ਬੀਤੇ ਕੁਝ ਸਾਲਾਂ ’ਚ ਬਾਲੀਵੁੱਡ ਫਿਲਮ ਇੰਡਸਟਰੀ ’ਚ ਪਾਕਿਸਤਾਨੀ ਕਲਾਕਾਰਾਂ ’ਤੇ ਬੈਨ ਲੱਗਾ ਹੋਇਆ ਹੈ। ਇਹ ਬੈਨ ਓਰੀ ਅਤੇ ਪੁਲਵਾਮਾ ਹਮਲੇ ਤੋਂ ਬਾਅਦ ਲਗਾਇਆ ਗਿਆ ਸੀ। ਇਸਤੋਂ ਬਾਅਦ ਕਿਸੇ ਵੀ ਪਾਕਿਸਤਾਨੀ ਕਲਾਕਾਰ ਨੂੰ ਬਾਲੀਵੁੱਡ ਫਿਲਮਾਂ ’ਚ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ ਹੈ। ਬਾਲੀਵੁੱਡ ਫਿਲਮ ਇੰਡਸਟਰੀ ’ਚ ਪਾਕਿਸਤਾਨੀ ਕਲਾਕਾਰਾਂ ’ਤੇ ਲੱਗੇ ਬੈਨ ’ਤੇ ਹੁਣ ਅਦਾਕਾਰਾ ਮਾਹਿਰਾ ਖਾਨ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਮਾਹਿਰਾ ਖਾਨ ਪਾਕਿਸਤਾਨੀ ਸਿਨੇਮਾ ਦੀਆਂ ਮਸ਼ਹੂਰ ਅਦਾਕਾਰਾਂ ’ਚੋਂ ਇਕ ਹੈ। ਉਨ੍ਹਾਂ ਨੇ ਦਿੱਗਜ ਅਦਾਕਾਰ ਸ਼ਾਹਰੁਖ ਖਾਨ ਨਾਲ ਬਾਲੀਵੁੱਡ ਫਿਲਮ ‘ਰਈਸ’ ’ਚ ਕੰਮ ਕੀਤਾ ਹੈ। ਇਸਤੋਂ ਬਾਅਦ ਮਾਹਿਰਾ ਖਾਨ ਬਾਲੀਵੁੱਡ ਦੀ ਕਿਸੀ ਵੀ ਫਿਲਮ ’ਚ ਨਜ਼ਰ ਨਹੀਂ ਆ ਸਕੀ। ਅਜਿਹੇ ’ਚ ਉਨ੍ਹਾਂ ਨੇ ਹਿੰਦੀ ਸਿਨੇਮਾ ’ਚ ਪਾਕਿਸਤਾਨੀ ਕਲਾਕਾਰਾਂ ’ਤੇ ਲੱਗੇ ਬੈਨ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਮਾਹਿਰਾ ਖਾਨ ਨੇ ਹਾਲ ਹੀ ’ਚ ਅੰਗਰੇਜ਼ੀ ਵੈਬਸਾਈਟ ਫਿਲਮ ਕੰਪੈਨੀਅਨ (Film Companion) ਨਾਲ ਗੱਲਬਾਤ ਕੀਤੀ।
ਇਸ ਦੌਰਾਨ ਪਾਕਿਸਤਾਨੀ ਅਦਾਕਾਰਾ ਨੇ ਬਾਲੀਵੁੱਡ ’ਚ ਆਪਣੇ ਕੰਮ ਦੇ ਅਨੁਭਵਾਂ ਨੂੰ ਵੀ ਸਾਂਝਾ ਕੀਤਾ। ਮਾਹਿਰਾ ਖਾਨ ਨੇ ਖ਼ੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਕਈ ਵਾਰ ਭਾਰਤੀ ਵੈਬ ਸੀਰੀਜ਼ ਲਈ ਆਫਰ ਆਏ, ਪਰ ਡਰ ਕਾਰਨ ਉਨ੍ਹਾਂ ਨੇ ਸਵੀਕਾਰ ਨਹੀਂ ਕੀਤਾ। ਉਨ੍ਹਾਂ ਨੇ ਕਿਹਾ, ‘ਮੈਨੂੰ ਕਈ ਸੀਰੀਜ਼ ਦੇ ਆਫਰ ਮਿਲੇ। ਮੈਨੂੰ ਨਹੀਂ ਪਤਾ ਕਿ ਮੇਰੇ ਇਹ ਕਹਿਣ ’ਤੇ ਕੋਈ ਸਮਝ ਪਾਏਗਾ ਜਾਂ ਨਹੀਂ, ਮੈਂ ਡਰ ਗਈ ਸੀ। ਮੈਂ ਸੱਚਮੁੱਚ ਡਰੀ ਹੋਈ ਸੀ। ਇਹ ਲੋਕਾਂ ਦੇ ਕਹਿਣ ਬਾਰੇ ਨਹੀਂ ਸੀ, ਮੈਂ ਕਰਨਾ ਚਾਹੁੰਦੀ ਸੀ।
ਉਸਦੀ ਕਹਾਣੀ ਵੀ ਅਦਭੁੱਤ ਸੀ। ਮੈਂ ਉਸਨੂੰ ਗੁਆਉਣਾ ਨਹੀਂ ਚਾਹੁੰਦੀ ਸੀ।’ਮਾਹਿਰਾ ਖਾਨ ਨੇ ਅੱਗੇ ਕਿਹਾ, ‘ਪਰ ਮੈਂ ਡਰ ਗਈ ਸੀ ਅਤੇ ਇਹ ਦੱਸਣ ’ਚ ਮੈਨੂੰ ਕੋਈ ਸ਼ਰਮ ਨਹੀਂ ਹੈ। ਹੁਣ ਮੈਂ ਥੋੜ੍ਹਾ ਸੋਚਦੀ ਹਾਂ ਕਿ ਨਹੀਂ, ਯਾਰ ਤੁਸੀਂ ਕੁਝ ਅਜਿਹਾ ਨਹੀਂ ਹੋਣ ਦੇ ਸਕਦੇ ਜੋ ਸਿਆਸਤ ਅਤੇ ਤੁਹਾਡੀ ਪਸੰਦ ਨੂੰ ਪ੍ਰਭਾਵਿਤ ਕਰਦਾ ਹੋਵੇ। ਇਸ ਲਈ ਮੈਨੂੰ ਨਹੀਂ ਲੱਗਦਾ ਕਿ ਮੈਂ ਹੁਣ ਅਜਿਹਾ ਕਰਾਂਗੀ ਅਤੇ ਮੈਨੂੰ ਉਮੀਦ ਹੈ ਕਿ ਅਸੀਂ ਸਹਿਯੋਗ ਕਰਾਂਗੇ। ਭਾਵੇ ਉਹ ਡਿਜੀਟਲ ਜਾਂ ਕਿਸੀ ਵੀ ਤਰ੍ਹਾਂ ਦਾ ਹੋਵੇ।’