ਼ਚਿਤ ਕੀਤੇ ਗਏ ਹਨ। ਪਹਿਲੇ ਪੜਾਅ ਵਿਚ ਕੈਂਸਰ ਜਿੱਥੇ ਉੱਗਦਾ ਹੈ, ਉੱਥੇ ਹੀ ਖੜ੍ਹਾ ਰਹਿੰਦਾ ਹੈ। ਦੂਜੇ ਪੜਾਅ ਵਿਚ ਕੈਂਸਰ ਨੇੜੇ-ਤੇੜੇ ਦੇ ਸੈੱਲਾਂ ਨੂੰ ਆਪਣੀ ਲਪੇਟ ਵਿਚ ਲੈ ਲੈਂਦਾ ਹੈ। ਤੀਜੇ ਪੜਾਅ ਵਿਚ ਜਾਂ ਕਈਆਂ ਅਨੁਸਾਰ ਚੌਥੇ ਪੜਾਅ ਵਿਚ ਕੈਂਸਰ ਫੈਲਦਾ-ਫੈਲਦਾ ਸਰੀਰ ਦੇ ਜ਼ਰੂਰੀ ਅੰਗਾਂ ਜਿਵੇਂ ਕਿ ਜਿਗਰ, ਫੇਫੜੇ ਤੇ ਫਿਰ ਹੱਡੀਆਂ ਨੂੰ ਆਪਣੀ ਲਪੇਟ ਵਿਚ ਲੈ ਲੈਂਦਾ ਹੈ। ਕੈਂਸਰ ਦਾ ਇਲਾਜ ਇਸ ਦੀ ਸਟੇਜ (ਪੜਾਅ) ’ਤੇ ਨਿਰਭਰ ਕਰਦਾ ਹੈ। ਜੇ ਤਾਂ ਕੈਂਸਰ ਪਹਿਲੇ ਪੜਾਅ ਵਿਚ ਹੈ ਤਾਂ ਇਸ ਦਾ ਇਲਾਜ ਸੰਭਵ ਹੈ ਪਰ ਕੋਈ ਕਰਮਾਂ ਵਾਲਾ ਹੀ ਹੁੰਦਾ ਹੈ, ਜਿਸ ਨੂੰ ਕੈਂਸਰ ਦੀ ਪਹਿਲੀ ਅਵਸਥਾ ਵਿਚ ਕੈਂਸਰ ਦਾ ਪਤਾ ਲੱਗ ਜਾਂਦਾ ਹੈ। ਨਹੀਂ ਤਾਂ ਸਮਾਂ ਲੰਘੇ ਤੋਂ ਹੀ ਇਸ ਦੇ ਲੱਛਣ ਆਉਣੇ ਸ਼ੁਰੂ ਹੁੰਦੇ ਹਨ।

ਵਧ ਰਹੀ ਹੈ ਮੌਤਾਂ ਦੀ ਗਿਣਤੀ

ਬੇਸ਼ੱਕ ਸੁਣਨ ਜਾਂ ਵੇਖਣ ਵਿਚ ਆਉਂਦਾ ਹੈ ਕਿ ਬਹੁਤ ਸਾਰੇ ਡਾਕਟਰ ਜਾਂ ਵੈਦ ਆਪਣੇ ਆਪ ਨੂੰ ਕੈਂਸਰ ਮਾਹਿਰ ਦੱਸ ਕੇ ਕੈਂਸਰ ਦੇ ਇਲਾਜ ਦਾ ਦਾਅਵਾ ਕਰਦੇ ਹਨ ਪਰ ਜੇ ਬਾਰੀਕੀ ਨਾਲ ਇਸ ਦੀ ਜਾਂਚ ਕੀਤੀ ਜਾਵੇ ਤਾਂ ਜੋ ਤੱਥ ਸਾਹਮਣੇ ਆਉਂਦੇ ਹਨ, ਉਹ ਬੜੇ ਨਿਰਾਸ਼ਾਜਨਕ ਹੁੰਦੇ ਹਨ। ਫ਼ਰਜ਼ ਕਰੋ ਕਿਸੇ ਡਾਕਟਰ ਜਾਂ ਵੈਦ ਕੋਲੋਂ ਕੋਈ ਇਕ ਅੱਧਾ ਕੈਂਸਰ ਦਾ ਰੋਗੀ ਠੀਕ ਹੋ ਵੀ ਗਿਆ ਤਾਂ ਉਹ ਕੈਂਸਰ ਦਾ ਮਾਹਿਰ ਬਣ ਬਹਿੰਦਾ ਹੈ। ਇੱਥੇ ਵੀ ਮੈਂ ਇਕ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਕਈ ਵਾਰ ਕਿਸੇ ਮਰੀਜ਼ ਨੂੰ ਕੈਂਸਰ ਹੁੰਦਾ ਹੀ ਨਹੀਂ। ਉਸ ਨੂੰ ਸਿਰਫ਼ ਸ਼ੱਕ ਦੇ ਘੇਰੇ ਵਿਚ ਹੀ ਕੈਂਸਰ ਦਾ ਇਲਾਜ ਸ਼ੁਰੂ ਕਰ ਦਿੱਤਾ ਜਾਂਦਾ ਹੈ। ਜਿਸ ਨੂੰ ਕੈਂਸਰ ਹੈ ਹੀ ਨਹੀਂ, ਉਸ ਨੇ ਤਾਂ ਠੀਕ ਹੋਣਾ ਹੀ ਹੈ। ਬਾਕੀ ਜਿਸ ਤਰ੍ਹਾਂ ਪਹਿਲਾਂ ਲਿਖ ਚੁੱਕੇ ਹਾਂ ਕਿ ਕੈਂਸਰ ਰੁਕ ਸਕਦਾ ਹੈ ਪਰ ਇਸ ਦਾ ਜੜ੍ਹੋਂ ਖ਼ਤਮ ਹੋਣ ਦਾ ਦਾਅਵਾ ਖੋਖਲਾ ਸਾਬਿਤ ਹੁੰਦਾ ਹੈ। ਬੇਸ਼ੱਕ ਅਜੋਕੇ ਵਿਗਿਆਨ ਨੇ ਬਹੁਤ ਖੋਜਾਂ ਕਰ ਕੇ ਕੈਂਸਰ ਦੇ ਹੱਲ ਲਈ ਨਵੀਆਂ ਤਕਨੀਕਾਂ ਕੱਢੀਆਂ ਹਨ ਪਰ ਬਹੁਤੀਆਂ ਕਾਰਗਰ ਸਾਬਿਤ ਨਹੀਂ ਹੋ ਸਕੀਆਂ। ਦਿਨ-ਬ-ਦਿਨ ਕੈਂਸਰ ਨਾਲ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੁੰਦਾ ਜਾ ਰਿਹਾ ਹੈ। ਜੇ ਇਨ੍ਹਾਂ ਤਕਨੀਕਾਂ

ਵਿਚ ਦਮ ਹੁੰਦਾ ਤਾਂ ਐਨੀਆਂ ਕੀਮਤੀ ਜਾਨਾਂ ਅਜਾਈਂ ਮੌਤ ਦੇ ਮੂੰਹ ਨਾ ਪੈਂਦੀਆਂ।

ਬਹੁਤ ਸਾਰੇ ਨੀਮ-ਹਕੀਮਾਂ ਨੇ ਚਲਾਏ ਡੇਰੇ

ਕੈਂਸਰ ਦੇ ਨਾਂ ’ਤੇ ਬਹੁਤ ਸਾਰੇ ਨੀਮ-ਹਕੀਮਾਂ ਨੇ ਆਪਣੇ ਡੇਰੇ ਚਲਾਏ ਹੋਏ ਹਨ। ਹਿਮਾਚਲ ਪ੍ਰਦੇਸ਼ ਵਿਚ ਪਹਾੜੀਆਂ ’ਤੇ ਇਕ ਸਾਧ ਰਹਿੰਦਾ ਹੈ, ਜੋ ਦਵਾਈ ਲਾ ਕੇ ਕੈਂਸਰ ਦਾ ਇਲਾਜ ਕਰਦਾ ਹੈ ਜਾਂ ਕਿਸੇ ਜਗ੍ਹਾ ਇਸ਼ਨਾਨ ਕਰ ਕੇ ਜਾਂ ਕਿਸੇ ਜਗ੍ਹਾ ਜਿੱਥੇ ਸੱਤ ਵਾਰ ਫੇਰਾ ਪਾਉਣ ਨਾਲ ਕੈਂਸਰ ਖ਼ਤਮ ਹੋਣ ਦੇ ਦਾਅਵੇ ਕਰਦਾ ਹੈ। ਮਜਬੂਰੀ ਵੱਸ ਲੋਕ ਆਪਣਾ ਇਲਾਜ ਕਰਵਾਉਣ ਲਈ ਕੁਝ ਵੀ ਕਰਨ ਨੂੰ ਤਿਆਰ ਹੁੰਦੇ ਹਨ। ਜਦ ਵੱਡੇ-ਵੱਡੇ ਹਸਪਤਾਲਾਂ ਵਿਚ ਲੁੱਟ ਕਰਵਾ ਕੇ ਕੁਝ ਵੀ ਪੱਲੇ ਨਹੀਂ ਪੈਂਦਾ ਤਾਂ ਲੋਕ ਇਨ੍ਹਾਂ ਸਾਧਾਂ-ਸੰਤਾਂ ਦੇ ਡੇਰਿਆਂ ’ਤੇ ਚੱਕਰ ਕੱਟਣ ਲਈ ਮਜਬੂਰ ਹੋ ਜਾਂਦੇ ਹਨ।

ਪੰਜਾਬ ਨੂੰ ਜਕੜ ਰਿਹਾ ਕੈਂਸਰ ਦਾ ਦੈਂਤ

ਪੰਜਾਬ ’ਚ ਕੈਂਸਰ ਜਿਸ ਤੇਜ਼ੀ ਨਾਲ ਜਾਲ ਵਿਛਾ ਰਿਹਾ ਹੈ ਉਸ ਤੋਂ ਜਾਪਦਾ ਹੈ ਕਿ ਮਾਲਵਾ ਖਿੱਤੇ ਤੋਂ ਬਾਅਦ ਦੋਆਬਾ ਅਤੇ ਮਾਝਾ ਵੀ ਇਸ ਦੀ ਲਪੇਟ ’ਚ ਆ ਜਾਣਗੇ। ਆਪੋਧਾਪੀ ਕਾਰਨ ਮਨੁੱਖ ਖ਼ੁਦ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਪੈਸੇ ਦੀ ਦੌੜ ’ਚ ਉਸ ਨੇ ਕੁਦਰਤ ਨਾਲ ਤਾਂ ਖਿਲਵਾੜ ਕੀਤਾ ਹੀ ਹੈ ਆਪਣੀ ਜੀਵਨ ਜਾਚ ਵੀ ਵਿਗਾੜੀ ਹੈ। ਅੱਜ ਕੱਲ੍ਹ ਭੱਜਦੌੜ ਭਰੀ ਜ਼ਿੰਦਗੀ ਅਤੇ ਗ਼ਲਤ ਖਾਣ-ਪੀਣ ਕਾਰਨ ਲੋਕਾਂ ਨੂੰ ਕਈ ਗੰਭੀਰ ਬਿਮਾਰੀਆਂ ਘੇਰੀ ਜਾ ਰਹੀਆਂ ਹਨ। ਇਨ੍ਹਾਂ ਵਿੱਚੋਂ ਇਕ ਹੈ ਕੈਂਸਰ। ਕੈਂਸਰ ਅੱਜ ਕੱਲ੍ਹ ਨਾਮੁਰਾਦ ਬਿਮਾਰੀਆਂ ਦੀ ਸੂਚੀ ’ਚ ਸਭ ਤੋਂ ਉੱਪਰ ਆਉਣ ਵਾਲੀ ਬਿਮਾਰੀ ਬਣ ਚੁੱਕਾ ਹੈ। ਕੈਂਸਰ ਦੀ ਇੰਨੀ ਦਹਿਸ਼ਤ ਹੈ ਕਿ ਲੋਕ ਇਸ ਨਾਮੁਰਾਦ ਬਿਮਾਰੀ ਦਾ ਨਾਂ ਲੈਣ ਤੋਂ ਵੀ ਗੁਰੇਜ਼ ਕਰਦੇ ਹਨ। ਗੱਲ ਕਰਦੇ ਸਮੇਂ ਉਹ ਇਸ ਨੂੰ ‘ਦੂਜੀ ਬਿਮਾਰੀ’ ਕਹਿੰਦੇ ਹਨ। ਇਸ ਬਿਮਾਰੀ ਨਾਲ ਹੋਣ ਵਾਲੀਆਂ ਮੌਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਕੈਂਸਰ ਦਾ ਮਰੀਜ਼ ਇਕ ਵਾਰ ਨਹੀਂ ਬਲਕਿ ਪਲ-ਪਲ ਮਰਦਾ ਹੈ ਅਤੇ ਬਹੁਤ ਹੀ ਦੁੱਖ ਭਰੀ ਜ਼ਿੰਦਗੀ ਬਤੀਤ ਕਰਦਾ ਹੈ। ਦੂਜੇ ਪਾਸੇ ਕੈਂਸਰ ਦੇ ਇਲਾਜ ਵੀ ਮਹਿੰਗੇ ਹੁੰਦੇ ਹਨ। ਜਦੋਂ ਕਿ ਹੁਣ ਕੈਂਸਰ ਲਾਇਲਾਜ ਨਹੀਂ ਹੈ ਪਰ ਰੋਗ ਦਾ ਡਰ ਅੱਜ ਵੀ ਲੋਕਾਂ ਵਿਚ ਓਨਾ ਹੀ ਬਣਿਆ ਹੋਇਆ ਹੈ। ਜੇਕਰ ਕੈਂਸਰ ਵਰਗੀ ਬਿਮਾਰੀ ਦਾ ਸ਼ੁਰੂ ਵਿਚ ਹੀ ਠੀਕ ਇਲਾਜ ਹੋ ਜਾਵੇ ਤਾਂ ਰੋਗੀ ਬਿਲਕੁਲ ਠੀਕ ਹੋ ਜਾਂਦਾ ਹੈ।

ਇਹ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਹੋ ਸਕਦਾ ਹੈ ਪਰ 30 ਸਾਲ ਦੇ ਬਾਅਦ ਇਸ ਦੇ ਹੋਣ ਦਾ ਖ਼ਤਰਾ ਜ਼ਿਆਦਾ ਵਧ ਜਾਂਦਾ ਹੈ। ਬਲੱਡ ਕੈਂਸਰ ਦੇ ਮਰੀਜਾਂ ਨੂੰ ਸ਼ੁਰੂਆਤ ’ਚ ਇਸ ਦੇ ਲੱਛਣਾਂ ਦਾ ਪਤਾ ਨਹੀਂ ਲੱਗਦਾ, ਜਿਸ ਕਾਰਨ ਇਹ ਬਿਮਾਰੀ ਗੰਭੀਰ ਰੂਪ ਧਾਰ ਲੈਂਦੀ ਹੈ। ਇਸ ਲਈ ਹਰ ਕਿਸੇ ਨੂੰ ਇਸ ਦੇ ਸ਼ੁਰੂਆਤੀ ਲੱਛਣਾਂ ਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਤਾਂ ਕਿ ਸਮਾਂ ਰਹਿੰਦੇ ਇਸ ਦਾ ਇਲਾਜ ਕਰਵਾਇਆ ਜਾ ਸਕੇ।

ਪੰਜਾਬ ਵਿਚ ਹਰ ਰੋਜ਼ ਕੈਂਸਰ ਕਾਰਨ 50-60 ਦੇੇ ਕਰੀਬ ਮੌਤਾਂ ਹੁੰਦੀਆਂ ਹਨ। ਪੰਜਾਬ ਦੇਸ਼ ਦੇ ਵਿਕਸਿਤ ਸੂਬਿਆਂ ਵਿੱਚੋਂ ਇਕ ਹੈ ਫਿਰ ਵੀ ਇੱਥੇ ਹਰ ਵਕਤ ਕੈਂਸਰ ਦਾ ਪ੍ਰੇਤ ਮੰਡਰਾ ਰਿਹਾ ਹੈ। ਖੇਤਾਂ ’ਚ ਅੰਨ੍ਹੇਵਾਹ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਹੋ ਰਹੀ ਹੈ, ਜਿਸ ਕਰਕੇ ਭੋਜਨ ਰਾਹੀਂ ਕੈਂਸਰ ਹੁੰਦਾ ਹੈ। ਮਾਹਿਰਾਂ ਦੁਆਰਾ ਪਸ਼ੂਆਂ ’ਤੇ ਕੀਤੇ ਗਏ ਪ੍ਰਯੋਗਾਂ ’ਚ ਸਾਹਮਣੇ ਆਇਆ ਹੈ ਕਿ ਖੇਤਾਂ ਵਿਚ ਕੀਟਨਾਸ਼ਕ ਦਵਾਈਆਂ ਨਾਲ ਜੋ ਵੀ ਉਗਾਇਆ ਜਾਂਦਾ ਹੈ, ਉਸ ਵਿਚ ਕਾਰਸੀਨੋਜਨਿਕ ਹੁੰਦਾ ਹੈ ਜਿਸ ਨਾਲ ਕੈਂਸਰ ਅਤੇ ਬਾਕੀ ਟਿਊਮਰ ਬਣਦੇ ਹਨ।

ਕੈਂਸਰ ਦੀਆਂ ਕਿਸਮ

ਕੈਂਸਰ ਦੀ ਮਾਰ ਹੇਠ ਸਾਡੇ ਸਰੀਰ ਦਾ ਕੋਈ ਇਕ ਅੰਗ ਹੀ ਨਹੀਂ ਆਉਂਦਾ ਬਲਕਿ ਇਹ ਸਰੀਰ ਦੇ ਕਰੀਬ ਸਾਰੇ ਅੰਗਾਂ ਨੂੰ ਆਪਣੀ ਲਪੇਟ ’ਚ ਲੈਂਦਾ ਹੈ।

ਮੂੰਹ ਦਾ ਕੈਂਸਰ

ਮੂੰਹ ਦੇ ਕੈਂਸਰ ’ਚ ਰੋਗੀ ਦੇ ਮੂੰਹ ਵਿੱਚੋਂ ਬਦਬੂ ਆਉਣੀ, ਖਾਣ ਅਤੇ ਨਿਗਲਣ ਵਿਚ ਤਕਲੀਫ਼ ਹੋਣੀ, ਮੂੰਹ ’ਚ ਛਾਲੇ ਨਿਕਲਣੇ ਅਤੇ ਉਨ੍ਹਾਂ ਦਾ ਛੇਤੀ ਠੀਕ ਨਾ ਹੋਣਾ ਆਦਿ ਮੂੰਹ ਦੇ ਕੈਂਸਰ ਦੇ ਲੱਛਣ ਹਨ।

ਛਾਤੀ ਦਾ ਕੈਂਸਰ

ਔਰਤਾਂ ’ਚ ਛਾਤੀ ਦਾ ਕੈਂਸਰ ਦਿਨੋ ਦਿਨ ਵਧਦਾ ਜਾ ਰਿਹਾ ਹੈ। ਮਰੀਜ਼ ਨੂੰ ਸ਼ੁਰੂਆਤ ’ਚ ਛਾਤੀ ਵਿਚ ਦਰਦ ਸਮੇਤ ਗੰਢ ਦਾ ਮਹਿਸੂਸ ਹੋਣਾ, ਛਾਤੀ ’ਚ ਖੂਨ ਦਾ ਰਿਸਾਅ ਹੋਣਾ, ਕਾਂਖ ਵਿਚ ਗੰਢ ਹੋਣਾ, ਚਮੜੀ ਦਾ ਜ਼ਿਆਦਾ ਖੁਰਦਰਾ ਹੋਣਾ, ਚਮੜੀ ’ਤੇ ਸੋਜ ਹੋਣਾ ਆਦਿ ਲੱਛਣ ਹੁੰਦੇ ਹਨ।

ਗੁਰਦੇ ਦਾ ਕੈਂਸਰ

ਇਸ ਕੈਂਸਰ ’ਚ ਰੋਗੀ ਨੂੰ ਪਿਸ਼ਾਬ ਦੇ ਰਾਹ ’ਚ ਖ਼ੂਨ ਆਉਂਦਾ ਹੈ, ਪਿੱਠ ਵਿਚ ਲਗਾਤਾਰ ਦਰਦ ਹੁੰਦੇ ਰਹਿਣਾ, ਪੇਟ ਵਿਚ ਗੰਢ ਦਾ ਹੋਣਾ ਆਦਿ ਲੱਛਣ ਹੁੰਦੇ ਹਨ।

ਪੇਟ ਦਾ ਕੈਂਸਰ

ਅਜਿਹੇ ਰੋਗੀ ਨੂੰ ਭੁੱਖ ਨਾ ਲੱਗਣਾ, ਉਲਟੀਆਂ ਆਉਂਦੇ ਰਹਿਣਾ, ਉਲਟੀ ਅਤੇ ਦਸਤ ’ਚ ਖ਼ੂਨ ਆਉਣਾ, ਭਾਰ ਦਾ ਲਗਾਤਾਰ ਘਟਣਾ ਇਸ ਰੋਗ ਨੂੰ ਦਰਸਾਉਂਦੇ ਹਨ।

ਬਲੱਡ ਕੈਂਸਰ

ਚਮੜੀ ’ਤੇ ਲਾਲ ਚਟਾਕ ਉਭਰਨੇ, ਵਾਰ-ਵਾਰ ਬੁਖ਼ਾਰ ਤੋਂ ਪੀੜਤ ਰਹਿਣਾ, ਸਰੀਰ ’ਚ ਖ਼ੂਨ ਦੀ ਕਮੀ ਬਣੀ ਰਹਿਣਾ, ਗਰਦਨ ਅਤੇ ਪੱਟਾਂ ਵਿਚ ਗੰਢ ਬਣ ਜਾਣਾ, ਤਿੱਲੀ ਦਾ ਵਧਣਾ, ਗੁਦਾ ਜਾਂ ਪਿਸ਼ਾਬ ਦੇ ਰਸਤੇ ਖ਼ੂਨ ਨਿਕਲਣਾ ਆਦਿ ਇਸ ਰੋਗ ਦੇ ਲੱਛਣ ਹਨ।

ਅੰਡਕੋਸ਼ ਦਾ ਕੈਂਸਰ

ਇਹ ਕੈਂਸਰ ਮਰਦਾਂ ਵਿਚ ਹੁੰਦਾ ਹੈ। ਇਕ ਪਾਸੇ ਤੋਂ ਅੰਡਕੋਸ਼ ਦਾ ਵਧਣਾ, ਉਨ੍ਹਾਂ ਵਿਚ ਦਰਦ ਮਹਿਸੂਸ ਨਾ ਹੋਣਾ, ਖੰਘਦੇ ਅਤੇ ਸਾਹ ਲੈਂਦੇ ਸਮੇਂ ਤਕਲੀਫ਼ ਦਾ ਹੋਣਾ ਆਦਿ ਇਸ ਰੋਗ ਦੇ ਲੱਛਣ ਹਨ।

ਜਿਗਰ ਕੈਂਸਰ

ਪੀਲੀਏ ਦਾ ਹਮਲਾ ਵਾਰ-ਵਾਰ ਹੋਣਾ, ਜਿਗਰ ਦਾ ਵਧ ਜਾਣਾ, ਭੁੱਖ ਨਾ ਲੱਗਣਾ, ਸਿੱਧੇ ਪਾਸੇ ਦੀਆਂ ਪਸਲੀਆਂ ਦੇ ਹੇਠਾਂ ਦਰਦ ਹੋਣਾ ਆਦਿ ਇਸ ਕੈਂਸਰ ਦੇ ਲੱਛਣ ਹਨ।

ਗੁਦਾ ਕੈਂਸਰ

ਗੁਦਾ ਦਾ ਬਾਹਰ ਨਿਕਲਣਾ, ਪਖਾਨੇ ਦੇ ਸਮੇਂ ਬਹੁਤ ਦਰਦ ਹੋਣਾ, ਪਖਾਨੇ ਦੇ ਨਾਲ ਖ਼ੂਨ ਨਿਕਲਣਾ, ਗੁਦਾ ਦੇ ਰਾਹ ’ਚ ਗੰਢ ਦਾ ਹੋ ਜਾਣਾ ਆਦਿ ਦੇਖਿਆ ਜਾਂਦਾ ਹੈ।

ਥਾਇਰਾਇਡ ਕੈਂਸਰ

ਸਾਹ ਲੈਣ ’ਚ ਤਕਲੀਫ ਹੋਣਾ, ਗਲੇ ’ਚ ਗੰਢ ਬਣਨਾ, ਉਸ ਗੰਢ ਵਿਚ ਦਰਦ ਹੁੰਦੇ ਰਹਿਣਾ, ਖਾਂਦੇ-ਪੀਂਦੇ ਜਾਂ ਨਿਗਲਦੇ ਸਮੇਂ ਗਲੇ ਵਿਚ ਦਰਦ ਹੋਣਾ ਆਦਿ ਇਸ ਰੋਗ ਦੇ ਲੱਛਣ ਹਨ।

ਚਮੜੀ ਦਾ ਕੈਂਸਰ

ਚਮੜੀ ’ਤੇ ਜ਼ਖ਼ਮ ਹੋਣਾ, ਜ਼ਖ਼ਮ ਦਾ ਛੇਤੀ ਨਾ ਭਰਨਾ, ਜ਼ਖ਼ਮ ਦਾ ਫੈਲਣਾ, ਜ਼ਖ਼ਮ ਵਿਚ ਮਾਮੂਲੀ ਦਰਦ ਹੁੰਦੇ ਰਹਿਣਾ, ਜ਼ਖ਼ਮ ਵਿੱਚੋਂ ਖੂਨ ਦਾ ਰਿਸਣਾ ਆਦਿ ਇਸ ਰੋਗ ਨੂੰ ਦਰਸਾਉਂਦੇ ਹਨ।

ਦਿਮਾਗ਼ ਦਾ ਕੈਂਸਰ

ਅਜੋਕੀ ਤਣਾਅ ਭਰੀ ਜ਼ਿੰਦਗੀ ’ਚ ਦਿਮਾਗ਼ ਦੇ ਕੈਂਸਰ ਦੇ ਰੋਗੀਆਂ ਵਿਚ ਵਾਧਾ ਹੋ ਰਿਹਾ ਹੈ। ਅਜਿਹੇ ’ਚ ਰੋਗੀ ਦੇ ਸਿਰ ਵਿਚ ਲਗਾਤਾਰ ਦਰਦ ਰਹਿਣਾ, ਮਿਰਗੀ ਦੇ ਦੌਰੇ ਪੈਣਾ, ਅਸ਼ਾਂਤ ਨੀਂਦ, ਸਰੀਰ ਦੇ ਕਿਸੇ ਭਾਗ ਵਿਚ ਲਕਵੇ ਦਾ ਹੋਣਾ, ਵਾਰ-ਵਾਰ ਬੇਹੋਸ਼ ਹੋ ਜਾਣਾ ਆਦਿ ਦੇਖਿਆ ਜਾਂਦਾ ਹੈ।

ਭੋਜਨ ਨਲੀ ਦਾ ਕੈਂਸਰ

ਗਲੇ ਵਿਚ ਖਾਣਾ ਅਟਕਣਾ, ਖਾਣਾ ਖਾਂਦੇ ਸਮੇਂ ਦਰਦ ਹੋਣਾ, ਖ਼ੂਨ ਦੀ ਉਲਟੀ ਆਉਣੀ, ਖਾਣਾ ਬਹੁਤ ਹੌਲੀ-ਹੌਲੀ ਖਾਣਾ ਆਦਿ ਇਸ ਰੋਗ ਦੇ ਲੱਛਣ ਹਨ।

ਫੇਫੜੇ ਦਾ ਕੈਂਸਰ

ਛਾਤੀ ਵਿਚ ਦਰਦ, ਲਗਾਤਾਰ ਬੁਖਾਰ, ਲਗਾਤਾਰ ਖੰਘ ਰਹਿਣਾ, ਖੰਘਦੇ ਸਮੇਂ ਛਾਤੀ ਵਿਚ ਦਰਦ ਹੋਣਾ, ਖੰਘ ਦੇ ਨਾਲ ਖ਼ੂਨ ਨਿਕਲਣਾ ਆਦਿ ਦੇਖਿਆ ਜਾਂਦਾ ਹੈ।

ਓਵਰੀ ਕੈਂਸਰ

ਭਾਰ ਦਾ ਲਗਾਤਾਰ ਘਟਣਾ, ਪੇਟ ਦੇ ਹੇਠਲੇ ਹਿੱਸੇ ਵਿਚ ਗੰਢ ਦਾ ਹੋਣਾ, ਪੇਟ ਦੇ ਹੇਠਲੇ ਹਿੱਸੇ ਵਿਚ ਭਾਰੀਪਨ ਬਣੇ ਰਹਿਣਾ ਆਦਿ ਇਸ ਰੋਗ ਦੇ ਲੱਛਣ ਹਨ।

ਵੱਡੀ ਆਂਤੜੀ ਦਾ ਕੈਂਸਰ

ਕਦੇ ਦਸਤ ਲੱਗਣੇ ਅਤੇ ਕਦੇ ਕਬਜ਼ ਹੋਣਾ, ਮਲ ਦੇ ਨਾਲ ਖ਼ੂਨ ਆਉਣਾ, ਪਖਾਨੇ ਦੇ ਸਮੇਂ ਤਕਲੀਫ਼ ਹੋਣਾ ਜਾਂ ਦਰਦ ਹੋਣਾ, ਗੁਦਾ ਦੁਆਰ ਦੇ ਅੰਦਰ ਗੰਢ ਦਾ ਹੋਣਾ ਆਦਿ ਦੇਖਿਆ ਜਾਂਦਾ ਹੈ।

ਕੀਟਨਾਸ਼ਕ ਦਵਾਈਆਂ ਦੀ ਵਰਤੋਂ

ਕੀਟਨਾਸ਼ਕ ਦਵਾਈਆਂ ਦੀ ਹੋ ਰਹੀ ਅੰਨ੍ਹੇਵਾਹ ਦੁਰਵਰਤੋਂ ਕੈਂਸਰ ਦਾ ਸਭ ਤੋਂ ਵੱਡਾ ਕਾਰਨ ਮੰਨੀ ਜਾ ਰਹੀ ਹੈ। ਖ਼ਾਸ ਕਰਕੇ ਮਾਲਵਾ ਇਲਾਕੇ ਦੇ ਨਰਮਾ ਪੱਟੀ ਵਾਲੇ ਖੇਤਰਾਂ ਵਿਚ ਜਿੰਨੇ ਵੀ ਕੈਂਸਰ ਦੇ ਕੇਸ ਪਾਏ ਗਏ ਹਨ, ਉਨ੍ਹਾਂ ਦਾ ਸਭ ਤੋਂ ਵੱਡਾ ਕਾਰਨ ਕੀਟਨਾਸ਼ਕ ਦਵਾਈਆਂ ਦੀ ਹੋ ਰਹੀ ਦੁਰਵਰਤੋਂ ਨੂੰ ਹੀ ਮੰਨਿਆ ਗਿਆ ਹੈ। ਫ਼ਿਕਰ, ਚਿੰਤਾ, ਹਉਕੇ ਹਰੇਕ ਬਿਮਾਰੀ ਦਾ ਕਾਰਨ ਹਨ ਪਰ ਮਾਹਿਰਾਂ ਅਨੁਸਾਰ ਦਿਮਾਗ਼ ਦਾ ਕੈਂਸਰ ਤੇ ਸਾਹ ਨਲੀ ਦਾ ਕੈਂਸਰ ਬਹੁਤਾ ਫ਼ਿਕਰ ਕਰਨ ਨਾਲ ਬਣ ਸਕਦਾ ਹੈ ਕਿਉਂਕਿ ਜਦੋਂ ਅਸੀਂ ਹਉਕਾ ਲੈਂਦੇ ਹਾਂ ਤਾਂ ਸਭ ਤੋਂ ਵੱਧ ਖਿੱਚ ਸਾਹ ਨਾਲੀ ’ਤੇ ਪੈਂਦੀ ਹੈ, ਜਿਸ ਕਾਰਨ ਸਾਹ ਨਲੀ ਤੰਗ ਹੋ ਜਾਂਦੀ ਹੈ ਜਾਂ ਇਸ ਦੇ ਨਾਲ-ਨਾਲ ਖਾਣੇ ਵਾਲੀ ਨਲੀ ’ਤੇ ਵੀ ਦਬਾਅ ਵਧ ਸਕਦਾ ਹੈ, ਜਿਸ ਕਾਰਨ ਖਾਣੇ ਵਾਲੀ ਨਲੀ ਦਾ ਤੰਗ ਹੋਣਾ ਵੀ ਸੁਭਾਵਿਕ ਹੈ।

ਰੱਖੋ ਕੈਂਸਰ ਨਾਲ ਲੜਨ ਦੀ ਹਿੰਮਤ

ਕੈਂਸਰ ਦੇ ਮਰੀਜ਼ਾਂ ਨੂੰ ਮੇਰੀ ਨਿੱਜੀ ਰਾਇ ਹੈ ਕਿ ਕੈਂਸਰ ਦਾ ਨਾਂ ਸੁਣ ਕੇ ਘਬਰਾਓ ਨਾ। ਜਿਹੜੀ ਬਿਮਾਰੀ ਸਰੀਰ ਵਿਚ ਵੜ ਗਈ, ਉਸ ਨੂੰ ਦੇਖ ਕੇ ਡਰੋ ਨਾ ਸਗੋਂ ਲੜਨ ਦੀ ਹਿੰਮਤ ਰੱਖੋ। ਆਪਣੇ ਆਤਮ-ਵਿਸ਼ਵਾਸ ਨੂੰ ਵਧਾਓ, ਨਾ ਕਿ ਕੈਂਸਰ ਦਾ ਨਾਂ ਸੁਣ ਕੇ ਹੀ ਮਰ ਜਾਓ। ਬਿਮਾਰੀਆਂ ਨਾਲ ਲੜਨਾ ਸਿੱਖੋ। ਹੋ ਸਕਦਾ ਹੈ ਕਿ ਤੁਸੀਂ ਕੈਂਸਰ ਨਾਲ ਜੂਝਦੇ-ਜੂਝਦੇ ਦਸ ਜਾਂ ਵੀਹ ਸਾਲ ਕੱਟ ਜਾਓ ਪਰ ਜੇ ਆਤਮ-ਵਿਸ਼ਵਾਸ ਛੱਡ ਦਿੱਤਾ ਤਾਂ ਦੁਨੀਆ ਦੀ ਕੋਈ ਦਵਾਈ ਤੁਹਾਨੂੰ ਠੀਕ ਨਹੀਂ ਕਰ ਸਕਦੀ।

ਗੱਡੀ ਦਾ ਨਾਂ ਪਿਆ ‘ਕੈਂਸਰ ਟਰੇਨ’

ਪੰਜਾਬ ਦੇ ਮਾਲਵਾ ਖਿੱਤੇ ’ਚ ਕੈਂਸਰ ਨੇ ਏਨੇ ਵਿਆਪਕ ਪੱਧਰ ’ਤੇ ਪੈਰ ਪਸਾਰੇ ਹਨ ਕਿ ਇਸ ਨੂੰ ਕੈਂਸਰ ਦਾ ਖਿੱਤਾ ਕਿਹਾ ਜਾਣ ਲੱਗਾ ਹੈ। ਇਸ ਬਾਰੇ ਪੰਜਾਬੀ ਦੇ ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕ ਨਛੱਤਰ ਨੇ ‘ਕੈਂਸਰ ਟਰੇਨ’ ਨਾਮੀ ਨਾਵਲ ਲਿਖਿਆ ਹੈ। ਜਿਸ ਵਿਚ ਮਾਲਵਾ ਖਿੱਤੇ ’ਚ ਫੈਲੀ ਇਸ ‘ਦੂਜੀ ਬਿਮਾਰੀ’ ਦੀ ਭਿਆਨਕਤਾ ਨੂੰ ਬਿਆਨਿਆ ਗਿਆ ਹੈ। ਇਸ ਖ਼ਤਰਨਾਕ ਬਿਮਾਰੀ ਦਾ ਮਹਿੰਗਾ ਇਲਾਜ ਜੋ ਥੁੜ੍ਹੇ ਟੁੱਟੇ ਲੋਕਾਂ ਦੀ ਪਹੁੰਚ ਤੋਂ ਬਾਹਰ ਹੈ, ਦਾ ਕੋਈ ਨਾ ਕੋਈ ਬਦਲ ਤਲਾਸ਼ਦੇ ਉਹ ਜ਼ਿੰਦਗੀ ਤੋਂ ਹੱਥ ਧੋ ਬੈਠਦੇ ਹਨ। ਪੰਜਾਬ ਵਿਚ ਅੱਜ ਦੇਸ਼ ਵਿਚ ਸਭ ਤੋਂ ਵੱਧ ਕੈਂਸਰ ਦੇ ਕੇਸ ਹਨ। ਕਈ ਕਹਿੰਦੇ ਹਨ ਕਿ ਇਹ ਦੂਸ਼ਿਤ ਪਾਣੀ ਅਤੇ ਮਿੱਟੀ ਕਾਰਨ ਹੈ। ਇਨ੍ਹਾਂ ਮਰੀਜ਼ਾਂ ਨੂੰ ਬਠਿੰਡਾ ਤੋਂ ਬੀਕਾਨੇਰ ਲਿਜਾਣ ਵਾਲੀ ਰੇਲਗੱਡੀ ਨੂੰ ‘ਕੈਂਸਰ ਟਰੇਨ’ ਕਿਹਾ ਜਾਂਦਾ ਹੈ। ਇਹ ਟਰੇਨ ਬਠਿੰਡਾ ਦੇ ਪਲੇਟਫਾਰਮ ਨੰਬਰ 2 ਤੋਂ ਰਾਤ 9.25 ’ਤੇ ਚੱਲਦੀ ਹੈ ਅਤੇ ਲਗਪਗ 325 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਹੋਈ ਸਵੇਰੇ 6 ਵਜੇ ਬੀਕਾਨੇਰ ਪਹੁੰਚਦੀ ਹੈ। ਇਸ ਗੱਡੀ ’ਚ 60ਫ਼ੀਸਦੀ ਕੈਂਸਰ ਦੇ ਮਰੀਜ਼ ਹੁੰਦੇ ਹਨ। ਸਾਰੇ ਉਮਰ ਵਰਗ ਦੇ ਮਰੀਜ਼ ਪੂਰੇ ਪੰਜਾਬ ’ਚੋਂ ਆਉਂਦੇ ਹਨ। ਪੰਜਾਬ ’ਚ ਕੈਂਸਰ ਦੇ ਮਾਮਲਿਆਂ ’ਚ ਅਚਾਨਕ ਵਾਧੇ ਕਾਰਨ 12 ਡੱਬਿਆਂ ਵਾਲੀ ਇਸ ਗੱਡੀ ਨੂੰ ‘ਕੈਂਸਰ ਟ੍ਰੇਨ’ ਦਾ ਨਾਂ ਦਿੱਤਾ ਗਿਆ ਹੈ। ਔਸਤਨ, ਇਹ ਟ੍ਰੇਨ 200 ਹੋਰ ਯਾਤਰੀਆਂ ਨਾਲ ਹਰ ਰੋਜ਼ 100 ਕੈਂਸਰ ਮਰੀਜ਼ਾਂ ਦੀ ਜੀਵਨ ਰੇਖਾ ਹੈ,ਸਦਾ ਲੱਦੀ ਹੁੰਦੀ ਹੈ। ਇਸ ਦੀ ਟਿਕਟ ਦੀ ਕੀਮਤ 210 ਦੇ ਕਰੀਬ ਹੈ ਪਰ ਕੈਂਸਰ ਦੇ ਰੋਗੀਆਂ ਲਈ ਬੀਕਾਨੇਰ ਦੀ ਅੱਠ ਘੰਟੇ ਦਾ ਸਫ਼ਰ ਮੁਫ਼ਤ ਹੈ ਜਦਕਿ ਨਾਲ ਜਾਣ ਵਾਲੇ ਇਕ ਵਿਅਕਤੀ ਨੂੰ 75 ਫ਼ੀਸਦੀ ਦੀ ਰਿਆਇਤ ਦਿੱਤੀ ਜਾਂਦੀ ਹੈ। ਬੀਕਾਨੇਰ ’ਚ ਰਿਹਾਇਸ਼ ਅਤੇ ਖਾਣਾ ਵੀ ਸਸਤਾ ਪ੍ਰਦਾਨ ਕੀਤਾ ਜਾਂਦਾ ਹੈ ਜਿਸ ਕਰਕੇ ਇਹ ਕੈਂਸਰ ਰੋਗੀਆਂ ਲਈ ਉੱਥੇ ਜਾਣ ਦਾ ਇਕ ਹੋਰ ਬਦਲ ਬਣ ਜਾਂਦਾ ਹੈ। ਬੀਕਾਨੇਰ ’ਚ ਇਕ ਧਰਮਸ਼ਾਲਾ ਦੇ ਇਕ ਕਮਰੇ ਦੀ ਕੀਮਤ 50 ਰੁਪਏ ਹੈ, ਜਦਕਿ ਹਸਪਤਾਲ ਦੀ ਕੰਟੀਨ ’ਚ ਇਕ ਥਾਲੀ ਦੀ ਕੀਮਤ ਬਹੁਤ ਮਾਮੂਲੀ ਹੈ। ਇਸ ਰੇਲਗੱਡੀ ’ਚ ਜਾਣ ਵਾਲੇ ਮਰੀਜ਼ ਵੈਸੇ ਤਾਂ ਸਾਰੇ ਪੰਜਾਬ ਤੋਂ ਹੀ ਆਉਂਦੇ ਹਨ ਪਰ ਜ਼ਿਆਦਾਤਰ ਪੰਜਾਬ ਦੇ ਮਾਲਵਾ ਖਿੱਤੇ ਦੇ ਬਠਿੰਡਾ, ਮਾਨਸਾ, ਸੰਗਰੂਰ, ਫ਼ਰੀਦਕੋਟ, ਮੋਗਾ, ਸ੍ਰੀ ਮੁਕਤਸਰ ਸਾਹਿਬ ਅਤੇ ਫ਼ਿਰੋਜ਼ਪੁਰ ਤੋਂ ਹੁੰਦੇ ਹਨ। ਮਾਲਵਾ, ਜੋ ਪੰਜਾਬ ਦੀ ਨਰਮਾ ਪੱਟੀ ਹੈ, ’ਚ ਨਰਮੇ ਨੂੰ ਚਿੱਟੀ ਅਤੇ ਗੁਲਾਬੀ ਸੁੰਡੀ ਤੋਂ ਬਚਾਉਣ ਲਈ ਕੀਟਨਾਸ਼ਕਾਂ ਦੀ ਅੰਨੇ੍ਹਵਾਹ ਵਰਤੋਂ ਦੀ ਲੋੜ ਪੈਂਦੀ ਹੈ। ਇਕ ਅਨੁਮਾਨ ਮੁਤਾਬਕ ਇਸ ਖੇਤਰ ’ਚ15 ਵੱਖ-ਵੱਖ ਕੀਟਨਾਸ਼ਕਾਂ ਦੇ ਸਪਰੇਆਂ ਦੀ ਵਰਤੋਂ ਕੀਤੀ ਜਾਂਦੀ ਹੈ । ਨਰਮੇ ਲਈ ਖ਼ਤਰਨਾਕ ਕੀੜਿਆਂ ਤੇ ਕਾਬੂ ਪਾਉਣ ਲਈ ਰਸਾਇਣਕ ਖਾਦਾਂ ਤੇ ਕੀਟਨਾਸ਼ਕਾਂ ਦੀ ਵੱਧ ਤੋਂ ਵੱਧ ਵਰਤੋਂ ਦੇ ਸਿੱਟੇ ਵਜੋਂ ਲੋਕ ਕੈਂਸਰ ਕਾਰਨ ਬੇਵਸੀ ਦੀ ਦਲਦਲ ’ਚ ਧਸਦੇ ਜਾ ਰਹੇ ਹਨ।

ਮਾਸਾਹਾਰੀਆਂ ’ਚ ਕੈਂਸਰ ਹੋਣ ਦਾ ਖ਼ਤਰਾ ਵਧੇਰੇ

ਏਅਰਪੋਰਟ ਵਿਸ਼ਵ ਕੈਂਸਰ ਖੋਜ ਫੰਡ ਤੇ ਅਮਰੀਕਨ ਕੈਂਸਰ ਖੋਜ ਸੰਸਥਾ ਦੇ ਵਿਗਿਆਨੀਆਂ ਦੀ ਟੀਮ ਨੇ ਇਕ ਅਧਿਐਨ ਅਨੁਸਾਰ ਨਤੀਜਾ ਕੱਢਿਆ ਹੈ ਕਿ ਮਾਸਾਹਾਰੀਆਂ ਵਿਚ ਸ਼ਾਕਾਹਾਰੀਆਂ ਨਾਲੋਂ ਕੈਂਸਰ ਹੋਣ ਦਾ ਖ਼ਤਰਾ ਵਧੇਰੇ ਹੁੰਦਾ ਹੈ। ਜਿਹੜੇ ਲੋਕ ਮਸਾਲੇ ਰਹਿਤ ਫਲਾਂ ਤੇ ਸਪਰੇਅ ਰਹਿਤ ਸਬਜ਼ੀਆਂ ਦੀ ਵਰਤੋਂ ਕਰਦੇ ਹਨ, ਉਨ੍ਹਾਂ ਨੂੰ ਕੈਂਸਰ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। ਸੰਸਥਾ ਮੁਤਾਬਿਕ ਭਾਰੀ ਵਜ਼ਨ ਵਾਲੇ ਤੇ ਲੰਬੇ ਕੱਦ ਵਾਲੇ ਲੋਕਾਂ ਵਿਚ ਕੈਂਸਰ ਹੋਣ ਦਾ ਖ਼ਤਰਾ ਵੱਧ ਹੁੰਦਾ ਹੈ।

Related posts

ਜਾਣੋ ਨਾਸ਼ਤੇ ‘ਚ ਪੋਹਾ ਖਾਣ ਦੇ ਫਾਇਦੇ

On Punjab

ਮਹਿਲਾਵਾਂ ਸਾਵਧਾਨ! ਮੇਕਅੱਪ ਦੇ ਇਸ ਤਰੀਕੇ ਨਾਲ ਜਾ ਸਕਦੀ ਅੱਖਾਂ ਦੀ ਰੌਸ਼ਨੀ

On Punjab

Oats Benefits : ਨਾਸ਼ਤੇ ‘ਚ ਖਾਓਗੇ ਓਟਸ, ਤਾਂ ਸਿਹਤ ਨੂੰ ਮਿਲਣਗੇ 5 ਫਾਇਦੇ, ਭਾਰ ਵੀ ਹੋਵੇਗਾ ਘੱਟ

On Punjab