ਅੰਮ੍ਰਿਤਸਰ ਦੇ ਦੋ ਆਵਾਰਾ ਕੁੱਤਿਆਂ ਨੂੰ ਕੈਨੇਡਾ ਭੇਜਣ ਦੀ ਤਿਆਰੀ ਹੋ ਚੁੱਕੀ ਹੈ। ਦੋਹਾਂ ਨੂੰ ਪਾਸਪੋਰਟ ਜਾਰੀ ਕੀਤੇ ਜਾਣਗੇ। ਹੁਣ ਇਹ ਦੋਨੋਂ ਕੁੱਤੇ ਕੈਨੇਡਾ ਦੀ ਡਾਕਟਰ ਬ੍ਰੈਂਡਾ ਦੇ ਕੋਲ ਰਹਿਣਗੇ। ਦਰਅਸਲ, ਐਨੀਮਲ ਵੈੱਲਫੇਅਰ ਐਂਡ ਕੇਅਰ ਸੁਸਾਇਟੀ ਏਡਬਲਯੂਸੀਐੱਸ ਨੇ ਅੰਮ੍ਰਿਤਸਰ ਦੇ ਇਨ੍ਹਾਂ ਕੈਨੇਡਾ ਭੇਜਣ ਦੀ ਪ੍ਰਕਿਰਿਆ ਪੂਰੀ ਕਰ ਲਈ ਹੈ। ਏਡਬਲਯੂਸੀਐੱਸ ਦੀ ਡਾ. ਨਵਨੀਤ ਕੌਰ ਇਨ੍ਹਾਂ ਕੁੱਤਿਆਂ (ਲਿੱਲੀ ਤੇ ਡੇਜੀ) ਨੂੰ 15 ਜੁਲਾਈ ਨਾਲ ਲੈ ਕੇ ਜਾਵੇਗੀ।
ਵੀਰਵਾਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਾ. ਨਵਨੀਤ ਕੌਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਏਡਬਲਯੂਸੀਐੱਸ ਦੁਆਰਾ 6 ਆਵਾਰਾ ਕੁੱਤਿਆਂ ਨੂੰ ਵਿਦੇਸ਼ ਪਹੁੰਚਾਇਆ ਗਿਆ ਹੈ, ਜਿਨ੍ਹਾਂ ’ਚੋਂ 2 ਅਮਰੀਕਾ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਉਹ ਖੁਦ ਅਮਰੀਕਾ ਰਹਿੰਦੀ ਹੈ ਤੇ ਅੰਮ੍ਰਿਤਸਰ ਉਸਦਾ ਪਿਛੋਕੜ ਹੈ। 2020 ’ਚ ਲਾਕਡਾਊਨ ਦੌਰਾਨ ਉਸਨੇ ਏਡਬਲਯੂਸੀਐੱਸ ਦਾ ਗਠਨ ਕੀਤਾ ਸੀ, ਜਿਸਦਾ ਦਫਤਰ ਰਣਜੀਤ ਐਵੇਨਿਊ ਸਥਿਤ ਈ ਬਲਾਕ ’ਚ ਹੈ। ਲਿੱਲੀ ਤੇ ਡੇਜੀ ਬਾਰੇ ਗੱਲਬਾਤ ਕਰਦਿਆਂ ਉਸਨੇ ਦੱਸਿਆ ਕਿ ਉਨ੍ਹਾਂ ਨੂੰ ਕੋਈ ਅਣਪਛਾਤਾ ਸ਼ਖ਼ਸ ਬਿਮਾਰੀ ਦੀ ਹਾਲਤ ’ਚ ਸਾਡੇ ਕੋਲ ਛੱਡ ਗਿਆ ਸੀ। ਇਨ੍ਹਾਂ ਦਾ ਇਲਾਜ ਕੀਤਾ ਗਿਆ, ਜੋ ਹੁਣ ਪੂਰੀ ਤਰ੍ਹਾਂ ਤੰਦਰੁਸਤ ਹਨ। ਕੈਨੇਡਾ ਦੀ ਡਾ. ਬ੍ਰੈਂਡਾ ਨੇ ਇਨ੍ਹਾਂ ਨੂੰ ਅਪਣਾਉਣ ਦੀ ਇੱਛਾ ਜ਼ਾਹਿਰ ਕੀਤੀ ਸੀ। ਡਾ. ਨਵਨੀਤ ਅਨਸਾਰ ਅਸੀਂਂ ਜਿਨ੍ਹਾਂ ਕੁੱਤਿਆਂ ਨੂੰ ਆਵਾਰਾ ਕਹਿੰਦੇ ਹਾਂ ਤੇ ਦੇਸੀ ਸਮਝਦੇ ਹਾਂ, ਕੈਨੇਡਾ ਦੇ ਲੋਕਾਂ ਲਈ ਇਹ ਵਿਦੇਸ਼ੀ ਨਸਲ ਹਨ ਜਿਨ੍ਹਾਂ ਨੂੰ ਉਹ ਬਹੁਤ ਖੁਸ਼ੀ ਨਾਲ ਅਪਣਾਉਣ ਲਈ ਤਿਆਰ ਰਹਿੰਦੇ ਹਨ।