ਦੇਸ਼ ਵਿਚ ਅੱਜ ਯਾਨੀ 1 ਜੁਲਾਈ ਤੋਂ ਤਿੰਨ ਨਵੇਂ ਅਪਰਾਧਿਕ ਕਾਨੂੰਨ ਲਾਗੂ ਹੋ ਗਏ ਹਨ। ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਤਹਿਤ ਪਹਿਲੀ ਐਫਆਈਆਰ ਦਰਜ ਕੀਤੀ ਗਈ ਹੈ। ਇਹ ਐਫਆਈਆਰ ਸੋਮਵਾਰ ਨੂੰ ਦਿੱਲੀ ਦੇ ਕਮਲਾ ਮਾਰਕੀਟ ਥਾਣੇ ਵਿੱਚ ਭਾਰਤੀ ਨਿਆਂ ਸੰਹਿਤਾ ਤਹਿਤ ਦਰਜ ਕੀਤੀ ਗਈ।
ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਫੁੱਟਓਵਰ ਬ੍ਰਿਜ ਦੇ ਹੇਠਾਂ ਰੁਕਾਵਟ ਪੈਦਾ ਕਰਨ ਅਤੇ ਸਾਮਾਨ ਵੇਚਣ ਦੇ ਦੋਸ਼ ਵਿੱਚ ਇੱਕ ਸਟ੍ਰੀਟ ਵਿਕਰੇਤਾ ਦੇ ਖਿਲਾਫ ਭਾਰਤੀ ਨਿਆਂ ਸੰਹਿਤਾ ਦੀ ਧਾਰਾ 285 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਦਿੱਲੀ ਪੁਲਿਸ ਦੀ ਐਫਆਈਆਰ ਅਨੁਸਾਰ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਫੁੱਟਓਵਰ ਬ੍ਰਿਜ ਹੇਠਾਂ ਸਾਮਾਨ ਵੇਚਣ ਵਾਲਾ ਮੁਲਜ਼ਮ ਬਿਹਾਰ ਦਾ ਰਹਿਣ ਵਾਲਾ ਹੈ। ਮੁਲਜ਼ਮ ਦਾ ਨਾਮ ਪੰਕਜ ਕੁਮਾਰ ਹੈ ਅਤੇ ਉਹ ਸਟੇਸ਼ਨ ਦੇ ਨੇੜੇ ਇੱਕ ਗਲੀ ਵਿਕਰੇਤਾ ਤੋਂ ਸਾਮਾਨ ਵੇਚਦਾ ਹੈ। ਉਸ ਉਤੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਫੁੱਟਓਵਰ ਬ੍ਰਿਜ ਦੇ ਹੇਠਾਂ ਡੀਲਕਸ ਟਾਇਲਟ ਦੇ ਕੋਲ ਗਲੀ ਵਿਚ ਆਪਣੀ ਰੇਹੜੀ ਲਗਾ ਦੇ ਬੀੜੀ ਅਤੇ ਸਿਗਰਟ ਵੇਚਣ ਦਾ ਦੋਸ਼ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਨਜ਼ਦੀਕ ਪੁਲ ‘ਤੇ ਜਨਤਕ ਰਸਤੇ ਵਿਚ ਸਮਾਨ ਵੇਚਦਿਆਂ ਰੁਕਾਵਟ ਪਾਈ ਸੀ। ਜਿਸ ਖ਼ਿਲਾਫ਼ ਰਾਤ 1.30 ਵਜੇ ਐਫ਼ਆਈਆਰ ਦਰਜ ਕੀਤੀ ਹੈ।
ਦਿੱਲੀ ਪੁਲਿਸ ਦੀ ਸ਼ਿਕਾਇਤ ਅਨੁਸਾਰ ਸੜਕ ਦੇ ਵਿਚਕਾਰ ਉਸ ਦੀ ਰੇਹੜੀ ਕਾਰਨ ਆਮ ਲੋਕਾਂ ਨੂੰ ਆਉਣ-ਜਾਣ ਵਿੱਚ ਦਿੱਕਤ ਆ ਰਹੀ ਸੀ। ਰਾਹਗੀਰਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ। ਪੁਲਿਸ ਨੇ ਮੁਲਜ਼ਮ ਨੂੰ ਕਈ ਵਾਰ ਰੇਹੜੀ ਹਟਾਉਣ ਲਈ ਕਿਹਾ ਸੀ। ਪਰ ਉਸ ਨੇ ਨਜ਼ਰਅੰਦਾਜ਼ ਕਰ ਦਿੱਤਾ।
ਐਸਆਈ ਨੇ ਇਸ ਦੀ ਵੀਡੀਓ ਬਣਾਈ ਸੀ। ਇਸ ਤੋਂ ਬਾਅਦ ਉਸ ਦੇ ਖਿਲਾਫ ਐੱਫ.ਆਈ.ਆਰ. ਕੀਤੀ ਗਈ। ਅਸਲ ਵਿਚ ਅੱਜ ਤੋਂ ਤਿੰਨ ਨਵੇਂ ਅਪਰਾਧਿਕ ਕਾਨੂੰਨ ਲਾਗੂ ਹੋਣ ਨਾਲ ਬਸਤੀਵਾਦੀ ਯੁੱਗ ਦੇ ਕਾਨੂੰਨਾਂ ਦਾ ਅੰਤ ਹੋ ਗਿਆ। ਭਾਰਤੀ ਨਿਆਏ ਸੰਹਿਤਾ, ਭਾਰਤੀ ਨਾਗਰਿਕ ਸੁਰਕਸ਼ਾ ਸੰਹਿਤਾ ਤੇ ਭਾਰਤੀ ਸਾਕਸ਼ਯ ਅਧਿਨਿਯਮ ਬਰਤਾਨਵੀ ਕਾਲ ਦੇ ਕ੍ਰਮਵਾਰ ਇੰਡੀਅਨ ਪੀਨਲ ਕੋਡ, ਕੋਡ ਆਫ ਕ੍ਰਿਮੀਨਲ ਪ੍ਰੋਸੀਜ਼ਰ ਅਤੇ ਇੰਡੀਅਨ ਐਵੀਡੈਂਸ ਐਕਟ ਦੀ ਥਾਂ ਲੈਣਗੇ।
ਨਵੇਂ ਕਾਨੂੰਨਾਂ ਨਾਲ ਇੱਕ ਆਧੁਨਿਕ ਨਿਆਂ ਪ੍ਰਣਾਲੀ ਸਥਾਪਤ ਹੋਵੇਗੀ ਜਿਸ ਵਿੱਚ ‘ਜ਼ੀਰੋ ਐੱਫਆਈਆਰ’, ਪੁਲਿਸ ’ਚ ਆਨਲਾਈਨ ਸ਼ਿਕਾਇਤ ਦਰਜ ਕਰਾਉਣਾ, ‘ਐੱਸਐੱਮਐੱਸ’ (ਮੋਬਾਈਲ ਫੋਨ ’ਤੇ ਸੰਦੇਸ਼) ਰਾਹੀਂ ਸੰਮਨ ਭੇਜਣ ਜਿਹੇ ਇਲੈਕਟ੍ਰੌਨਿਕ ਮਾਧਿਅਮਾਂ ਅਤੇ ਸਾਰੇ ਗੰਭੀਰ ਅਪਰਾਧਾਂ ਵਾਲੇ ਘਟਨਾ ਸਥਾਨ ਦੀ ਲਾਜ਼ਮੀ ਵੀਡੀਓਗ੍ਰਾਫੀ ਜਿਹੀਆਂ ਮੱਦਾਂ ਸ਼ਾਮਲ ਹੋਣਗੀਆਂ।