ਮਾਪੇ ਬਣਨਾ ਮਾਂ ਬਾਪ ਲਈ ਬਹੁਤ ਹੀ ਪਿਆਰਾ ਅਨੁਭਵ ਹੁੰਦਾ ਹੈ। ਔਰਤ ਲਈ ਇਹ ਅਹਿਸਾਸ ਹੋਰ ਵੀ ਖਾਸ ਹੁੰਦਾ ਹੈ। ਮਾਂ ਬਣਨਾ ਤੇ ਕੁਝ ਨਵਾਂ ਸਿਰਜ ਸਕਣ ਦੀ ਸ਼ਕਤੀ ਉਸ ਨੂੰ ਊਰਜਿਤ ਕਰਦੀ ਹੈ। ਅੱਜਕਲ੍ਹ ਦੰਪਤੀ ਜੋੜੇ ਬਹੁਤ ਹੀ ਪਲਾਨ ਕਰਕੇ ਗਰਭ ਧਾਰਨ ਕਰਦੇ ਹਨ। ਪਰ ਕਈ ਵਾਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਹੁੰਦਾ ਹਾ। ਕੁਦਰਤ ਦੇ ਪਲਾਨ ਅੱਗੇ ਮਾਪਿਆਂ ਦੀ ਪਲਾਨਿੰਗ ਧਰੀ ਧਰਾਈ ਰਹਿ ਜਾਂਦੀ ਹੈ। ਅਜਿਹਾ ਹੀ ਹੋਇਆ ਅਮਰੀਕਾ ਦੀ ਵਾਸੀ ਔਰਤ ਰਕੇਲ ਟਾਲਵਰ (Raquel Tolver) ਦੇ ਨਾਲ। ਉਹ ਇਕ ਬੱਚੇ ਦੀ ਮਾਂ ਸੀ ਤੇ ਇਸ ਤੋਂ ਬਾਅਦ ਉਹਨਾਂ ਦੂਜਾ ਬੱਚਾ ਪਲਾਨ ਕੀਤਾ। ਪਰ ਹੈਰਾਨੀ ਦੀ ਉਦੋਂ ਕੋਈ ਹੱਦ ਨਾ ਰਹੀ ਜਦ ਪਤਾ ਲੱਗਿਆ ਕਿ ਉਹ ਇਕ ਨਹੀਂ, ਦੋ ਨਹੀਂ ਬਲਕਿ ਪੂਰੇ ਚਾਰ ਬੱਚਿਆਂ ਦੀ ਮਾਂ ਬਣਨ ਵਾਲੀ ਹੈ। ਆਓ ਤੁਹਾਨੂੰ ਦੱਸੀਏ ਇਹ ਪੂਰੀ ਗਜ਼ਬ ਕਹਾਣੀ – ਰਕੇਲ ਟਾਲਵਰ ਅਮਰੀਕਾ ਦੀ ਰਹਿਣ ਵਾਲੀ 33 ਸਾਲਾਂ ਸ਼ਾਦੀਸ਼ੁਦਾ ਮਹਿਲਾ ਹੈ। ਅਕਤੂਬਰ 2022 ਵਿਚ ਉਸ ਨੂੰ ਪਤਾ ਲੱਗਿਆ ਕਿ ਉਹ 4 ਬੱਚਿਆਂ ਦੀ ਮਾਂ ਬਣਨ ਵਾਲੀ ਹੈ। 23 ਮਾਰਚ 2023 ਨੂੰ ਇਹਨਾਂ ਚਾਰ ਬੱਚਿਆਂ ਨੇ ਦੁਨੀਆਂ ਵਿਚ ਜਨਮ ਲੈ ਲਿਆ। ਜਨਮ ਤੋਂ ਬਾਅਦ ਬੱਚੇ ਐਨੇ ਕਮਜ਼ੋਰ ਸਨ ਕਿ ਉਹਨਾਂ ਨੂੰ ਆਈਸੀਯੂ ਵਿਚ ਰੱਖਣਾ ਪਿਆ ਤੇ ਕਈ ਮਹੀਨੇ ਉਹ ਉੱਥੇ ਹੀ ਰਹੇ। ਜਦ ਬੱਚੇ ਸਿਹਤਯਾਬ ਹੋ ਗਏ ਤਾਂ ਉਹ ਮਾਪਿਆ ਕੋਲ ਆ ਗਏ। ਹੁਣ ਇਹਨਾਂ ਚਾਰਾਂ ਬੱਚਿਆਂ ਦੀ ਉਮਰ 10 ਮਹੀਨਿਆਂ ਦੀ ਹੈ ਤੇ ਉਹਨਾਂ ਦੀ ਮਾਂ ਹੁਣ ਕੁੱਲ 5 ਬੱਚਿਆਂ ਦੀ ਮਾਂ ਹੈ।
ਮੁਸ਼ਕਿਲ ਬਣ ਗਈ ਹੈ ਜ਼ਿੰਦਗੀ
5 ਬੱਚਿਆਂ ਦੀ ਮਾਂ ਦੀ ਜ਼ਿੰਦਗੀ ਹੁਣ ਕਾਫੀ ਮੁਸ਼ਕਿਲ ਹੋ ਗਈ ਹੈ। ਬੱਚਿਆਂ ਦੇ ਪਾਲਣ ਪੋਸ਼ਣ ਕਾਰਨ ਉਹ ਹੁਣ ਘਰ ਵਿਚ ਹੀ ਰਹਿੰਦੀ ਹੈ। ਰਕੇਲ ਦੇ ਪਤੀ ਡੇਰਿਸ ਇਕ ਆਈਟੀ ਕੰਪਨੀ ਵਿਚ ਨੌਕਰੀ ਕਰਦੇ ਹਨ। ਮਾਪਿਆਂ ਦੀ ਪੂਰੀ ਆਮਦਨੀ ਬੱਚਿਆਂ ਦੇ ਪਾਲਣ ਪੋਸ਼ਣ ਵਿਚ ਲੱਗ ਰਹੀ ਹੈ। ਪਰ ਵੱਡੀ ਸਮੱਸਿਆ ਦਿਨ-ਰਾਤ ਬੱਚਿਆਂ ਦੀ ਸੰਭਾਲ ਦੀ ਹੈ। ਮਾਂ ਨੇ ਦੱਸਿਆ ਕਿ ਇਕ ਦਿਨ ਵਿਚ ਉਹ ਬੱਚਿਆਂ ਦੇ 30 ਨੈਪੀ ਬਦਲਦੀ ਹੈ ਤੇ 4 ਵਾਰ ਕੱਪੜੇ ਧੋਂਦੀ ਹੈ। ਜਦ ਰਕੇਲ ਦਾ ਪਹਿਲਾ ਬੱਚਾ ਘਰ ਆ ਜਾਂਦਾ ਹੈ ਤਾਂ ਮਾਹੌਲ ਪੂਰਾ ਸਰਕਸ ਵਾਂਗ ਬਣ ਜਾਂਦਾ ਹੈ। ਰਕੇਲ ਨੇ ਦੱਸਿਆ ਕਿ ਬੱਚਿਆਂ ਦੇ ਲੰਗੋਟ ਬਦਲਦੀ ਦਾ ਉਸ ਦਾ ਦਮ ਨਿਕਲ ਜਾਂਦਾ ਹੈ। ਉਹ ਕਹਿੰਦੀ ਹੈ ਕਿ ਮੈਨੂੰ ਸਮਝ ਨਹੀਂ ਆ ਰਹੀ ਹੈ, ਇਹ ਮੈਨੂੰ ਕੁਦਰਤ ਨੇ ਦਾਤ ਬਖ਼ਸ਼ੀ ਹੈ ਜਾਂ ਮੁਸ਼ਕਿਲ ਦੇ ਪਹਾੜ ਹੇਠਾਂ ਸੁੱਟ ਦਿੱਤਾ ਹੈ।
ਖੁਸ਼ੀ ਨੇ ਵਟਾਇਆ ਰੂਪ
ਇਸ ਅਮਰੀਕੀ ਮਹਿਲਾ ਨੇ ਦੱਸਿਆ ਕਿ ਉਸ ਨੂੰ 2019 ਵਿਚ ਇਕ ਗੰਭੀਰ ਸਥਿਤੀ ਦਾ ਪਤਾ ਲੱਗਿਆ ਸੀ ਕਿ ਉਹ ਪਾਲੀਸਿਸਿਟਕ ਓਵਰੀ ਸਿੰਡਰੋਮ ਦੀ ਪੀੜਤ ਹੈ। ਇਸ ਕਾਰਨ ਉਸ ਦੇ ਗਰਭਵਤੀ ਹੋਣ ਵਿਚ ਦਿੱਕਤ ਆਵੇਗੀ। ਉਹ ਪਹਿਲੀ ਵਾਰ 2020 ਵਿਚ ਮਾਂ ਬਣੀ ਤਾਂ ਬੇਹੱਦ ਖੁਸ਼ ਹੋਈ। ਇਸ ਤੋਂ ਬਾਅਦ ਉਸ ਨੂੰ ਪਤਾ ਲੱਗਿਆ ਕਿ ਉਸ ਦੇ ਗਰਭਵਤੀ ਹੋਣ ਦੇ ਚਾਂਸ ਹੁਣ 10 ਫੀਸਦੀ ਹੀ ਹਨ। ਰਕੇਲ ਇਕ ਹੋਰ ਬੱਚਾ ਚਾਹੁੰਦੀ ਸੀ। ਜਦ ਸਤੰਬਰ 2022 ਵਿਚ ਉਸ ਨੂੰ ਆਪਣੇ ਗਰਭਵਤੀ ਹੋਣ ਦਾ ਪਤਾ ਲੱਗਿਆ ਤਾਂ ਉਹ ਬੇਹੱਦ ਖੁਸ਼ ਹੋਈ। ਉਹ ਇਕ ਹੋਰ ਬੱਚੇ ਦੀ ਕਾਮਨਾ ਨਾਲ ਖੁਸ਼ ਸੀ। ਪਰ ਜਦ ਇਕ ਦੀ ਬਜਾਇ ਚਾਰ ਬੱਚੇ ਹੋਏ ਤਾਂ ਰਕੇਲ ਦੀ ਖੁਸ਼ੀ ਨੇ ਰੂਪ ਵਟਾ ਲਿਆ। ਰਕੇਲ ਦਾ ਕਹਿਣਾ ਹੈ ਕਿ ਬੇਸ਼ੱਕ ਉਹ ਸਰੀਰਕ ਤਕਲੀਫ ਤੇ ਬੇਆਰਾਮੀ ਨਾਲ ਜੂਝ ਰਹੀ ਹੈ, ਪਰ ਬੱਚਿਆਂ ਨਾਲ ਭਰਿਆ ਘਰ ਵੇਖਕੇ ਖੁਸ਼ੀ ਮਿਲਦੀ ਹੈ। ਹੁਣ ਮੈਨੂੰ ਐਨੇ ਪਿਆਰੇ ਬੱਚਿਆਂ ਵਿਚ ਘਿਰੀ ਨੂੰ ਖੁਸ਼ੀ ਮਿਲਦੀ ਹੈ। ਇਹ ਬੱਚੇ ਹੀ ਹੁਣ ਮੇਰੀ ਜ਼ਿੰਦਗੀ ਹੈ।