ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨਖਵਾ ਦੇ ਸ਼ਹਿਰ ਪਿਸ਼ਾਵਰ ਵਿਖੇ ਬੀਤੇ ਸਮੇਂ ਦੌਰਾਨ ਤਾਲਿਬਾਨੀ ਅੱਤਵਾਦੀਆਂ ਨੇ 3 ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਨ੍ਹਾਂ ਸਿੱਖਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਪਾਕਿਸਤਾਨ ਸਰਕਾਰ ਨੇ 30-30 ਲੱਖ ਰੁਪਏ ਦੇ ਚੈੱਕ ਮਿ੍ਤਕਾਂ ਦੇ ਪਰਿਵਾਰਾਂ ਨੂੰ ਸੌਂਪੇ ਹਨ। ਇਸ ਸਬੰਧੀ ਪਿਸ਼ਾਵਰ ਪਾਕਿਸਤਾਨ ਤੋਂ ਜਾਣਕਾਰੀ ਦਿੰਦਿਆਂ ਬਾਬਾ ਗੁਰਪਾਲ ਸਿੰਘ ਨੇ ਦੱਸਿਆ ਕਿ 15 ਮਈ 2022 ਨੂੰ ਪਿਸ਼ਾਵਰ ਵਿਖੇ ਸਥਿਤ ਗੁਰਦੁਆਰਾ ਭਾਈ ਜੋਗਾ ਸਿੰਘ ਦੇ ਨਜ਼ਦੀਕ ਕਰਿਆਨੇ ਦੀ ਦੁਕਾਨ ਕਰਦੇ ਕੁਲਵੰਤ ਸਿੰਘ, ਰਣਜੀਤ ਸਿੰਘ ਤੇ ਮਸੀਹ ਭਾਈਚਾਰੇ ਦੇ ਸੋਰੇਨ ਵਿਲੀਅਨ ਨੂੰ ਮਾਰ ਦਿੱਤਾ ਸੀ। ਇਵੇਂ ਹੀ 14 ਮਾਰਚ 2023 ਨੂੰ ਪਿਸ਼ਾਵਰ ਦੇ ਇਲਾਕੇ ਵਿਚ ਦਿਆਲ ਸਿੰਘ ਨੂੰ ਮਾਰ ਦਿੱਤਾ ਸੀ, ਇਨ੍ਹਾਂ ਅੱਤਵਾਦੀਆਂ ਨੇ ਪਹਿਲਾਂ ਹੀ ਸਿੱਖਾਂ ਨੂੰ ਆਪਣਾ ਕੰਮ-ਧੰਦਾ ਛੱਡ ਕੇ ਦੁਕਾਨਾਂ ਪੱਕੇ ਤੌਰ ‘ਤੇ ਬੰਦ ਕਰਨ ਦਾ ਫ਼ਰਮਾਨ ਜਾਰੀ ਕੀਤਾ ਸੀ। ਇਸ ਫਰਮਾਨ ਨੂੰ ਨਾ ਮੰਨਣ ਕਰ ਕੇ ਤਾਲਿਬਾਨੀ ਅੱਤਵਾਦੀਆਂ ਨੇ 3 ਸਿੱਖਾਂ ਅਤੇ ਫਿਰ ਇਕ ਈਸਾਈ ਨੂੰ ਗੋਲੀਆ ਮਾਰ ਕੇ ਜਾਨੋਂ ਮਾਰ ਦਿੱਤਾ ਸੀ। ਇਸ ਮਗਰੋਂ ਸੂਬਾ ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਨੇ ਮਦਦ ਕਰਨ ਦਾ ਐਲਾਨ ਕੀਤਾ ਸੀ। ਇਸ ਮਗਰੋਂ ਮੁੱਖ ਮੰਤਰੀ ਦੇ ਮੁੱਖ ਸਕੱਤਰ ਨੇ ਸੀਐੱਮ ਦਫ਼ਤਰ ਵਿਖੇ ਪੀੜਤ ਪਰਿਵਾਰਾਂ ਨੂੰ ਰਾਸ਼ੀ ਦੇ ਚੈੱਕ ਸੌਂਪੇ ਹਨ।