ਪੰਜਾਬ ਪੁਲਿਸ ਦੀ ਕਾਰਵਾਈ ਮਗਰੋਂ ਫਰਾਰ ਹੋਏ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ (Operation Amritpal) ਨੂੰ ਭਗੌੜਾ ਕਰਾਰ ਦਿੰਦਿਆਂ ਉਸ ਦੀ ਭਾਲ ਜਾਰੀ ਹੈ। ਹੁਣ ਅੰਮ੍ਰਿਤਪਾਲ ਦੇ ਫਰਾਰ ਹੋਣ ਸਮੇਂ ਦੀ ਇਕ ਹੋਰ ਵੀਡੀਓ ਸਾਹਮਣੇ ਆਈ ਹੈ।
ਇਸ ਵੀਡੀਓ ਵਿਚ ਅੰਮ੍ਰਿਤਪਾਲ ਦੇ ਸਾਥੀ ਇਕ ਪਿੰਡ ਵਿਚ ਦਾਖਲ ਹੁੰਦੇ ਹਨ। ਉਹ ਇਕ ਘਰ ਵਿਚ ਆਪਣੀ ਗੱਡੀ ਖੜ੍ਹੀ ਕਰਕੇ ਆਸੇ-ਪਾਸੇ ਵੇਖ ਰਹੇ ਹਨ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਰਸਤਾ ਸਾਫ ਹੈ ਤੇ ਪੁਲਿਸ ਅੱਗੇ ਨਿਕਲ ਗਈ ਹੈ ਤਾਂ ਉਹ ਕਾਰ ਵਿਚ ਬੈਠ ਕੇ ਫਰਾਰ ਹੋ ਜਾਂਦੇ ਹਨ।
ਇਕ ਹੋਰ ਵੀਡੀਓ ਵਿਚ ਅੰਮ੍ਰਿਤਪਾਲ ਤੇ ਉਸ ਦੇ ਸਾਥੀ ਗੱਡੀਆਂ ਵਿਚ ਫਰਾਰ ਹੁੰਦੇ ਵੇਖੇ ਜਾ ਸਕਦੇ ਹਨ। ਵੀਡੀਓ ਵਿਚ ਗੱਡੀ ਵਿਚੋਂ ਕੋਈ ਸ਼ਖਸ ਇਕ ਘਰ ਅੱਗੇ ਹੇਠਾਂ ਉਤਰਦਾ ਹੈ ਤੇ ਕਾਫਲਾ ਅੱਗੇ ਵਧਦਾ ਹੈ।
ਇਸ ਦੌਰਾਨ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਕੁਝ ਸਮਰਥਕਾਂ ਖ਼ਿਲਾਫ਼ ਗ਼ੈਰਕਾਨੂੰਨੀ ਢੰਗ ਨਾਲ ਹਥਿਆਰ ਰੱਖਣ ਦਾ ਨਵੇਂ ਕੇਸ ਦਰਜ ਕੀਤੇ ਹਨ। ਇਸ ਤੋਂ ਪਹਿਲਾਂ ਪੁਲਿਸ ਨੇ ਅਜਨਾਲਾ ਕਾਂਡ ਲਈ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਮਰਥਕਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਸੀ।