ਡਿਟਾਕਸੀਫਿਕੇਸ਼ਨ ਅਤੇ ਡਿਟਾਕਸ ਬੇਹੱਦ ਪ੍ਰਚੱਲਿਤ ਸ਼ਬਦ ਬਣਦੇ ਜਾ ਰਹੇ ਹਨ, ਜਿਨ੍ਹਾਂ ’ਤੇ ਫਿਟਨੈੱਸ ਫ੍ਰੀਕ ਲੋਕ ਚਰਚਾ ਕਰਨਾ ਕਾਫੀ ਜ਼ਰੂਰੀ ਸਮਝਦੇ ਹਨ। ਡਿਟਾਕਸੀਫਿਕੇਸ਼ਨ ਤੋਂ ਭਾਵ ਹੈ ਕਿ ਖ਼ਾਸ ਫੂਡ ਦਾ ਸੇਵਨ ਕਰਕੇ ਬਾਡੀ ’ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣਾ। ਬਾਡੀ ’ਚੋਂ ਜ਼ਹਿਰੀਲੇ ਪਦਾਰਥ ਬਾਹਰ ਕੱਢਣ ਨਾਲ ਨਾ ਸਿਰਫ਼ ਸਿਹਤ ਚੰਗੀ ਹੁੰਦੀ ਹੈ, ਬਲਕਿ ਭਾਰ ਵੀ ਕੰਟਰੋਲ ’ਚ ਰਹਿੰਦਾ ਹੈ। ਬਾਡੀ ਨੂੰ ਡਿਟਾਕਸ ਕਰਨ ਲਈ ਮਹਿੰਗੇ ਫੂਡ ਦੀ ਜ਼ਰੂਰਤ ਨਹੀਂ ਬਲਕਿ ਤੁਸੀਂ ਕੁਝ ਆਸਾਨ ਅਤੇ ਸਰਲ ਫੂਡਸ ਨਾਲ ਵੀ ਬਾਡੀ ਨੂੰ ਡਿਟਾਕਸ ਕਰ ਸਕਦੇ ਹੋ। ਆਮ ਤੌਰ ’ਤੇ ਪ੍ਰਦੂਸ਼ਕ, ਸਿੰਥੈਟਿਕ ਰਸਾਇਣ ਅਤੇ ਪ੍ਰੋਸੈੱਸਡ ਭੋਜਨ ਪਦਾਰਥ ਸਾਡੀ ਸਿਹਤ ’ਤੇ ਬੁਰਾ ਪ੍ਰਭਾਵ ਪਾਉਂਦੇ ਹਨ, ਜਿਸਦੇ ਅਸਰ ਨੂੰ ਘੱਟ ਕਰਨ ਲਈ ਬਾਡੀ ਨੂੰ ਡਿਟਾਕਸ ਕਰਨਾ ਜ਼ਰੂਰੀ ਹੈ। ਆਓ ਜਾਣਦੇ ਹਾਂ ਕੁਝ ਕੁਦਰਤੀ ਤਰੀਕੇ ਜਿਸ ਨਾਲ ਬਾਡੀ ਦਾ ਡਿਟਾਕਸੀਫਿਕੇਸ਼ਨ ਕੀਤਾ ਜਾ ਸਕਦਾ ਹੈ।
ਨੀਂਦ ਭਰ ਕੇ ਸੌਣਾ ਵੀ ਹੈ ਜ਼ਰੂਰੀ
ਰਾਤ ਨੂੰ ਲੋੜੀਂਦੀ ਤੇ ਗਹਿਰੀ ਨੀਂਦ ਨਾ ਸਿਰਫ਼ ਸਿਹਤ ਲਈ ਜ਼ਰੂਰੀ ਹੈ ਬਲਕਿ ਬਾਡੀ ਦੇ ਡਿਟਾਕਸੀਫਿਕੇਸ਼ਨ ਲਈ ਵੀ ਜ਼ਰੂਰੀ ਹੈ। ਨੀਂਦ ਦਿਮਾਗ ਨੂੰ ਪੁਨਰਗਠਿਤ ਕਰਕੇ ਬਾਡੀ ਨੂੰ ਰਿਚਾਰਜ ਕਰਦੀ ਹੈ। ਚੰਗੀ ਨੀਂਦ ਤੁਹਾਡੀ ਬਾਡੀ ’ਚ ਦਿਨ ਭਰ ਜਮ੍ਹਾਂ ਹੋਣ ਵਾਲੀ ਰਹਿੰਦ-ਖੁੰਹਦ ਨੂੰ ਵੀ ਦੂਰ ਕਰਦੀ ਹੈ।
ਜ਼ਿਆਦਾ ਪਾਣੀ ਪੀਓ
ਪਾਣੀ ਸਿਰਫ਼ ਪਿਆਸ ਨਹੀਂ ਬੁਝਾਉਂਦਾ ਬਲਕਿ ਸਰੀਰ ਦੇ ਤਾਪਮਾਨ ਨੂੰ ਵੀ ਕੰਟਰੋਲ ਕਰਦਾ ਹੈ। ਪਾਣੀ ਜੋੜਾਂ ਨੂੰ ਚਿਕਨਾਈ ਦਿੰਦਾ ਹੈ, ਪਾਚਣ ਅਤੇ ਪੋਸ਼ਕ ਤੱਤਾਂ ਦੇ ਸਮਾਉਣ ’ਚ ਮਦਦ ਕਰਦਾ ਹੈ। ਇੰਨਾ ਹੀ ਨਹੀਂ ਪਾਣੀ ਬਾਡੀ ਤੋਂ ਰਹਿੰਦ ਉਤਪਾਦਾਂ ਨੂੰ ਕੱਢ ਕੇ ਡਿਟਾਕਸੀਫਾਈ ਕਰਦਾ ਹੈ। ਇਸ ਲਈ ਲੋੜੀਂਦੀ ਮਾਤਰਾ ’ਚ ਪਾਣੀ ਦਾ ਸੇਵਨ ਜ਼ਰੂਰੀ ਹੈ।
ਚੀਨੀ ਅਤੇ ਪ੍ਰੋਸੈੱਸਡ ਫੂਡ ਦਾ ਸੇਵਨ ਘੱਟ ਕਰੋ
ਚੀਨੀ ਅਤੇ ਪ੍ਰੋਸੈੱਸਡ ਫੂਡ ਸਿਹਤ ਲਈ ਖ਼ਤਰਨਾਕ ਹਨ। ਜ਼ਿਆਦਾ ਮਿੱਠਾ ਅਤੇ ਪ੍ਰੋਸੈੱਸਡ ਫੂਡ ਮੋਟਾਪਾ, ਦਿਲ ਦੇ ਰੋਗ, ਕੈਂਸਰ ਅਤੇ ਸ਼ੂਗਰ ਦੀ ਬਿਮਾਰੀ ਲਈ ਜ਼ਿੰਮੇਵਾਰ ਹੈ। ਅਜਿਹੇ ਰੋਗ ਤੁਹਾਡੇ ਲੀਵਰ ਤੇ ਕਿਡਨੀ ਜਿਹੇ ਮਹੱਤਵਪੂਰਨ ਅੰਗਾਂ ਨੂੰ ਵੀ ਨੁਕਸਾਨ ਪਹੁੰਚਾ ਕੇ ਸਰੀਰ ਦੀ ਡਿਟਾਕਸੀਫਾਈ ਕਰਨ ਦੀ ਸਮਰੱਥਾ ’ਚ ਸਮੱਸਿਆ ਪੈਦਾ ਕਰਦੇ ਹਨ। ਜੇਕਰ ਤੁਸੀਂ ਆਪਣੀ ਬਾਡੀ ਨੂੰ ਡਿਟਾਕਸੀਫਾਈ ਕਰਨਾ ਚਾਹੁੰਦੇ ਹੋ ਤਾਂ ਮਿੱਠੇ ਤੇ ਪ੍ਰੋਸੈੱਸਡ ਫੂਡ ਤੋਂ ਪ੍ਰਹੇਜ਼ ਕਰੋ।
ਵਰਕਆਊਟ ਕਰੋ
ਐਕਸਰਸਾਈਜ਼ ਦਾ ਮਤਲਬ ਜਿਮ ਜਾਣਾ ਅਤੇ ਭਾਰੀ ਭਾਰ ਚੁੱਕਣਾ ਜਾਂ ਕਾਰਡੀਓ ਐਕਸਰਸਾਈਜ਼ ਕਰਨਾ ਨਹੀਂ ਹੈ, ਬਲਕਿ ਤੁਸੀਂ ਵਾਕ ਵੀ ਕਰ ਸਕਦੇ ਹੋ। ਵਾਕ ਕਰਨ ਨਾਲ ਵੀ ਤੁਹਾਡੀ ਬਾਡੀ ਡਿਟਾਕਸ ਹੋ ਜਾਵੇਗੀ ਅਤੇ ਤੁਸੀਂ ਫਿੱਟ ਰਹੋਗੇ।
ਲੂਣ ਦਾ ਸੇਵਨ ਘੱਟ ਕਰੋ
ਬਹੁਤ ਜ਼ਿਆਦਾ ਲੂਣ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ’ਚ ਵਾਧੂ ਤਰਲ ਪਦਾਰਥ ਜਮ੍ਹਾਂ ਹੋ ਸਕਦੇ ਹਨ, ਇਸ ਲਈ ਤੁਸੀਂ ਆਪਣੀ ਡੇਲੀ ਡਾਈਟ ’ਚੋਂ ਨਮਕ ਦਾ ਸੇਵਨ ਘੱਟ ਕਰੋ।
ਫਲ਼ ਖਾਓ
ਫਲ਼ ਸਿਹਤ ਲਈ ਬੇਹੱਦ ਉਪਯੋਗੀ ਹੈ। ਫਲ਼ਾਂ ’ਚ ਮੌਜੂਦ ਵਿਟਾਮਿਨ ਅਤੇ ਮਿਨਰਲ ਸੈੱਲਜ਼ ਦਾ ਨਿਰਮਾਣ ਕਰਦੇ ਹਨ। ਇਨ੍ਹਾਂ ’ਚ ਮੌਜੂਦ ਐਂਟੀ-ਆਕਸੀਡੈਂਟ ਸੈੱਲਜ਼ ਨੂੰ ਮੁਕਤ ਕਣਾਂ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਂਦੇ ਹਨ।