ਓਲੰਪਿਕ ’ਚ ਗੋਲਡ ਮੈਡਲ ਜਿੱਤਣ ਤੋਂ ਬਾਅਦ ਨੀਰਜ ਪਹਿਲੀ ਵਾਰ ਆਪਣੇ ਪਿੰਡ ਖੰਡਰਾ ਪਹੁੰਚੇ। ਪਾਨੀਪਤ ’ਚ ਉਨ੍ਹਾਂ ਦਾ ਜ਼ੋਰ-ਸ਼ੋਰ ਨਾਲ ਸਵਾਗਤ ਕੀਤਾ ਗਿਆ। ਮੰਚ ’ਤੇ ਨੀਰਜ ਨੂੰ ਪੱਗੜੀ ਪਹਿਨਾਈ ਗਈ। ਕੁਝ ਦੇਰ ਬਾਅਦ ਅਚਾਨਕ ਉਨ੍ਹਾਂ ਦੀ ਤਬੀਅਤ ਵਿਗੜਨ ਲੱਗੀ। ਅਸਹਿਜ ਮਹਿਸੂਸ ਹੋਣ ’ਤੇ ਨੀਰਜ ਨੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ। ਇਸੀ ਦੌਰਾਨ ਉਨ੍ਹਾਂ ਨੂੰ ਮੰਚ ਤੋਂ ਹੇਠਾਂ ਉਤਾਰਿਆ ਗਿਆ ਅਤੇ ਘਰ ਲੈ ਜਾਇਆ ਗਿਆ।
ਨੀਰਜ ਨੂੰ ਮੰਚ ਦੇ ਪਿੱਛੇ ਲੈ ਜਾਇਆ ਗਿਆ। ਓਲੰਪਿਕ ਗੋਲਡ ਮੈਡਲ ਜੇਤੂ ਨੀਰਜ ਚੋਪੜਾ ਦੀ ਤਬੀਅਤ ਖ਼ਰਾਬ ਹੋਣ ’ਤੇ ਪਰਿਵਾਰ ਵਾਲੇ ਵੀ ਚਿੰਤਿਤ ਹੋ ਗਏ। ਉਸ ਸਮੇਂ ਡੀਸੀ ਸੁਸ਼ੀਲ ਸਾਰਵਾਨ ਨੇ ਡਾਕਟਰਾਂ ਨੂੰ ਬੁਲਾਇਆ। ਇਸਤੋਂ ਬਾਅਦ ਦਿੱਲੀ ’ਚ ਵੀ ਡਾਕਟਰਾਂ ਨਾਲ ਗੱਲਬਾਤ ਕੀਤੀ ਗਈ। ਡੀਸੀ ਸੁਸ਼ੀਲ ਸਾਰਵਾਨ ਨੇ ਦੱਸਿਆ ਕਿ ਨੀਰਜ ਦੀ ਤਬੀਅਤ ਫਿਲਹਾਲ ਠੀਕ ਹੈ। ਦਿੱਲੀ ਦੇ ਡਾਕਟਰਾਂ ਨਾਲ ਗੱਲ ਹੋਈ ਹੈ।
ਮੰਚ ਤੋਂ ਕਿਹਾ, ਸਾਰਿਆਂ ਨਾਲ ਮਿਲ ਨਹੀਂ ਸਕਾਂਗਾ, ਤਬੀਅਤ ਖ਼ਰਾਬ ਹੈ
ਨੀਰਜ ਨੇ ਸਵਾਗਤ ਸਮਾਗਮ ਦੀ ਸ਼ੁਰੂਆਤ ਸਾਰਿਆਂ ਨੂੰ ਨਮਸਕਾਰ ਕਰਦੇ ਹੋਏ ਕੀਤੀ। ਕਿਹਾ, ਮੇਰਾ ਭਾਸ਼ਣ ਵਧੀਆ ਨਹੀਂ ਹੈ। ਫਿਰ ਵੀ ਕੋਸ਼ਿਸ਼ ਕਰਦਾ ਹਾਂ। ਇਥੇ ਬੈਠੇ ਬਜ਼ੁਰਗਾਂ, ਸੀਨੀਅਰ ਖਿਡਾਰੀਆਂ ਦਾ ਧੰਨਵਾਦ ਕਰਦਾ ਹਾਂ। ਮੈਂ ਪਹਿਲਾਂ ਵੀ ਕਿਹਾ ਤੇ ਫਿਰ ਕਹਿ ਰਿਹਾ ਹਾਂ, ਇਹ ਮੈਡਲ ਸਿਰਫ਼ ਮੇਰਾ ਨਹੀਂ। ਇਸ ’ਚ ਤੁਹਾਡੀਆਂ ਦੁਆਵਾਂ ਅਤੇ ਪਿਆਰ ਹੈ। ਇਸ ਲਈ ਮੈਡਲ ਦੇਸ਼ ਦਾ ਹੈ। ਉਥੇ ਹੀ ਉਨ੍ਹਾਂ ਨੇ ਕਿਹਾ ਕਿ ਭੀੜ੍ਹ ਕਾਰਨ ਗਰਮੀ ਜ਼ਿਆਦਾ ਹੈ। ਨੀਰਜ ਨੇ ਕਿਹਾ, ਥੋੜ੍ਹੀ ਤਬੀਅਤ ਖ਼ਰਾਬ ਹੈ। ਸਾਰੇ ਲੋਕ ਆਪਣਾ ਧਿਆਨ ਰੱਖਣ। ਮੇਰੇ ਵਾਂਗੂ ਬਿਮਾਰ ਨਾ ਹੋ ਜਾਇਓ।
ਡਾਕਟਰਾਂ ਨੇ ਦੱਸਿਆ ਕਿ ਸਵੇਰ ਤੋਂ ਲਗਾਤਾਰ ਯਾਤਰਾ ਕਰਨ ਅਤੇ ਭੀੜ੍ਹ ’ਚ ਹੋਣ ਕਾਰਨ ਸਮੱਸਿਆ ਹੋਈ ਹੈ। ਕੁਝ ਦੇਰ ਆਰਾਮ ਕਰਨ ’ਤੇ ਉਹ ਪੂਰੀ ਤਰ੍ਹਾਂ ਨਾਲ ਤੰਦਰੁਸਤ ਹੋ ਜਾਣਗੇ। ਇਸਤੋਂ ਬਾਅਦ ਕਿਸੇ ਨੂੰ ਨੀਰਜ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਹੈ।
ਦੱਸ ਦੇਈਏ ਕਿ ਤਿੰਨ ਦਿਨ ਪਹਿਲਾਂ ਵੀ ਨੀਰਜ ਦੀ ਤਬੀਅਤ ਖ਼ਰਾਬ ਹੋਈ ਸੀ। ਉਨ੍ਹਾਂ ਨੂੰ ਕਾਫੀ ਤੇਜ਼ ਬੁਖ਼ਾਰ ਆਇਆ ਸੀ। ਹਾਲਾਂਕਿ ਉਨ੍ਹਾਂ ਦੀ ਕੋਵਿਡ ਰਿਪੋਰਟ ਨੈਗੇਟਿਵ ਆਈ ਸੀ। ਬੁਖ਼ਾਰ ਕਾਰਨ ਹਰਿਆਣਾ ਸਰਕਾਰ ਦੇ ਸਨਮਾਨ ਸਮਾਗਮ ’ਚ ਵੀ ਸ਼ਾਮਿਲ ਨਹੀਂ ਹੋ ਪਾਏ ਸਨ। ਨੀਰਜ ਸਮਾਗਮ ’ਚ ਵੀਡੀਓ ਕਾਨਫਰੰਸ ਰਾਹੀਂ ਜੁੜੇ ਸਨ।