ਹਾਲ ਹੀ ‘ਚ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ (Kangana Ranaut) ਦਾ ਪਾਸਪੋਰਟ ਰਿਨੀਊ (Passport Renew) ਕੀਤਾ ਗਿਆ ਹੈ। ਮਸ਼ਹੂਰ ਲੇਖਕ ਤੇ ਗੀਤਕਾਰ ਜਾਵੇਦ ਅਖ਼ਤਰ (Javed Akhtar) ਕੰਗਨਾ ਰਣੌਤ ਦੇ ਪਾਸਪੋਰਟ ਨਵੀਨੀਕਰਣ ਮਾਮਲੇ ‘ਚ ਬੰਬੇ ਹਾਈ ਕੋਰਟ (Bombay High Court) ਪਹੁੰਚੇ। ਜਾਵੇਦ ਨੇ ਬੰਬੇ ਹਾਈ ਕੋਰਟ ਅੱਗੇ ਇਕ ਪਟੀਸ਼ਨ ਦਾਇਰ ਕਰਦਿਆਂ ਦਾਅਵਾ ਕੀਤਾ ਹੈ ਕਿ ਅਦਾਕਾਰਾ ਨੇ ਆਪਣੀ ਪਾਸਪੋਰਟ ਦੀ ਸਿਫਾਰਸ਼ ‘ਚ ਤੱਥਾਂ ਨੂੰ ਛੁਪਾਇਆ ਹੈ।
ਦਰਅਸਲ, ਜਾਵੇਦ ਅਖ਼ਤਰ ਦਾ ਕਹਿਣਾ ਹੈ ਕਿ ਕੰਗਨਾ ਰਣੌਤ ਨੇ ਆਪਣੇ ਕੇਸ ਅਦਾਲਤ ਤੋਂ ਛੁਪਾਏ ਹਨ। ਜਾਵੇਦ ਨੇ ਕਿਹਾ ਕਿ ਹਾਈ ਕੋਰਟ ਨੇ ਕੰਗਨਾ ਨੂੰ ਪੁੱਛਿਆ ਸੀ ਕਿ ਕੀ ਉਸ ਖ਼ਿਲਾਫ਼ ਕੋਈ ਅਪਰਾਧਕ ਕੇਸ ਚੱਲ ਰਿਹਾ ਹੈ। ਜਿਸ ਤੋਂ ਬਾਅਦ ਅਦਾਕਾਰਾ ਦੇ ਵਕੀਲ ਰਿਜਵਾਨ ਸਿੱਦੀਕੀ ਨੇ ਜੱਜ ਕੋਰਟ ਨੂੰ ਦੱਸਿਆ ਕਿ ਉਸਦੇ ਖ਼ਿਲਾਫ਼ ਸਿਰਫ ਦੋ ਐਫਆਈਆਰ (FIR) ਦਰਜ ਕੀਤੀਆਂ ਗਈਆਂ ਸਨ ਪਰ ਇਨ੍ਹਾਂ FIR ‘ਚ ਅਭਿਨੇਤਰੀ ਦੇ ਖ਼ਿਲਾਫ਼ ਅਪਰਾਧਿਕ ਕਾਰਵਾਈ ਸ਼ੁਰੂ ਨਹੀਂ ਹੋਈ ਹੈ।
ਜਾਵੇਦ ਅਖਤਰ ਨੇ ਕਿਹਾ ਕਿ, ਉਸ ਨੇ ਮੇਰੇ ਕੇਸ ਬਾਰੇ ਨਹੀਂ ਦੱਸਿਆ ਜੋ ਮੈਂ ਕੰਗਨਾ ਦੇ ਖ਼ਿਲਾਫ਼ ਦਾਇਰ ਕੀਤਾ ਹੈ। ਮੈਂ ਕੰਗਨਾ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ ਜੋ ਮੈਜਿਸਟਰੇਟ ਅਦਾਲਤ ‘ਚ ਵਿਚਾਰ ਅਧੀਨ ਹੈ। ਦੱਸਣਯੋਗ ਹੈ ਕਿ ਜਾਵੇਦ ਨੇ ਕੰਗਨਾ ਖ਼ਿਲਾਫ਼ ਅਦਾਲਤ ‘ਚ ਮਾਣਹਾਨੀ ਦਾ ਕੇਸ ਕੀਤਾ ਸੀ। ਉਨ੍ਹਾਂ ਨੇ ਸ਼ਿਕਾਇਤ ‘ਚ ਕਿਹਾ ਸੀ ਕਿ ਸੁਸ਼ਾਂਤ ਸਿੰਘ ਰਾਜਪੂਤ (Sushant Singh Rajput) ਦੀ ਮੌਤ ਤੋਂ ਬਾਅਦ ਅਦਾਕਾਰਾ ਨੇ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਖ਼ਿਲਾਫ਼ ਝੂਠੇ ਦੋਸ਼ ਲਾਏ ਹਨ।