ਪਾਕਿਸਤਾਨ ਦੇ ਕਬਜ਼ੇ ਵਾਲੇ ਮਕਬੂਜ਼ਾ ਕਸ਼ਮੀਰ ਦੀ ਸਰਕਾਰ ਨੇ ਮਾਂ ਸ਼ਾਰਦਾ ਪੀਠ ਲਈ ਕਸ਼ਮੀਰ ਦੇ ਦੋਵੇਂ ਹਿੱਸਿਆਂ ਨੂੰ ਜੋੜਨ ਲਈ ਕਰਤਾਰਪੁਰ ਵਰਗਾ ਇਕ ਲਾਂਘਾ ਖੋਲ੍ਹਣ ਦੀ ਮੰਗ ਕਰਨ ਵਾਲੇ ਇਕ ਪ੍ਰਸਤਾਵ ਨੂੰ ਖੇਤਰ ਦੀ ਵਿਧਾਨ ਸਭਾ ਵਿਚ ਮਨਜ਼ੂਰ ਕਰਨ ਦੇ ਸਿਲਸਿਲੇ ਵਿਚ ਤੱਥਾਂ ਦਾ ਪਤਾ ਲਗਾਉਣ ਲਈ ਪੜਤਾਲ ਸ਼ੁਰੂ ਕੀਤੀ ਹੈ।
ਐਕਸਪ੍ਰੈੱਸ ਟ੍ਰਿਬਿਊਨ ਅਖ਼ਬਾਰ ਮੁਤਾਬਕ
ਮਕਬੂਜ਼ਾ ਕਸ਼ਮੀਰ ਦੇ ਪ੍ਰਧਾਨ ਮੰਤਰੀ ਸਰਦਾਰ ਤਨਵੀਰ ਇਲਿਆਸ ਖ਼ਾਨ ਨੇ ਹੁਰੀਅਤ ਨੇਤਾਵਾਂ ਦੇ ਸਨਮਾਨ ਵਿਚ ਆਪਣੀ ਮੇਜ਼ਬਾਨੀ ਵਿਚ ਰਾਤ ਦੇ ਖਾਣੇ ਦੌਰਾਨ ਦਿੱਤੇ ਭਾਸ਼ਣ ਵਿਚ ਇਹ ਯੋਜਨਾ ਸਾਂਝੀ ਕੀਤੀ। ਖ਼ਾਨ ਨੇ ਵਿਧਾਨ ਸਭਾ ਵਿਚ ਪੇਸ਼ ਪ੍ਰਸਤਾਵ ਨੂੰ ਲੈ ਕੇ ਆਪਣੀ ਗੰਭੀਰ ਚਿੰਤਾ ਪ੍ਰਗਟਾਈ ਅਤੇ ਕਿਹਾ ਕਿ ਇਕ ਤੱਥਾਂ ਦੀ ਜਾਂਚ ਜਾਰੀ ਹੈ ਅਤੇ ਕਿਹਾ ਕਿ ਇਸ ਨੂੰ ਛੇਤੀ ਹੀ ਜਨਤਕ ਕੀਤਾ ਜਾਵੇਗਾ। 2019 ਵਿਚ ਚਾਲੂ ਹੋਇਆ ਕਰਤਾਰਪੁਰ ਲਾਂਘਾ ਪਾਕਿਸਤਾਨ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਗੁਰਦੁਆਰਾ ਸਾਹਿਬ ਨਾਲ ਜੋੜਦਾ ਹੈ। ਇਹ ਚਾਰ ਕਿਲੋਮੀਟਰ ਲੰਬਾ ਲਾਂਘਾ ਗੁਰਦੁਆਰਾ ਦਰਬਾਰ ਸਾਹਿਬ ਦੀ ਯਾਤਰਾ ਲਈ ਭਾਰਤੀ ਸ਼ਰਧਾਲੂਆਂ ਨੂੰ ਵੀਜ਼ਾ ਮੁਕਤ ਆਵਾਜਾਈ ਦੀ ਸਹੂਲਤ ਪ੍ਰਦਾਨ ਕਰਦਾ ਹੈ।
ਜ਼ਿਕਰਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ-ਕਸ਼ਮੀਰ ਦੇ ਕਾਰਨਾਹ ਸੈਕਟਰ ਵਿਚ ਕੰਟਰੋਲ ਰੇਖਾ ਦੇ ਲਾਗੇ ਮਾਤਾ ਸ਼ਾਰਦਾ ਦੇਵੀ ਮੰਦਰ ਦਾ ਪਿਛਲੇ ਮਹੀਨੇ ਡਿਜੀਟਲ ਤਰੀਕੇ ਨਾਲ ਉਦਘਾਟਨ ਕੀਤਾ ਸੀ। ਇਸ ਮੌਕੇ ਉਨ੍ਹਾਂ ਕਿਹਾ ਸੀ ਕਿ ਮੰਦਰ ਦਾ ਉਦਘਾਟਨ ਮਾਤਾ ਸ਼ਾਰਦਾ ਦੇਵੀ ਦੇ ਅਸ਼ੀਰਵਾਦ ਅਤੇ ਐੱਲਓਸੀ ਦੇ ਦੋਵਾਂ ਪਾਸਿਆਂ ਦੇ ਲੋਕਾਂ ਦੀ ਸੰਯੁਕਤ ਕੋਸ਼ਿਸ਼ਾਂ ਨਾਲ ਸੰਭਵ ਹੋਇਆ ਹੈ। ਸ਼ਾਹ ਨੇ ਕਰਤਾਰਪੁਰ ਲਾਂਘੇ ਦੇ ਤਰਜ਼ ’ਤੇ ਐੱਲਓਸੀ ਦੇ ਦੋਵੇਂ ਪਾਸੇ ਸ਼ਾਰਦਾ ਪੀਠ ਖੋਲ੍ਹਣ ਦੀ ਮੰਗ ਦਾ ਜ਼ਿਕਰ ਕਰਦੇ ਹੋਏ ਕਿਹਾ ਸੀ ਕਿ ਕੇਂਦਰ ਇਸ ’ਤੇ ਨਿਸ਼ਚਿਤ ਰੂਪ ਨਾਲ ਯਤਨ ਕਰੇਗਾ ਅਤੇ ਇਸ ਬਾਰੇ ਕੋਈ ਸ਼ੱਕ ਨਹੀਂ ਹੈ।