ਤਕਨੀਕ ਵਿਕਸਤ ਹੋਣ ਨਾਲ ਕੰਪਿਊਟਰ, ਟੈਬਲਟ, ਮੋਬਾਈਲ ਜਾਂ ਫਿਰ ਲੈਪਟਾਪ ਜ਼ਰੀਏ ਜ਼ੂਮ ਜਾਂ ਗੂਗਲ ਐਪ ਰਾਹੀਂ ਪੜ੍ਹਾਈ ਕਰਨ ਦਾ ਨਵਾਂ ਰੁਝਾਨ ਪੈਦਾ ਹੋ ਗਿਆ ਹੈ। ਨੌਕਰੀ-ਪੇਸ਼ਾ ਲੋਕਾਂ ਜਾਂ ਦੂਰ-ਦੁਰਾਡੇ ਰਹਿਣ ਵਾਲੇ ਲੋਕਾਂ ਲਈ ਇਹ ਜ਼ਰੂਰੀ ਵੀ ਸੀ। ਡਿਸਟੈਂਸ ਐਜੂਕੇਸ਼ਨ ਜਾਂ ਫਿਰ ਪੱਤਰ-ਵਿਹਾਰ ਵਾਲੀ ਸਿੱਖਿਆ ਲਈ ਇਹ ਤਕਨੀਕ ਸੋਨੇ ’ਤੇ ਸੁਹਾਗਾ ਸਾਬਿਤ ਹੋ ਰਹੀ ਹੈ। ਲੋੜ ਕਾਢ ਦੀ ਮਾਂ ਹੁੰਦੀ ਹੈ ਤੇ ਨਵੇਂ-ਨਵੇਂ ਰਾਹ ਸਿਰਜਦੀ ਰਹਿੰਦੀ ਹੈ। ਕਾਗਜ਼ ਦੀ ਧੜਾਧੜ ਅੰਨ੍ਹੀ ਵਰਤੋਂ ਨੇ ਜੰਗਲਾਂ ਤੇ ਦਰੱਖ਼ਤਾਂ ਦਾ ਲਗਾਤਾਰ ਖ਼ਾਤਮਾ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਸ ਨਾਲ ਧਰਤੀ ਦਾ ਵਾਤਾਵਰਨ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਗਿਆ। ਰੁੱਤਾਂ ਤੇ ਮੌਸਮਾਂ ’ਚ ਕਾਫ਼ੀ ਤਬਦੀਲੀ ਮਹਿਸੂਸ ਹੋਈ ਤੇ ਤਾਪਮਾਨ ਦੇ ਵਾਧੇ ਨੇ ਆਲਮੀ ਤਪਸ਼ ’ਚ ਭਾਰੀ ਵਾਧਾ ਕਰ ਦਿੱਤਾ ਸੀ। ਇਸ ਪ੍ਰਦੂਸ਼ਣ ਦੀ ਰੋਕਥਾਮ ਲਈ ਪੇਪਰਲੈੱਸ (ਕਾਗਜ਼-ਰਹਿਤ) ਪ੍ਰਣਾਲੀ ਦੀ ਵਿਚਾਰ-ਚਰਚਾ ਵੀ ਸਹਾਇਕ ਕਦਮ ਬਣ ਗਿਆ ਹੈ। ਹੁਣ ਸਾਡੇ ਦੇਸ਼ ’ਚ ਵੱਖ-ਵੱਖ ਵਿਭਾਗਾਂ ਵਿਚ ਕਾਗਜ਼-ਰਹਿਤ ਜਾਂ ਕਾਗਜ਼ ਦੀ ਘੱਟ ਵਰਤੋਂ ਕਰ ਕੇ ਕੰਪਿਊਟਰ ਦੀ ਵੱਧ ਤੋਂ ਵੱਧ ਵਰਤੋਂ ਕਰਨ ਨੂੰ ਉਤਸ਼ਾਹਿਤ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ।
ਪੜ੍ਹਾਈ ਦਾ ਨਵਾਂ ਤਰੀਕਾ
ਮੌਜੂਦਾ ਕੋਰੋਨਾ ਕਾਲ ਦੌਰਾਨ ਜਦੋਂ ਸਭ ਕੁਝ ਬੰਦ ਹੋਣ ਦੀ ਨੌਬਤ ਆ ਗਈ ਸੀ ਤਾਂ 2020 ਤੋਂ ਮੀਟਿੰਗਾਂ ਵੀ ਆਨਲਾਈਨ ਹੋਣੀਆਂ ਸ਼ੁਰੂ ਹੋ ਗਈਆਂ ਸਨ, ਜਿਨ੍ਹਾਂ ਨੂੰ ਵਰਚੂਅਲ ਮੀਟਿੰਗਾਂ ਜਾਂ ਵੈੱਬ ਮੀਟਿੰਗਾਂ ਦਾ ਨਾਂ ਦਿੱਤਾ ਗਿਆ ਸੀ। ਵਕਤ ਦੀ ਨਜ਼ਾਕਤ ਅਨੁਸਾਰ ਇਹ ਮਜਬੂਰੀ ਵੀ ਸੀ ਤੇ ਲੋੜ ਵੀ। ਇਸ ਕੋਰੋਨਾ ਕਾਲ ਦੀ ਆਫ਼ਤ ਨੇ ਸਕੂਲ-ਕਾਲਜ ਵੀ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੇ ਸਨ, ਜੋ ਹਾਲੇ ਵੀ ਬੰਦ ਹਨ। ਸਿੱਖਿਆ ਦੇ ਵੱਡੇ ਖੇਤਰ ਵਿਚ ਫੈਲੇ ਨਿੱਜੀ ਸਿੱਖਿਆ ਦੇ ਸਰੋਤਾਂ ਨੇ ਆਪਣੀ ਹੋਂਦ ਬਚਾਈ ਰੱਖਣ, ਅਧਿਆਪਕਾਂ ਦੇ ਰੁਜ਼ਗਾਰ ਬਚਾਉਣ ਤੇ ਵਿਦਿਆਰਥੀਆਂ ਦੀ ਪੜ੍ਹਾਈ ’ਚ ਦਿਲਚਸਪੀ ਬਣਾਈ ਰੱਖਣ ਲਈ ਪੜ੍ਹਾਈ ਦਾ ਇਹ ਨਵਾਂ ਤਰੀਕਾ ਵਰਤੋਂ ’ਚ ਲਿਆਉਣਾ ਸ਼ੁਰੂ ਕਰ ਦਿੱਤਾ ਹੈ। ਹੌਲੀ-ਹੌਲੀ ਸਰਕਾਰੀ ਸਕੂਲਾਂ ’ਚ ਵੀ ਇਸ ਦੀ ਵਰਤੋਂ ਸ਼ੁਰੂ ਹੋ ਗਈ। ਸਕੂਲਾਂ ’ਚ ਜਾ ਕੇ ਪੜ੍ਹਾਈ ਕਰਨ ਦੇ ਮੁਕਾਬਲੇ ਆਨਲਾਈਨ ਪ੍ਰਣਾਲੀ ਦੀ ਸਿੱਖਿਆ ਉਹ ਮੁਕਾਮ ਤਾਂ ਹਾਸਿਲ ਨਹੀਂ ਕਰ ਸਕਦੀ ਪਰ ਅਣਸਰਦੀ ਲੋੜ ਪੂਰੀ ਕਰਨ ਦਾ ਹੱਥ-ਠੋਕਾ ਜ਼ਰੂਰ ਬਣ ਗਈ ਹੈ। ਜਿਹੜੀ ਚੀਜ਼ ਬੱਚਿਆਂ ਨੇ ਵੱਡੇ ਸਾਈਜ਼ ਦੇ ਬੋਰਡ ਉੱਪਰ ਵੱਡੇ-ਵੱਡੇ ਅੱਖਰਾਂ ’ਚ ਵੇਖਣੀ ਹੁੰਦੀ ਹੈ, ਉਹ ਮੋਬਾਈਲ ਦੀ ਦੋ-ਤਿੰਨ ਇੰਚ ਦੀ ਸਕਰੀਨ ਉੱਪਰ ਵੇਖਣ ਨਾਲ ਅੱਖਾਂ ਉੱਪਰ ਜ਼ੋਰ ਤਾਂ ਲਾਉਣਾ ਹੀ ਪਵੇਗਾ।ਇਹ ਪ੍ਰਣਾਲੀ ਖ਼ਰਚੀਲੀ ਵੀ ਕਾਫ਼ੀ ਹੈ। ਇਸ ਨਾਲ ਮੋਬਾਈਲਾਂ, ਲੈਪਟਾਪ ਜਾਂ ਫਿਰ ਕੰਪਿਊਟਰਾਂ ਦੀ ਵਧੇਰੇ ਲੋੜ ਨੇ ਮਾਪਿਆਂ ਦੇ ਖ਼ਰਚੇ ਵਧਾਏ ਹਨ।
ਰੋਨਾ ਕਾਲ ਦੌਰਾਨ ਲੋਕਾਂ ਦੇ ਡਗਮਗਾਏ ਅਰਥਚਾਰੇ ’ਤੇ ਬੋਝ ਹੋਰ ਵਧਿਆ ਹੈ। ਫਿਰ ਆਨਲਾਈਨ ਪੜ੍ਹਾਈ ਦੇ ਬਹਾਨੇ ਨਿੱਜੀ ਸਕੂਲਾਂ ਵਾਲਿਆਂ ਦੁਆਰਾ ਫੀਸਾਂ ਚਾਰਜ ਕਰਨ ਦਾ ਮਾਮਲਾ ਵੀ ਭਖਿਆ ਤੇ ਅਦਾਲਤਾਂ ਤਕ ਪਹੁੰਚ ਗਿਆ ਸੀ। ਮਾਪਿਆਂ ਨੂੰ ਫੀਸ ਦੀ ਰਾਹਤ ਵੀ ਜ਼ਰੂਰੀ ਸੀ ਅਤੇ ਸਕੂਲਾਂ ਵਾਲਿਆਂ ਨੇ ਆਪਣਾ ਕਾਰੋਬਾਰ ਵੀ ਚੱਲਦਾ ਰੱਖਣਾ ਸੀ। ਆਨਲਾਈਨ ਪੜ੍ਹਾਈ ਨੇ ਵਿਹਲੇ ਹੋਏ ਬੱਚਿਆਂ ਨੂੰ ਆਹਰੇ ਤਾਂ ਜ਼ਰੂਰ ਲਾ ਦਿੱਤਾ ਹੈ ਪਰ ਬੱਚਿਆਂ ਦੇ ਨਾਲ-ਨਾਲ ਮਾਪਿਆਂ ਦੀ ਵੀ ਡਿਊਟੀ ਬਣ ਗਈ ਹੈ ਤੇ ਉਨ੍ਹਾਂ ਨੂੰ ਵੀ ਛੋਟੇ ਬੱਚਿਆਂ ਨਾਲ ਬੱਝਣਾ ਪੈਂਦਾ ਹੈ। ਕੋਰੋਨਾ ਦੀ ਲਾਗ ਤੋਂ ਬਚਣ ਲਈ ਮਾਪਿਆਂ ਕੋਲ ਬੱਚਿਆਂ ਦੀ ਸਿਹਤ ਦਾ ਧਿਆਨ ਰੱਖਣ ਤੋਂ ਬਿਨਾਂ ਹੋਰ ਕੋਈ ਚਾਰਾ ਵੀ ਨਹੀਂ ਹੈ। ਜਿਹੜੇ ਮਾਪੇ ਰੋਜ਼ੀ-ਰੋਟੀ ਲਈ ਨੌਕਰੀ ’ਤੇ ਜਾਂਦੇ ਹਨ, ਉਨ੍ਹਾਂ ਲਈ ਮੁਸ਼ਕਲ ਵੀ ਹੈ। ਇਸ ਪ੍ਰਣਾਲੀ ਨੇ ਬੱਚਿਆਂ ਦੁਆਰਾ ਮੋਬਾਈਲ ਫੋਨਾਂ ਦੀ ਜ਼ਿਆਦਾ ਵਰਤੋਂ ਨੂੰ ਹੁਲਾਰਾ ਦਿੱਤਾ ਹੈ।