ਫਰਾਂਸ ਦੀ ਰਾਜਧਾਨੀ ਪੈਰਿਸ ‘ਚ ਸ਼ਨੀਵਾਰ ਨੂੰ ਚਾਕੂ ਮਾਰਨ ਦੀ ਘਟਨਾ ਸਾਹਮਣੇ ਆਈ ਹੈ। ਪੈਰਿਸ ‘ਚ ਆਈਫਲ ਟਾਵਰ ਨੇੜੇ ਇਕ ਹਮਲਾਵਰ ਨੇ ਕੁਝ ਪੈਦਲ ਚੱਲਣ ਵਾਲਿਆਂ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ।
ਹਮਲੇ ਵਿੱਚ ਇੱਕ ਦੀ ਮੌਤ
ਫਰਾਂਸ ਦੇ ਗ੍ਰਹਿ ਮੰਤਰੀ ਗੇਰਾਲਡ ਦਰਮਨਿਨ ਨੇ ਸ਼ਨੀਵਾਰ ਨੂੰ ਕਿਹਾ ਕਿ ਮੱਧ ਪੈਰਿਸ ਵਿਚ ਆਈਫਲ ਟਾਵਰ ਦੇ ਨੇੜੇ ਇਕ ਹਮਲਾਵਰ ਨੇ ਪੈਦਲ ਚੱਲਣ ਵਾਲਿਆਂ ‘ਤੇ ਹਮਲਾ ਕੀਤਾ।
ਪੁਲਿਸ ਨੇ ਹਮਲਾਵਰ ਨੂੰ ਕੀਤਾ ਗ੍ਰਿਫ਼ਤਾਰ
ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਮੰਤਰੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਪੁਲਸ ਹਰਕਤ ‘ਚ ਆ ਗਈ ਅਤੇ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ।
ਮੰਤਰੀ ਨੇ ਲੋਕਾਂ ਨੂੰ ਕੀਤੀ ਅਪੀਲ
ਜਾਣਕਾਰੀ ਮੁਤਾਬਕ ਇਹ ਘਟਨਾ ਪੈਰਿਸ ਦੇ ਕਵੇਈ ਡੇ ਗ੍ਰੇਨਲੇ ਦੇ ਆਸ-ਪਾਸ ਵਾਪਰੀ। ਮੰਤਰੀ ਨੇ ਦੱਸਿਆ ਕਿ ਹਮਲੇ ‘ਚ ਜ਼ਖਮੀ ਵਿਅਕਤੀ ਨੂੰ ਇਲਾਜ ਲਈ ਭੇਜਿਆ ਗਿਆ ਹੈ। ਉਨ੍ਹਾਂ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ।
ਹਮਲਾਵਰ ਨੇ ਕੀਤੀ ਨਾਅਰੇਬਾਜ਼ੀ !
ਇਸ ਦੌਰਾਨ ਨਿਊਜ਼ ਏਜੰਸੀ ਏਐਫਪੀ ਨੇ ਇਕ ਸੂਤਰ ਦੇ ਹਵਾਲੇ ਨਾਲ ਕਿਹਾ ਕਿ ਹਮਲਾ ਕਰਨ ਵਾਲੇ ਸ਼ੱਕੀ ਨੇ ‘ਅੱਲ੍ਹਾ ਹੂ ਅਕਬਰ’ ਦੇ ਨਾਹਰੇ ਲਾਏ। ਹਾਲਾਂਕਿ ਨਿਊਜ਼ ਏਜੰਸੀ ਰਾਇਟਰਜ਼ ਨੇ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਨਾਲ ਹੀ, ਇੱਕ ਪੁਲਿਸ ਸੂਤਰ ਨੇ ਏਐਫਪੀ ਨੂੰ ਦੱਸਿਆ ਕਿ ਹਮਲਾਵਰ ਕੱਟੜਪੰਥੀ ਇਸਲਾਮ ਦਾ ਪੈਰੋਕਾਰ ਹੈ ਅਤੇ ਮਾਨਸਿਕ ਤੌਰ ‘ਤੇ ਬਿਮਾਰ ਹੈ।ਇਸ ਦੌਰਾਨ ਅੱਤਵਾਦ ਵਿਰੋਧੀ ਸਰਕਾਰੀ ਵਕੀਲ ਦੇ ਦਫ਼ਤਰ ਨੇ ਕਿਹਾ ਕਿ ਅਜੇ ਤੱਕ ਜਾਂਚ ਦਾ ਚਾਰਜ ਨਹੀਂ ਸੌਂਪਿਆ ਗਿਆ ਹੈ।