ਕਾਂਗਰਸ ਦੀ ਵਿਦਿਆਰਥੀ ਜਥੇਬੰਦੀ NSUI ਦੇ ਸਾਬਕਾ ਪ੍ਰਧਾਨ ਅਕਸ਼ੈ ਸ਼ਰਮਾ ਸ਼ੁੱਕਰਵਾਰ ਨੂੰ ਭਾਜਪਾ ‘ਚ ਸ਼ਾਮਲ ਹੋ ਗਏ। ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਅਕਸ਼ੈ ਸ਼ਰਮਾ ਨੂੰ ਪਾਰਟੀ ‘ਚ ਸ਼ਾਮਲ ਕੀਤਾ। ਉਨ੍ਹਾਂ ਕਿਹਾ ਕਿ ਸ਼ਰਮਾ ਨੇ 3.96 ਲੱਖ ਵੋਟਾਂ ਬਣਾਈਆਂ ਸਨ ਜਦਕਿ ਬਾਕੀ ਆਗੂਆਂ ਨੇ ਚਾਰ ਲੱਖ ਵੋਟਾਂ ਬਣਾਈਆਂ ਸਨ।
ਭਾਜਪਾ ਨੂੰ ਕਿਸੇ ਪਾਰਟੀ ‘ਚ ਸੰਨ੍ਹ ਲਾਉਣ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਮੋਹਿਤ ਮੋਹਿੰਦਰਾ ਨੂੰ ਪ੍ਰਧਾਨ ਥੋਪਿਆ ਗਿਆ। ਜਾਖੜ ਨੇ ਕਿਹਾ ਕਿ ਜਿਹੜੀ ਸੋਚ ਨਾਲ ਕਾਂਗਰਸ ‘ਚ ਇਲੈਕਸ਼ਨ ਪ੍ਰੋਸੈੱਸ ਸ਼ੁਰੂ ਕਰਵਾਇਆ ਸੀ, ਹੁਣ ਕਾਂਗਰਸ ਉਸ ਮੁੱਦੇ ਤੋਂ ਭਟਕ ਗਈ ਹੈ।
ਜਾਖੜ ਨੇ ਕਿਹਾ ਕਿ 26 ਸਤੰਬਰ ਨੂੰ ਅਮਿਤ ਸ਼ਾਹ ਅੰਮ੍ਰਿਤਸਰ ਸਾਹਿਬ ਆਉਣਗੇ ਤੇ ਫਿਰੋਜ਼ਪੁਰ ਵਿਖੇ PGI ਸੈਟੇਲਾਈਟ ਦਾ ਨੀਂਹ ਪੱਥਰ ਰੱਖਣਗੇ। ਜਾਖੜ ਨੇ ਕਿਹਾ ਕਿ ਕੈਨੇਡਾ ਦਾਮਸਲਾ ਛੇਤੀ ਹੱਲ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਕ ਵਿਅਕਤੀ ਕਰਕੇ ਕਿਸੇ ਦੇਸ਼ ਦੀ ਵਿਦੇਸ਼ ਪਾਲਸੀ ਪ੍ਰਭਾਵਿਤ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਇਹ ਕੈਨੇਡਾ ਲਈ ਖਤਰਨਾਕ ਹੈ। ਜਾਖੜ ਨੇ ਕਿਹਾ ਕਿ ਕਨੈਡਾ ਦਾ ਜਲਦੀ ਹੱਲ ਹੋਵੇਗਾ। ਅੱਤਵਾਦ ਮਾੜਾ ਹੀ ਮਾੜਾ ਹੈ। ਉਨ੍ਹਾਂ ਕਿਹਾ ਕਿ ਕਨੇਡਾ ਨੇ ਜਿਸ ਤਰ੍ਹਾਂ ਦੀ ਖੇਤੀ ਕੀਤੀ ਹੈ ਉਸ ਤਰ੍ਹਾਂ ਦੀ ਫਸਲ ਵੱਢ ਰਿਹਾ ਹੈ। ਭਾਰਤ ਅੱਤਵਾਦੀ ਨੂੰ ਉਸ ਦੇ ਘਰ ‘ਚ ਵੜ ਕੇ ਮਾਰਦਾ ਹੈ, ਬਾਲਾਕੋਟ ਇਸਦੀ ਉਦਾਹਰਨ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ। ਭਾਰਤ ਸਰਕਾਰ ਬੱਚਿਆਂ ਤੇ ਭਾਰਤੀਆ ਦੀ ਸੁਰੱਖਿਆ ਲਈ ਚਿੰਤਤ ਹੈ।
ਜਾਖੜ ਨੇ ਕਿਹਾ ਕਿ ਭਾਜਪਾ ਗ੍ਰਹਿ ਮੰਤਰਾਲੇ ਨਾਲ ਤਾਲਮੇਲ ਕਰ ਕੇ ਉਨ੍ਹਾਂ ਪਰਿਵਾਰਾਂ ਨਾਲ ਤਾਲਮੇਲ ਕਰੇਗੀ ਜਿਸ ਨਾਲ ਪਰਿਵਾਰਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ। ਬਾਕਾਇਦਾ ਇਕ ਹੈਲਪ ਲਾਈਨ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 60 ਹਜ਼ਾਰ ਕਰੋੜ ਰੁਪਏ ਫੀਸ ਦੇ ਰੂਪ ‘ਚ ਭਾਰਤੀ ਵਿਦਿਆਰਥੀ ਕਨੈਡਾ ਨੂੰ ਦਿੰਦੇ ਹਨ। ਆਉਣ ਵਾਲੇ ਦਿਨਾਂ ‘ਚ ਕੈਨੇਡਾ ਖਾਸਕਰ ਟਰੂਡੋ ਨੂੰ ਵੀ ਸਮਝ ਆਵੇਗੀ। ਉਨ੍ਹਾਂ ਕਿਹਾ ਕਿ ਦੁਨੀਆ ਹਮੇਸ਼ਾਂ ਜੋਰਾਂ ਨੂੰ ਮੰਨਦੀ ਹੈ। ਜਾਖੜ ਨੇ ਰਾਜਾ ਵੜਿੰਗ ਦੇ ਬਿਆਨ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਭਾਰਤ G20 ਦਾ ਮੇਜ਼ਬਾਨ ਸੀ। ਇਸ ਲਈ ਭਾਰਤ ਨੇ ਸੱਭਿਅਤਾ ਦਾ ਖਿਆਲ ਰੱਖਿਆ ਹੈ।