ਪਾਕਿਸਤਾਨ ‘ਚ ਅੱਤਵਾਦੀ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਤੋਂ ਨਹੀਂ ਖੁੰਝ ਰਹੇ। ਹੁਣ ਬਲੋਚਿਸਤਾਨ ਦੇ ਸੂਈ ਜ਼ਿਲੇ ‘ਚ ਅੱਤਵਾਦੀਆਂ ਨੇ ਪਾਕਿਸਤਾਨੀ ਫ਼ੌਜੀਆਂ ‘ਤੇ ਹਮਲਾ ਕੀਤਾ ਹੈ। ਅੱਤਵਾਦੀ ਹਮਲੇ ‘ਚ ਤਿੰਨ ਪਾਕਿਸਤਾਨੀ ਸੈਨਿਕ ਮਾਰੇ ਗਏ ਹਨ। ਨਿਊਜ਼ ਇੰਟਰਨੈਸ਼ਨਲ ਨੇ ਇੰਟਰ-ਸਰਵਿਸਜ਼ ਪਬਲਿਕ ਰਿਲੇਸ਼ਨ (ਆਈ.ਐੱਸ.ਪੀ.ਆਰ.) ਦੇ ਹਵਾਲੇ ਨਾਲ ਕਿਹਾ ਕਿ ਹਥਿਆਰਬੰਦ ਅੱਤਵਾਦੀਆਂ ਨੇ ਜਵਾਨਾਂ ‘ਤੇ ਹਮਲਾ ਕੀਤਾ।
ਦੋ ਅੱਤਵਾਦੀ ਵੀ ਮਾਰੇ ਗਏ
ਜਾਣਕਾਰੀ ਮੁਤਾਬਕ ਜਵਾਬੀ ਕਾਰਵਾਈ ‘ਚ ਦੋ ਅੱਤਵਾਦੀ ਵੀ ਮਾਰੇ ਗਏ ਹਨ। ਬਾਕੀ ਅੱਤਵਾਦੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਸੁਰੱਖਿਆ ਬਲ ਬਲੋਚਿਸਤਾਨ ਅਤੇ ਪਾਕਿਸਤਾਨ ਵਿਚ ਸ਼ਾਂਤੀ ਦੇ ਦੁਸ਼ਮਣਾਂ ਦਾ ਪਰਦਾਫਾਸ਼ ਕਰਨ ਲਈ ਪ੍ਰਭਾਵਸ਼ਾਲੀ ਕਾਰਵਾਈ ਕਰਨ ਲਈ ਤਿਆਰ ਹਨ।
ਆਈਐੱਸਪੀਆਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਜ਼ੋਬ ਵਿੱਚ ਹੋਏ ਇੱਕ ਅੱਤਵਾਦੀ ਹਮਲੇ ਵਿੱਚ ਘੱਟੋ-ਘੱਟ 9 ਪਾਕਿਸਤਾਨੀ ਸੈਨਿਕ ਮਾਰੇ ਗਏ ਸਨ। ਕਥਿਤ ਤੌਰ ‘ਤੇ ਅੱਤਵਾਦੀਆਂ ਨੇ ਬੁੱਧਵਾਰ ਤੜਕੇ ਚੌਕੀ ‘ਤੇ ਹਮਲਾ ਕੀਤਾ, ਜਿਸ ਤੋਂ ਬਾਅਦ ਭਾਰੀ ਗੋਲ਼ੀਬਾਰੀ ਹੋਈ। ਸ਼ੁਰੂ ਵਿੱਚ ਚਾਰ ਜਵਾਨਾਂ ਦੇ ਮਾਰੇ ਜਾਣ ਦੀ ਖ਼ਬਰ ਸੀ, ਬਾਅਦ ਵਿੱਚ ਇਹ ਅੰਕੜਾ 9 ਤੱਕ ਪਹੁੰਚ ਗਿਆ।
ਪਾਕਿਸਤਾਨ ‘ਚ ਅੱਤਵਾਦੀ ਗਤੀਵਿਧੀਆਂ ਵਧੀਆਂ
ਇਕ ਰਿਪੋਰਟ ‘ਚ ਕਿਹਾ ਗਿਆ ਹੈ ਕਿ ਪਾਕਿਸਤਾਨ ‘ਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਕਿਉਂਕਿ ਇਸ ਸਾਲ ਦੇ ਪਹਿਲੇ 6 ਮਹੀਨਿਆਂ ‘ਚ ਅੱਤਵਾਦੀ ਗਤੀਵਿਧੀਆਂ ‘ਚ 79 ਫੀਸਦੀ ਦਾ ਵਾਧਾ ਹੋਇਆ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਪਿਛਲੇ ਛੇ ਮਹੀਨਿਆਂ ਦੌਰਾਨ ਘੱਟੋ-ਘੱਟ 271 ਅੱਤਵਾਦੀ ਹਮਲੇ ਹੋਏ, ਜਿਨ੍ਹਾਂ ‘ਚ 389 ਲੋਕਾਂ ਦੀ ਜਾਨ ਚਲੀ ਗਈ ਅਤੇ 656 ਜ਼ਖਮੀ ਹੋਏ।
ਪਿਛਲੇ ਸਾਲ ਹਾਲਾਤ ਬਿਹਤਰ ਸਨ
ਰਿਪੋਰਟ ‘ਚ ਇਹ ਵੀ ਕਿਹਾ ਗਿਆ ਹੈ ਕਿ ਇਸ ਵਾਰ ਦੇ ਮੁਕਾਬਲੇ ਪਿਛਲੇ ਸਾਲ ਸਥਿਤੀ ਕਾਫੀ ਚੰਗੀ ਸੀ। 2022 ਦੀ ਪਹਿਲੀ ਛਿਮਾਹੀ ਵਿੱਚ 151 ਹਮਲੇ ਹੋਏ, ਜਿਨ੍ਹਾਂ ਵਿੱਚ 293 ਲੋਕਾਂ ਦੀ ਮੌਤ ਹੋ ਗਈ ਅਤੇ 487 ਜ਼ਖਮੀ ਹੋਏ।