ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ‘ਚ ਸ਼ੁੱਕਰਵਾਰ ਨੂੰ ਇਕ ਰੇਲਵੇ ਟਰੈਕ ਨੇੜੇ ਧਮਾਕਾ ਹੋਇਆ। ਇਸ ਧਮਾਕੇ ‘ਚ ਕਰੀਬ 8 ਲੋਕ ਜ਼ਖਮੀ ਹੋਏ ਹਨ। ਬਲੋਚਿਸਤਾਨ ‘ਚ ਪਾਕਿਸਤਾਨ ਰੇਲਵੇ ਦੇ ਬੁਲਾਰੇ ਮੁਤਾਬਕ ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਪੇਸ਼ਾਵਰ ਜਾ ਰਹੀ ਜਾਫਰ ਐਕਸਪ੍ਰੈੱਸ ਪਨੀਰ ਇਲਾਕੇ ‘ਚੋਂ ਲੰਘ ਰਹੀ ਸੀ। ਇਸ ‘ਚ ਜ਼ਖ਼ਮੀ ਅੱਠ ਲੋਕਾਂ ਨੂੰ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਬੰਬ ਧਮਾਕੇ ਵਿੱਚ ਰੇਲਗੱਡੀ ਪਟੜੀ ਤੋਂ ਉਤਰੀ
ਇਸ ਦੌਰਾਨ ਜ਼ਿਲ੍ਹੇ ਦੇ ਸਾਰੇ ਹਸਪਤਾਲਾਂ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਘਟਨਾ ਦੀ ਪੁਸ਼ਟੀ ਕਰਦਿਆਂ ਡਿਪਟੀ ਕਮਿਸ਼ਨਰ ਕੱਚ ਆਗਾ ਸਮੀਉੱਲਾ ਨੇ ਕਿਹਾ ਕਿ ਇਹ ਇੱਕ ਰਿਮੋਟ ਕੰਟਰੋਲ ਧਮਾਕਾ ਸੀ ਜਿਸ ਨਾਲ ਰੇਲਗੱਡੀ ਦੀਆਂ ਕਈ ਬੋਗੀਆਂ ਪਟੜੀ ਤੋਂ ਉਤਰ ਗਈਆਂ। ਪਿਛਲੇ ਮਹੀਨੇ ਵੀ ਬਲੋਚਿਸਤਾਨ ‘ਚ ਅੱਤਵਾਦੀ ਗਤੀਵਿਧੀਆਂ ਹੋਈਆਂ ਸਨ, ਜਿਸ ‘ਚ ਇਕ ਕਪਤਾਨ ਸਮੇਤ 6 ਸੁਰੱਖਿਆ ਮੁਲਾਜ਼ਮ ਮਾਰੇ ਗਏ ਸਨ, ਜਦਕਿ 17 ਦੇ ਕਰੀਬ ਲੋਕ ਜ਼ਖਮੀ ਹੋ ਗਏ ਸਨ।
PIPS ਨੇ ਸਾਲਾਨਾ ਰਿਪੋਰਟ ਜਾਰੀ
ਇਸਲਾਮਾਬਾਦ ਸਥਿਤ ਥਿੰਕ-ਟੈਂਕ ਪਾਕ ਇੰਸਟੀਚਿਊਟ ਫਾਰ ਪੀਸ ਸਟੱਡੀਜ਼ (PIPS) ਦੇ ਅਨੁਸਾਰ, 2022 ਵਿੱਚ ਪਾਕਿਸਤਾਨ ਵਿੱਚ 262 ਅੱਤਵਾਦੀ ਹਮਲਿਆਂ ਵਿੱਚ ਕੁੱਲ 419 ਲੋਕ ਮਾਰੇ ਗਏ ਸਨ। ਪੀਆਈਪੀਐਸ ਨੇ ਆਪਣੀ ਸਾਲਾਨਾ ਰਿਪੋਰਟ ਵਿੱਚ ਕਿਹਾ ਕਿ ਵੱਖ-ਵੱਖ ਰਾਸ਼ਟਰਵਾਦੀ ਵਿਦਰੋਹੀਆਂ, ਧਾਰਮਿਕ ਤੌਰ ‘ਤੇ ਪ੍ਰੇਰਿਤ ਕੱਟੜਪੰਥੀਆਂ ਅਤੇ ਹਿੰਸਕ ਸੰਪਰਦਾਇਕ ਸਮੂਹਾਂ ਨੇ ਪਾਕਿਸਤਾਨ ਵਿੱਚ ਕੁੱਲ 262 ਅੱਤਵਾਦੀ ਹਮਲੇ ਕੀਤੇ, ਜਿਨ੍ਹਾਂ ਵਿੱਚ 14 ਆਤਮਘਾਤੀ ਬੰਬ ਧਮਾਕੇ ਸ਼ਾਮਲ ਹਨ, ਜੋ ਪਿਛਲੇ ਸਾਲ ਨਾਲੋਂ 27 ਫੀਸਦੀ ਵੱਧ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ, “ਇਨ੍ਹਾਂ ਅੱਤਵਾਦੀ ਹਮਲਿਆਂ ਵਿੱਚ ਕੁੱਲ 419 ਲੋਕਾਂ ਦੀ ਮੌਤ ਹੋਈ ਹੈ, ਜੋ ਕਿ 2021 ਵਿੱਚ ਹੋਈਆਂ ਮੌਤਾਂ ਨਾਲੋਂ 25 ਪ੍ਰਤੀਸ਼ਤ ਵੱਧ ਹੈ।” ਇਸ ਤੋਂ ਇਲਾਵਾ ਰਿਪੋਰਟ ‘ਚ ਇਹ ਵੀ ਦੱਸਿਆ ਗਿਆ ਹੈ ਕਿ ਇਸ ‘ਚ ਕਰੀਬ 734 ਲੋਕ ਜ਼ਖਮੀ ਹੋਏ ਹਨ। ਪਾਕਿਸਤਾਨ ਵਿੱਚ 2022 ਵਿੱਚ ਹੋਏ ਅੱਤਵਾਦੀ ਹਮਲਿਆਂ ਕਾਰਨ ਹੋਈਆਂ ਕੁੱਲ ਮੌਤਾਂ ਵਿੱਚੋਂ ਲਗਭਗ ਅੱਧੇ ਸੁਰੱਖਿਆ ਬਲਾਂ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਕਰਮਚਾਰੀ ਸਨ।