94.14 F
New York, US
July 29, 2025
PreetNama
ਸਿਹਤ/Health

Online Study : ਆਨਲਾਈਨ ਪੜ੍ਹਾਈ ਫ਼ਾਇਦੇ ਨਾਲ ਮੁਸੀਬਤਾਂ ਲਿਆਈ

ਤਕਨੀਕ ਵਿਕਸਤ ਹੋਣ ਨਾਲ ਕੰਪਿਊਟਰ, ਟੈਬਲਟ, ਮੋਬਾਈਲ ਜਾਂ ਫਿਰ ਲੈਪਟਾਪ ਜ਼ਰੀਏ ਜ਼ੂਮ ਜਾਂ ਗੂਗਲ ਐਪ ਰਾਹੀਂ ਪੜ੍ਹਾਈ ਕਰਨ ਦਾ ਨਵਾਂ ਰੁਝਾਨ ਪੈਦਾ ਹੋ ਗਿਆ ਹੈ। ਨੌਕਰੀ-ਪੇਸ਼ਾ ਲੋਕਾਂ ਜਾਂ ਦੂਰ-ਦੁਰਾਡੇ ਰਹਿਣ ਵਾਲੇ ਲੋਕਾਂ ਲਈ ਇਹ ਜ਼ਰੂਰੀ ਵੀ ਸੀ। ਡਿਸਟੈਂਸ ਐਜੂਕੇਸ਼ਨ ਜਾਂ ਫਿਰ ਪੱਤਰ-ਵਿਹਾਰ ਵਾਲੀ ਸਿੱਖਿਆ ਲਈ ਇਹ ਤਕਨੀਕ ਸੋਨੇ ’ਤੇ ਸੁਹਾਗਾ ਸਾਬਿਤ ਹੋ ਰਹੀ ਹੈ। ਲੋੜ ਕਾਢ ਦੀ ਮਾਂ ਹੁੰਦੀ ਹੈ ਤੇ ਨਵੇਂ-ਨਵੇਂ ਰਾਹ ਸਿਰਜਦੀ ਰਹਿੰਦੀ ਹੈ। ਕਾਗਜ਼ ਦੀ ਧੜਾਧੜ ਅੰਨ੍ਹੀ ਵਰਤੋਂ ਨੇ ਜੰਗਲਾਂ ਤੇ ਦਰੱਖ਼ਤਾਂ ਦਾ ਲਗਾਤਾਰ ਖ਼ਾਤਮਾ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਸ ਨਾਲ ਧਰਤੀ ਦਾ ਵਾਤਾਵਰਨ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਗਿਆ। ਰੁੱਤਾਂ ਤੇ ਮੌਸਮਾਂ ’ਚ ਕਾਫ਼ੀ ਤਬਦੀਲੀ ਮਹਿਸੂਸ ਹੋਈ ਤੇ ਤਾਪਮਾਨ ਦੇ ਵਾਧੇ ਨੇ ਆਲਮੀ ਤਪਸ਼ ’ਚ ਭਾਰੀ ਵਾਧਾ ਕਰ ਦਿੱਤਾ ਸੀ। ਇਸ ਪ੍ਰਦੂਸ਼ਣ ਦੀ ਰੋਕਥਾਮ ਲਈ ਪੇਪਰਲੈੱਸ (ਕਾਗਜ਼-ਰਹਿਤ) ਪ੍ਰਣਾਲੀ ਦੀ ਵਿਚਾਰ-ਚਰਚਾ ਵੀ ਸਹਾਇਕ ਕਦਮ ਬਣ ਗਿਆ ਹੈ। ਹੁਣ ਸਾਡੇ ਦੇਸ਼ ’ਚ ਵੱਖ-ਵੱਖ ਵਿਭਾਗਾਂ ਵਿਚ ਕਾਗਜ਼-ਰਹਿਤ ਜਾਂ ਕਾਗਜ਼ ਦੀ ਘੱਟ ਵਰਤੋਂ ਕਰ ਕੇ ਕੰਪਿਊਟਰ ਦੀ ਵੱਧ ਤੋਂ ਵੱਧ ਵਰਤੋਂ ਕਰਨ ਨੂੰ ਉਤਸ਼ਾਹਿਤ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ।

ਪੜ੍ਹਾਈ ਦਾ ਨਵਾਂ ਤਰੀਕਾ

ਮੌਜੂਦਾ ਕੋਰੋਨਾ ਕਾਲ ਦੌਰਾਨ ਜਦੋਂ ਸਭ ਕੁਝ ਬੰਦ ਹੋਣ ਦੀ ਨੌਬਤ ਆ ਗਈ ਸੀ ਤਾਂ 2020 ਤੋਂ ਮੀਟਿੰਗਾਂ ਵੀ ਆਨਲਾਈਨ ਹੋਣੀਆਂ ਸ਼ੁਰੂ ਹੋ ਗਈਆਂ ਸਨ, ਜਿਨ੍ਹਾਂ ਨੂੰ ਵਰਚੂਅਲ ਮੀਟਿੰਗਾਂ ਜਾਂ ਵੈੱਬ ਮੀਟਿੰਗਾਂ ਦਾ ਨਾਂ ਦਿੱਤਾ ਗਿਆ ਸੀ। ਵਕਤ ਦੀ ਨਜ਼ਾਕਤ ਅਨੁਸਾਰ ਇਹ ਮਜਬੂਰੀ ਵੀ ਸੀ ਤੇ ਲੋੜ ਵੀ। ਇਸ ਕੋਰੋਨਾ ਕਾਲ ਦੀ ਆਫ਼ਤ ਨੇ ਸਕੂਲ-ਕਾਲਜ ਵੀ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੇ ਸਨ, ਜੋ ਹਾਲੇ ਵੀ ਬੰਦ ਹਨ। ਸਿੱਖਿਆ ਦੇ ਵੱਡੇ ਖੇਤਰ ਵਿਚ ਫੈਲੇ ਨਿੱਜੀ ਸਿੱਖਿਆ ਦੇ ਸਰੋਤਾਂ ਨੇ ਆਪਣੀ ਹੋਂਦ ਬਚਾਈ ਰੱਖਣ, ਅਧਿਆਪਕਾਂ ਦੇ ਰੁਜ਼ਗਾਰ ਬਚਾਉਣ ਤੇ ਵਿਦਿਆਰਥੀਆਂ ਦੀ ਪੜ੍ਹਾਈ ’ਚ ਦਿਲਚਸਪੀ ਬਣਾਈ ਰੱਖਣ ਲਈ ਪੜ੍ਹਾਈ ਦਾ ਇਹ ਨਵਾਂ ਤਰੀਕਾ ਵਰਤੋਂ ’ਚ ਲਿਆਉਣਾ ਸ਼ੁਰੂ ਕਰ ਦਿੱਤਾ ਹੈ। ਹੌਲੀ-ਹੌਲੀ ਸਰਕਾਰੀ ਸਕੂਲਾਂ ’ਚ ਵੀ ਇਸ ਦੀ ਵਰਤੋਂ ਸ਼ੁਰੂ ਹੋ ਗਈ। ਸਕੂਲਾਂ ’ਚ ਜਾ ਕੇ ਪੜ੍ਹਾਈ ਕਰਨ ਦੇ ਮੁਕਾਬਲੇ ਆਨਲਾਈਨ ਪ੍ਰਣਾਲੀ ਦੀ ਸਿੱਖਿਆ ਉਹ ਮੁਕਾਮ ਤਾਂ ਹਾਸਿਲ ਨਹੀਂ ਕਰ ਸਕਦੀ ਪਰ ਅਣਸਰਦੀ ਲੋੜ ਪੂਰੀ ਕਰਨ ਦਾ ਹੱਥ-ਠੋਕਾ ਜ਼ਰੂਰ ਬਣ ਗਈ ਹੈ। ਜਿਹੜੀ ਚੀਜ਼ ਬੱਚਿਆਂ ਨੇ ਵੱਡੇ ਸਾਈਜ਼ ਦੇ ਬੋਰਡ ਉੱਪਰ ਵੱਡੇ-ਵੱਡੇ ਅੱਖਰਾਂ ’ਚ ਵੇਖਣੀ ਹੁੰਦੀ ਹੈ, ਉਹ ਮੋਬਾਈਲ ਦੀ ਦੋ-ਤਿੰਨ ਇੰਚ ਦੀ ਸਕਰੀਨ ਉੱਪਰ ਵੇਖਣ ਨਾਲ ਅੱਖਾਂ ਉੱਪਰ ਜ਼ੋਰ ਤਾਂ ਲਾਉਣਾ ਹੀ ਪਵੇਗਾ।ਇਹ ਪ੍ਰਣਾਲੀ ਖ਼ਰਚੀਲੀ ਵੀ ਕਾਫ਼ੀ ਹੈ। ਇਸ ਨਾਲ ਮੋਬਾਈਲਾਂ, ਲੈਪਟਾਪ ਜਾਂ ਫਿਰ ਕੰਪਿਊਟਰਾਂ ਦੀ ਵਧੇਰੇ ਲੋੜ ਨੇ ਮਾਪਿਆਂ ਦੇ ਖ਼ਰਚੇ ਵਧਾਏ ਹਨ।

ਰੋਨਾ ਕਾਲ ਦੌਰਾਨ ਲੋਕਾਂ ਦੇ ਡਗਮਗਾਏ ਅਰਥਚਾਰੇ ’ਤੇ ਬੋਝ ਹੋਰ ਵਧਿਆ ਹੈ। ਫਿਰ ਆਨਲਾਈਨ ਪੜ੍ਹਾਈ ਦੇ ਬਹਾਨੇ ਨਿੱਜੀ ਸਕੂਲਾਂ ਵਾਲਿਆਂ ਦੁਆਰਾ ਫੀਸਾਂ ਚਾਰਜ ਕਰਨ ਦਾ ਮਾਮਲਾ ਵੀ ਭਖਿਆ ਤੇ ਅਦਾਲਤਾਂ ਤਕ ਪਹੁੰਚ ਗਿਆ ਸੀ। ਮਾਪਿਆਂ ਨੂੰ ਫੀਸ ਦੀ ਰਾਹਤ ਵੀ ਜ਼ਰੂਰੀ ਸੀ ਅਤੇ ਸਕੂਲਾਂ ਵਾਲਿਆਂ ਨੇ ਆਪਣਾ ਕਾਰੋਬਾਰ ਵੀ ਚੱਲਦਾ ਰੱਖਣਾ ਸੀ। ਆਨਲਾਈਨ ਪੜ੍ਹਾਈ ਨੇ ਵਿਹਲੇ ਹੋਏ ਬੱਚਿਆਂ ਨੂੰ ਆਹਰੇ ਤਾਂ ਜ਼ਰੂਰ ਲਾ ਦਿੱਤਾ ਹੈ ਪਰ ਬੱਚਿਆਂ ਦੇ ਨਾਲ-ਨਾਲ ਮਾਪਿਆਂ ਦੀ ਵੀ ਡਿਊਟੀ ਬਣ ਗਈ ਹੈ ਤੇ ਉਨ੍ਹਾਂ ਨੂੰ ਵੀ ਛੋਟੇ ਬੱਚਿਆਂ ਨਾਲ ਬੱਝਣਾ ਪੈਂਦਾ ਹੈ। ਕੋਰੋਨਾ ਦੀ ਲਾਗ ਤੋਂ ਬਚਣ ਲਈ ਮਾਪਿਆਂ ਕੋਲ ਬੱਚਿਆਂ ਦੀ ਸਿਹਤ ਦਾ ਧਿਆਨ ਰੱਖਣ ਤੋਂ ਬਿਨਾਂ ਹੋਰ ਕੋਈ ਚਾਰਾ ਵੀ ਨਹੀਂ ਹੈ। ਜਿਹੜੇ ਮਾਪੇ ਰੋਜ਼ੀ-ਰੋਟੀ ਲਈ ਨੌਕਰੀ ’ਤੇ ਜਾਂਦੇ ਹਨ, ਉਨ੍ਹਾਂ ਲਈ ਮੁਸ਼ਕਲ ਵੀ ਹੈ। ਇਸ ਪ੍ਰਣਾਲੀ ਨੇ ਬੱਚਿਆਂ ਦੁਆਰਾ ਮੋਬਾਈਲ ਫੋਨਾਂ ਦੀ ਜ਼ਿਆਦਾ ਵਰਤੋਂ ਨੂੰ ਹੁਲਾਰਾ ਦਿੱਤਾ ਹੈ।

ਬਾਲ ਭਾਵਨਾਵਾਂ ਨਾਲ ਖਿਲਵਾੜ

 

 

ਮੋਬਾਈਲ ਫੋਨਾਂ ਦੇ ਕੰਨਾਂ ਦੀ ਸੁਣਨ ਸ਼ਕਤੀ ’ਤੇ ਮਾਰੂ ਪ੍ਰਭਾਵ ਦਾ ਜ਼ਿਕਰ ਤਾਂ ਅਕਸਰ ਹੁੰਦਾ ਰਹਿੰਦਾ ਹੈ ਪਰ ਪਹਿਲਾਂ ਬੱਚਿਆਂ ਨੂੰ ਮੋਬਾਈਲ ਦੀਆਂ ਅਲਟਰਾ-ਵਾਇਲਟ ਕਿਰਨਾਂ ਦੇ ਮਾਰੂ ਪ੍ਰਭਾਵ ਬਾਰੇ ਪੜ੍ਹਾਉਣ ਵਾਲੇ ਅਧਿਆਪਕ ਹੁਣ ਕੁਝ ਨਹੀਂ ਕਹਿੰਦੇ ਕਿਉਂਕਿ ਹੁਣ ਤਾਂ ਉਹ ਖ਼ੁਦ ਆਨਲਾਈਨ ਪੜ੍ਹਾਈ ਕਰਵਾਉਂਦੇ ਹਨ। ਹੁਣ ਇਹ ਮਸਲਾ ਉਨ੍ਹਾਂ ਦੇ ਰੁਜ਼ਗਾਰ ਦਾ ਮਸਲਾ ਵੀ ਬਣ ਗਿਆ ਹੈ। ਛੋਟੇ ਬੱਚੇ, ਜਿਹੜੇ ਰੱਬ ਦਾ ਰੂਪ ਕਹਾਉਂਦੇ ਹਨ ਤੇ ਬੜੇ ਕੋਮਲ ਹੁੰਦੇ ਹਨ, ਉਨ੍ਹਾਂ ਨੂੰ ਬਲੈਕ ਬੋਰਡਾਂ ਰਾਹੀਂ ਸਿੱਖਿਆ ਦੇਣ ਦੀ ਥਾਂ ਛੋਟੀ ਜਿਹੀ ਸਕਰੀਨ ਵਾਲੇ ਮੋਬਾਈਲ ਫੋਨ ’ਤੇ ਕੇਂਦਰਿਤ ਕਰ ਦੇਣਾ ਉਨ੍ਹਾਂ ਦੀਆਂ ਬਾਲ ਭਾਵਨਾਵਾਂ ਨਾਲ ਖਿਲਵਾੜ ਦੇ ਤੁਲ ਹੈ। ਛੋਟੇ ਬੱਚਿਆਂ ਲਈ ਐੱਲਈਡੀ ਸਾਈਜ਼ ਵਾਲੀਆਂ ਸਕਰੀਨਾਂ ਹੋਣ, ਜਿਨ੍ਹਾਂ ਨਾਲ ਉਨ੍ਹਾਂ ਨੂੰ ਨੀਝ ਨਾ ਲਾਉਣੀ ਪਵੇ ਤਾਂ ਕੁਝ ਹੱਦ ਤਕ ਕੰਮ ਸਰ ਸਕਦਾ ਹੈ ਪਰ ਮਾਪਿਆਂ ਲਈ ਇਹ ਨਵਾਂ ਬੋਝ ਹੋਰ ਮੁਸ਼ਕਲਾਂ ਪੈਦਾ ਕਰੇਗਾ। ਮੋਬਾਈਲ ਦੀ ਸਕਰੀਨ ਰਾਹੀਂ ਬੱਚਿਆਂ ਦੀ ਨਜ਼ਰ ’ਤੇ ਵੀ ਮਾੜਾ ਅਸਰ ਪੈਂਦਾ ਹੈ ਤੇ ਉਨ੍ਹਾਂ ਉੱਪਰ ਦਿਮਾਗ਼ੀ ਬੋਝ ਵੀ ਵੱਧਦਾ ਹੈ।

 

 

ਦੁਰਪ੍ਰਭਾਵ ਬਾਰੇ ਵੀ ਦੱਸਣ ਅਧਿਆਪਕ

 

 

ਕੋਰੋਨਾ ਕਾਲ ਦੀ ਆਫ਼ਤ ਤਾਂ ਅਜੇ ਥੰਮਦੀ ਨਜ਼ਰ ਨਹੀਂ ਆਉਂਦੀ। ਨੰਨੇ੍ਹ ਬੱਚਿਆਂ ਦਾ ਦੂਸਰਾ ਸਾਲ ਵੀ ਕੋਰੋਨਾ ਦੇ ਲੇਖੇ ਲੱਗਦਾ ਨਜ਼ਰ ਆ ਰਿਹਾ ਹੈ। ਕਾਸ਼! ਇਹ ਆਫ਼ਤ ਮਨੁੱਖਤਾ ਨੂੰ ਜਲਦ ਨਿਜ਼ਾਤ ਦੇਵੇ ਅਤੇ ਬੰਦ ਹੋਏ ਅਦਾਰਿਆਂ ਦੇ ਨਾਲ-ਨਾਲ ਬੱਚਿਆਂ ਦੇ ਸਕੂਲ ਵੀ ਮੁੜ ਖੁੱਲ੍ਹ ਸਕਣ। ਬੱਚੇ ਮਨ ਦੇ ਸੱਚੇ ਹੁੰਦੇ ਹਨ, ਆਲੇ-ਦੁਆਲੇ ਦੀਆਂ ਚੀਜ਼ਾਂ ਤੋਂ ਬਹੁਤ ਜਲਦੀ ਸਿੱਖਦੇ ਅਤੇ ਪ੍ਰਭਾਵਿਤ ਹੁੰਦੇ ਹਨ। ਉਨ੍ਹਾਂ ਦਾ ਮਨ ਕੋਰੀ ਸਲੇਟ ਵਰਗਾ ਹੁੰਦਾ ਹੈ, ਜਿਹੜੇ ਪਾਸੇ ਲਾਓਗੇ ਉਸੇ ਪਾਸੇ ਲੱਗ ਜਾਵੇਗਾ। ਜ਼ਰੂਰੀ ਹੈ ਕਿ ਉਨ੍ਹਾਂ ਨੂੰ ਮੋਬਾਈਲ ਦੀ ਜ਼ਿਆਦਾ ਵਰਤੋਂ ਤੇ ਸਰੀਰ ’ਤੇ ਪੈਣ ਵਾਲੇ ਦੁਰਪ੍ਰਭਾਵ ਬਾਰੇ ਵੀ ਆਨਲਾਈਨ ਪੜ੍ਹਾਉਣ ਵਾਲੇ ਅਧਿਆਪਕ ਜ਼ਰੂਰ ਦੱਸਣ। ਇਹ ਬੱਚੇ ਹੀ ਦੇਸ਼ ਦਾ ਅਸਲੀ ਧਨ ਅਤੇ ਭਵਿੱਖ ਦੇ ਵਾਰਸ ਹਨ। ਭਵਿੱਖ ਦੇ ਵਾਰਸਾਂ ਨੂੰ ਚੁਸਤ, ਫੁਰਤੀਲੇ, ਮਜ਼ਬੂਤ ਤੇ ਬੁੱਧੀਮਾਨ ਹੋਣ ਦੇ ਨਾਲ-ਨਾਲ ਆਧੁਨਿਕ ਤਕਨੀਕ ਦੇ ਗੁਣਾਂ-ਔਗੁਣਾਂ ਦੀ ਵੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਦੁਰਾਚਾਰੀ ਤੋਂ ਬਚਣਾ, ਨੈਤਿਕ ਕਦਰਾਂ-ਕੀਮਤਾਂ ਦਾ ਗਿਆਨ ਪ੍ਰਦਾਨ ਕਰਨਾ ਜਿੱਥੇ ਮਾਪਿਆਂ ਦੀ ਜ਼ਿੰਮੇਵਾਰੀ ਹੈ, ਉੱਥੇ ਅਧਿਆਪਕਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਬੱਚੇ ਦੇ ਚੌਤਰਫਾ ਮਾਨਸਿਕ ਵਿਕਾਸ ਨੂੰ ਧਿਆਨ ਵਿਚ ਰੱਖਣ। ਮਾਸੂਮ ਬੱਚਿਆਂ ’ਤੇ ਵਾਧੂ ਕਿਤਾਬੀ ਬੋਝ ਠੋਸਣ ਦੀ ਬਜਾਏ ਉਨ੍ਹਾਂ ਨੂੰ ਤਸਵੀਰਾਂ ਤੇ ਕਹਾਣੀਆਂ ਰਾਹੀਂ ਵੀ ਬਹੁਤ ਕੁਝ ਪੜ੍ਹਾਇਆ ਜਾ ਸਕਦਾ ਹੈ।

 

 

ਬੱਚਿਆਂ ਦੀ ਮਾਨਸਿਕਤਾ ਦਾ ਰੱਖੋ ਧਿਆਨ

 

 

ਉਂਜ ਤਾਂ ਅੱਜ-ਕੱਲ੍ਹ ਸਾਰੇ ਦੇਸ਼ ਡਿਜੀਟਲ ਹੋ ਰਹੇ ਹਨ। ਇਸ ਆਧੁਨਿਕ ਤਕਨੀਕ ਲਈ ਉੱਚ ਪੱਧਰ ਦੀ ਸਿੱਖਿਆ ਤੇ ਤਕਨੀਕੀ ਸਾਜ਼ੋ-ਸਾਮਾਨ ਦੀ ਵੀ ਲੋੜ ਹੈ। ਡਿਜੀਟਲ ਬਣਨ ਲਈ ਪਹਿਲਾਂ ਉਸ ਦੇ ਹਾਣ ਦਾ ਬਣਨਾ ਜ਼ਰੂਰੀ ਹੈ। ਉਂਜ ਆਨਲਾਈਨ ਸਿੱਖਿਆ ਵੀ ਸਮੇਂ ਦੀ ਮੁੱਖ ਲੋੜ ਬਣ ਕੇ ਉੱਭਰ ਰਹੀ ਹੈ। ਵਿਅਕਤੀ ਵਿਸ਼ੇਸ਼ ਦੀ ਪ੍ਰਤਿਭਾ ਨਿਖਾਰਨ ’ਚ ਇਹ ਸਹਾਇਕ ਹੋ ਸਕਦੀ ਹੈ। ਆਨਲਾਈਨ ਸਿੱਖਿਆ ਜ਼ਰੂਰ ਵਿਕਸਤ ਹੋਣੀ ਚਾਹੀਦੀ ਹੈ ਪਰ ਛੋਟੇ ਬੱਚਿਆਂ ਦੀ ਮਾਨਸਿਕਤਾ ਨੂੰ ਜ਼ਰੂਰ ਧਿਆਨ ’ਚ ਰੱਖਣਾ ਚਾਹੀਦਾ ਹੈ, ਨਾਲ-ਨਾਲ ਇਸ ਦੇ ਦੁਰਪ੍ਰਭਾਵਾਂ ਤੋਂ ਬਚਣਾ ਧਿਆਨ ਗੋਚਰੇ ਰਹਿਣਾ ਚਾਹੀਦਾ ਹੈ। ਬਾਲਗਾਂ ਲਈ ਇਹ ਵਿਧੀ ਸੋਨੇ ’ਤੇ ਸੁਹਾਗਾ ਹੈ।

ਸਿਹਤ ’ਤੇ ਪੈਂਦਾ ਮਾੜਾ ਪ੍ਰਭਾਵ

 

ਪ੍ਰਾਇਮਰੀ ਪੱਧਰ ਤੋਂ ਉੱਪਰ ਵਾਲੇ ਬੱਚੇ ਤਾਂ ਥੋੜ੍ਹੇ ਸਮਝਦਾਰ ਹੋ ਜਾਂਦੇ ਹਨ ਤੇ ਮੋਬਾਈਲ ਫੋਨਾਂ ਦੀ ਦੁਰਵਰਤੋਂ ਨਹੀਂ ਕਰਦੇ ਪਰ ਯੂਕੇਜੀ ਅਤੇ ਪਹਿਲੀ ਸ਼੍ਰੇਣੀ ਦੇ ਬੱਚੇ ਤਾਂ ਪੜ੍ਹਾਈ ਨਾਲੋਂ ਵੀ ਜ਼ਿਆਦਾ ਖੇਡਾਂ ਅਤੇ ਕਾਰਟੂਨਾਂ ਵਿਚ ਮਸਤ ਰਹਿੰਦੇ ਹਨ। ਪਹਿਲਾਂ ਉਹ ਟੈਲੀਵਿਜ਼ਨ ਰਾਹੀਂ ਹੀ ਕਾਰਟੂਨ ਵੇਖਦੇ ਸਨ, ਹੁਣ ਮੋਬਾਈਲ ਫੋਨਾਂ ਦਾ ਸਾਥ ਮਿਲ ਗਿਆ ਹੈ। ਫਿਰ ਇਨ੍ਹਾਂ ਮੋਬਾਈਲ ਫੋਨਾਂ ਦੀ ਮਾਸੂਮਾਂ ਦੁਆਰਾ ਜ਼ਿਆਦਾ ਵਰਤੋਂ, ਉਹਨਾਂ ਦੇ ਦਿਮਾਗ਼ੀ ਸੰਤੁਲਨ ’ਤੇ ਮਾੜਾ ਪ੍ਰਭਾਵ ਵੀ ਪਾ ਸਕਦੀ ਹੈ।

Related posts

How to Choose Watermelon : ਇਨ੍ਹਾਂ ਤਰੀਕਿਆਂ ਨਾਲ ਕਰੋ ਮਿੱਠੇ ਅਤੇ ਰਸੀਲੇ ਤਰਬੂਜ਼ ਦੀ ਪਛਾਣ

On Punjab

Astro Tips : ਕਿਤੇ ਤੁਹਾਡੇ ਦੰਦਾਂ ’ਚ ਵੀ ਗੈਪ ਤਾਂ ਨਹੀਂ, ਆਪਣੀ ਕਿਸਮਤ ਜਾਣਨ ਲਈ ਪੜ੍ਹੋ ਸਮੁੰਦਰ ਸ਼ਾਸਤਰ ਦੀ ਭਵਿੱਖਬਾਣੀ

On Punjab

Hypertension Diet : ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਕਦੇ ਨਹੀਂ ਖਾਣੀਆਂ ਚਾਹੀਦੀਆਂ ਇਹ ਚੀਜ਼ਾਂ, ਅੱਜ ਤੋਂ ਹੀ ਕਰੋ ਪਰਹੇਜ਼!

On Punjab