ਟੋਕੀਓ ਓਲੰਪਿਕ (Tokyo Olympics) ‘ਤੇ ਅੱਜ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹਨ। ਇਸ ‘ਚ ਮੌਜੂਦ ਹਰ ਖਿਡਾਰੀ ਆਪਣੇ ਦੇਸ਼ ਦੀ ਨੁਮਾਇੰਦਗੀ ਕਰ ਰਿਹਾ ਹੈ। ਜਦੋਂ ਆਪਣੀ ਸਖ਼ਤ ਕੋਸ਼ਿਸ਼ ਕਾਰਨ ਖਿਡਾਰੀ ਨੂੰ ਜਿੱਤ ਹਾਸਲ ਹੁੰਦੀ ਹੈ ਤਾਂ ਇਹ ਜਿੱਤ ਸਿਰਫ਼ ਉਸ ਦੀ ਨਹੀਂ ਬਲਕਿ ਪੂਰੇ ਦੇਸ਼ ਦੀ ਹੁੰਦੀ ਹੈ। ਜਦੋਂ ਉਹ ਪੋਡੀਅਮ ‘ਤੇ ਆਪਣਾ ਸੋਨੇ ਦਾ ਤਮਗਾ ਲੈਣ ਜਾਂਦਾ ਹੈ ਤਾਂ ਉਸ ਦੇ ਤੇ ਉਸ ਦੇ ਦੇਸ਼ ਦੇ ਸਨਮਾਨ ‘ਚ ਰਾਸ਼ਟਰਗਾਨ ਹੁੰਦਾ ਹੈ, ਖਿਡਾਰੀ ਦੇ ਦੇਸ਼ ਦੇ ਤਿਰੰਗੇ ਨੂੰ ਉੱਪਰ ਚੁੱਕਿਆ ਜਾਂਦਾ ਹੈ ਪਰ ਮੰਗਲਵਾਰ ਨੂੰ ਟੋਕੀਓ ਓਲੰਪਿਕ ‘ਚ ਤਾਇਵਾਨ ਦੀ ਸਟਾਰ ਵੇਟਲਿਫਟਰ ਨਾਲ ਕੁਝ ਵੱਖਰਾ ਹੀ ਹੋਇਆ।
ਜੀ ਹਾਂ, ਮੰਗਲਵਾਰ ਨੂੰ ਟੋਕੀਓ ਓਲੰਪਿਕ ‘ਚ ਤਾਇਵਾਨ ਦੀ ਸਟਾਰ ਵੇਟਲਿਫਟਰ ਕੁਓ ਹਸਿੰਗ-ਚੁਨ ਨੇ ਜਦੋਂ ਗੋਲਡ ਮੈਡਲ ਜਿੱਤਿਆ ਤੇ ਉਹ ਪੋਡੀਅਮ ‘ਤੇ ਆਪਣਾ ਮੈਡਲ ਲੈਣ ਪੁੱਜੀ। ਇਹ ਨਜ਼ਾਰਾ ਹੈਰਾਨ ਕਰ ਦੇਣ ਵਾਲਾ ਸੀ ਕਿਉਂਕਿ ਇਸ ਦੌਰਾਨ ਨਾ ਕੋਈ ਰਾਸ਼ਟਰੀ ਤਿਰੰਗਾ ਸੀ, ਨਾ ਹੀ ਕੋਈ ਰਾਸ਼ਟਰਗਾਨ ਵੱਜਿਆ। ਅਜਿਹਾ ਪਹਿਲੀ ਵਾਰ ਹੋਇਆ ਕਿ ਕੋਈ ਖਿਡਾਰੀ ਜਿੱਤ ਹਾਸਲ ਕਰਨ ਤੋਂ ਬਾਅਦ ਪੋਡੀਅਮ ‘ਤੇ ਪੁੱਜਾ ਪਰ ਉਸ ਖਿਡਾਰੀ ਦੇ ਦੇਸ਼ ਦਾ ਤਿਰੰਗਾ ਉੱਪਰ ਚੁੱਕਿਆ ਦਿਖਾਈ ਨਾ ਦਿੱਤਾ। ਅਸਲ ‘ਚ ਤਾਇਵਾਨ ਖ਼ੁਦ ਨੂੰ ਇਨ੍ਹਾਂ ਖੇਡਾਂ ‘ਚ ‘ਤਾਇਵਾਨ’ ਕਹਿ ਵੀ ਨਹੀਂ ਸਕਦਾ। ਇਹ ਤਾਇਵਾਨ ਦੇ ਲੋਕਾਂ ਲਈ ਪਰੇਸ਼ਾਨ ਕਰਨ ਵਾਲਾ ਵਿਸ਼ਾ ਹੈ।
ਇੰਝ ਤਾਇਵਾਨ ਦਾ ਨਾਂ ਪਿਆ ਤਾਇਪੇ
ਤਾਇਵਾਨ ਜਦੋਂ ਖ਼ੁਦ ਇਕ ਦੇਸ਼ ਹੈ ਤਾਂ ਫਿਰ ਉਸ ਦਾ ਨਾਂ ‘ਤਾਇਪੇ’ ਕਿਵੇਂ ਪਿਆ? ਅਸਲ ‘ਚ 1981 ‘ਚ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ ਚੀਨ ਰਾਹੀਂ ਇਸ ਦਾ ਨਾਂ ‘ਤਾਇਪੇ’ ਤੈਅ ਕੀਤਾ। ਤਾਇਵਾਨ ਦੇ ਐਥਲੀਟ ਖੇਡਾਂ ‘ਚ ਹਿੱਸਾ ਤਾਂ ਲੈ ਸਕਦੇ ਹਨ ਪਰ ਖ਼ੁਦ ਨੂੰ ਇਕ ਪ੍ਰਭੂਸੱਤਾ ਦੇਸ਼ ਦਾ ਹਿੱਸਾ ਨਹੀਂ ਦੱਸ ਸਕਦੇ। ਆਪਣੇ ਲਾਲ ਤੇ ਸਫ਼ੈਦ ਕੌਮੀ ਤਿਰੰਗੇ ਦੇ ਸਥਾਨ ‘ਤੇ ਤਾਇਵਾਨ ਦੇ ਐਥਲੀਟ ਸਫ਼ੈਦ ਝੰਡੇ, ਜਿਸ ‘ਤੇ ਓਲੰਪਿਕ ਰਿੰਗ ਬਣੀ ਹੁੰਦੀ ਹੈ, ਦੇ ਹੇਠਾਂ ਓਲੰਪਿਕ ਦਾ ਹਿੱਸਾ ਬਣਦੇ ਹਨ। ਐਥਲੀਟ ਜਦੋਂ ਪੋਡੀਅਮ ‘ਤੇ ਮੌਜੂਦ ਹੁੰਦੇ ਹਨ ਤਾਂ ਤਾਇਵਾਨ ਦਾ ਰਾਸ਼ਟਰੀ ਤਿਰੰਗਾ ਨਹੀਂ ਲਹਿਰਾਇਆ ਜਾਂਦਾ ਤੇ ਨਾ ਹੀ ਇਸ ਦਾ ਰਾਸ਼ਟਰੀਗਾਨ ਗਾਇਆ ਜਾਂਦਾ ਹੈ।
ਤਾਇਵਾਨ ਫਿਰ ਉਤਰਿਆ ਓਲੰਪਿਕ ‘ਚ
ਤਾਇਵਾਨ ਨੇ 1960 ਦੀਆਂ ਖੇਡਾਂ ‘ਚ ਆਈਓਸੀ ਦੀ ਇਜਾਜ਼ਤ ਨਾਲ ਤਾਇਵਾਨ ਨਾਂ ਤੋਂ ਹੀ ਓਲੰਪਿਕ ਖੇਡਾਂ ‘ਚ ਹਿੱਸਾ ਲਿਆ ਪਰ ਤਾਇਵਾਨ ਦੀ ਉਦੋਂ ਦੀ ਸਰਕਾਰ ਨੂੰ ਇਸ ਨਾਂ ‘ਤੇ ਇਤਰਾਜ਼ ਸੀ। ਉਹ ਰਿਪਬਲਿਕ ਆਫ ਚਾਈਨਾ ਨਾਂ ਤੋਂ ਓਲੰਪਿਕ ‘ਚ ਹਿੱਸਾ ਲੈਣਾ ਚਾਹੁੰਦੇ ਸਨ। ਇਸ ਤੋਂ ਬਾਅਦ ਵੀ 1960 ਤੇ 1964 ਦੀਆਂ ਖੇਡਾਂ ‘ਚ ਵੀ ਤਾਇਵਾਨ ਨੇ ਆਪਣੇ ਹੀ ਨਾਂ ਯਾਨੀ ਤਾਇਵਾਨ ਤੋਂ ਹੀ ਓਲੰਪਿਕ ‘ਚ ਹਿੱਸਾ ਲਿਆ ਸੀ।