ਕੋਰੋਨਾ ਵਾਇਰਸ (Coronavirus) ਦੀ ਲਪੇਟ ’ਚ ਆਉਣ ਵਾਲੇ ਲੋਕਾਂ ’ਚ ਵਿਟਾਮਿਨ ਡੀ (Vitamin-D) ਦੇ ਪੱਧਰ ਨੂੰ ਲੈ ਕੇ ਇਕ ਨਵਾਂ ਅਧਿਐਨ (New Study) ਕੀਤਾ ਗਿਆ ਹੈ। ਇਸ ਅਧਿਐਨ ਮੁਤਾਬਕ, ਅਜਿਹੇ ਲੋਕਾਂ ’ਚ ਵਿਟਾਮਿਨ ਡੀ ਦੀ ਕਮੀ (Deficiency of Vitamin-D) ਖ਼ਤਰਨਾਕ ਹੋ ਸਕਦੀ ਹੈ। ਇਸ ਕਾਰਨ ਮੌਤ ਦਾ ਜੋਖ਼ਮ 20 ਫ਼ੀਸਦੀ ਤਕ ਵਧ ਸਕਦਾ ਹੈ। ਇਜ਼ਰਾਈਲ (Israel) ਦੀ ਬਾਰ-ਇਲਾਨ ਯੂਨੀਵਰਸਿਟੀ ਅਤੇ ਗੈਲਿਲੀ ਮੈਡੀਕਲ ਸੈਂਟਰ ਦੇ ਖੋਜੀਆਂ ਨੇ ਇਹ ਅਧਿਐਨ ਕੀਤਾ ਹੈ। ਉਨ੍ਹਾਂ ਪਾਇਆ ਕਿ ਕੋਰੋਨਾ ਦੇ ਸੰਪਰਕ ’ਚ ਆਉਣ ਤੋਂ ਪਹਿਲਾਂ ਸਰੀਰ ’ਚ ਵਿਟਾਮਿਨ ਡੀ ਦੀ ਕਮੀ ਦਾ ਕੋਰੋਨਾ ਇਨਫੈਕਸ਼ਨ (Corona Infection) ਦੀ ਗੰਭੀਰਤਾ ਅਤੇ ਮੌਤ ਦੇ ਖ਼ਤਰੇ ’ਤੇ ਸਿੱਧਾ ਅਸਰ ਪੈਂਦਾ ਹੈ। ਮੈਡੀਕਲ ਸ਼ੇਅਰਿੰਗ ਸਾਈਟ ਮੈਡਰੇਕਸਿਵ ’ਤੇ ਅਧਿਐਨ ਦੇ ਨਤੀਜਿਆਂ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ।
ਗੈਲਿਲੀ ਮੈਡੀਕਲ ਸੈਂਟਰ ਦੇ ਖੋਜੀ ਅਮੀਰ ਬਸ਼ਕਿਨ ਨੇ ਨਤੀਜਿਆਂ ਦੇ ਆਧਾਰ ’ਤੇ ਦੱਸਿਆ ਕਿ ਇਨਫੈਕਸ਼ਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਵਿਚ ਵਿਟਾਮਿਨ ਡੀ ਦੀ ਕਮੀ ਸੀ, ਉਨ੍ਹਾਂ ਵਿਚੋਂ 26 ਫ਼ੀਸਦੀ ਲੋਕਾਂ ਦੀ ਮੌਤ ਹੋ ਗਈ, ਜਦਕਿ ਜਿਨ੍ਹਾਂ ਪੀਡ਼ਤਾਂ ਵਿਚ ਉੱਚ ਪੱਧਰ ’ਤੇ ਵਿਟਾਮਿਨ ਡੀ ਸੀ, ਉਨ੍ਹਾਂ ਵਿਚੋਂ ਮਹਿਜ਼ ਤਿੰਨ ਫ਼ੀਸਦੀ ਪੀਡ਼ਤਾਂ ਦੀ ਜਾਨ ਗਈ। ਉਨ੍ਹਾਂ ਕਿਹਾ, ‘ਅਸੀਂ ਵਿਟਾਮਿਨ ਡੀ ਦੇ ਨਿਮਨ ਪੱਧਰ ਦਾ ਸਬੰਧ ਬਿਮਾਰੀ ਦੀ ਗੰਭੀਰਤਾ ਅਤੇ ਮੌਤ ਨਾਲ ਪਾਇਆ ਹੈ।’ ਹਾਲਾਂਕਿ ਇਸ ਮਹੀਨੇ ਦੀ ਸ਼ੁਰੂਆਤ ’ਚ ਕੈਨੇਡਾ ਦੀ ਮੈਕਗਿਲ ਯੂਨੀਵਰਸਿਟੀ ਦੇ ਇਕ ਅਧਿਐਨ ਵਿਚ ਇਸ ਦੇ ਉਲਟ ਨਤੀਜਾ ਸਾਹਮਣੇ ਆਇਆ ਸੀ। ਇਸ ’ਚ ਵਿਟਾਮਿਨ ਡੀ ਦੀ ਕਮੀ ਅਤੇ ਬਿਮਾਰੀ ਦੀ ਗੰਭੀਰਤਾ ਵਿਚਾਲੇ ਜੁੜਾਅ ਦਾ ਕੋਈ ਸਬੂਤ ਨਹੀਂ ਪਾਇਆ ਗਿਆ ਸੀ। ਨਵੇਂ ਅਧਿਐਨ ਦੇ ਖੋਜੀਆਂ ਨੇ ਕਿਹਾ ਕਿ ਪਹਿਲਾਂ ਦੀ ਖੋਜ ’ਚ ਸਿਰਫ਼ ਵਿਟਾਮਿਨ ਡੀ ਦੇ ਪੱਧਰਾਂ ’ਤੇ ਗੌਰ ਕੀਤਾ ਗਿਆ। ਇਸ ਕਾਰਨ ਨਤੀਜੇ ਗ਼ਲਤ ਹੋ ਸਕਦੇ ਹਨ। ਇਸ ਲਈ ਇਹ ਮਹੱਤਵਪੂਰਨ ਹੈ ਕਿ ਵੱਡੀ ਉਮਰ ਦੇ ਲੋਕ ਖ਼ਾਸ ਤੌਰ ’ਤੇ ਬਜ਼ੁਰਗ ਵਿਟਾਮਿਨ ਡੀ ਦੀ ਭਰਪੂਰ ਖ਼ੁਰਾਕ ਲੈਣ।