ਦੋਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਕਿਸਾਨਾਂ ਦੀ ਹੱਕੀ ਮੰਗਾਂ ਨੂੰ ਲੈ ਕੇ ਸੂਬਾ ਸਰਕਾਰ ਖਿਲਾਫ਼ ਜਲੰਧਰ ਕੈਂਟ ਸਟੇਸ਼ਨ ਨਜ਼ਦੀਕ ਧੰਨੋਵਾਲੀ ਫਾਟਕ ਵਿਖੇ ਰੋਸ਼ ਮੁਜ਼ਾਹਰਾ ਕੀਤਾ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਮੱਲ੍ਹੀ ਨੰਗਲ ਨੇ ਦੱਸਿਆ ਕਿ ਗੰਨੇ ਦੀ ਫਸਲ ਇਸੇ ਸਮੇਂ ਪੱਕ ਕੇ ਬਿਲਕੁਲ ਤਿਆਰ ਹੋ ਚੁੱਕੀ ਹੈ ਪਰ ਕੁੰਭਕਰਨੀ ਨੀਂਦ ਸੁੱਤੀ ਸੂਬਾ ਸਰਕਾਰ ਨੇ ਨਾ ਤਾਂ ਕਿਸਾਨਾਂ ਦੀ ਗੰਨੇ ਦੀ ਬਕਾਇਆ ਰਕਮ ਦੀ ਅਦਾਇਗੀ ਕੀਤੀ ਹੈ ਅਤੇ ਨਾ ਹੀ ਅਜੇ ਤਕ ਸਰਕਾਰ ਖੰਡ ਮਿੱਲਾਂ ਸ਼ੁਰੂ ਕਰਨ ਦਾ ਨਾਂ ਲੈ ਰਹੀ ਹੈ। ਉਨ੍ਹਾਂ ਦੋਸ਼ ਲਗਾਉਂਦਿਆਂ ਕਿਹਾ ਕਿ ਪਹਿਲਾਂ ਸਰਕਾਰਾਂ 25 ਤੋਂ 26 ਅਕਤੂਬਰ ਤੱਕ ਖੰਡ ਮਿੱਲਾਂ ਸ਼ੁਰੂ ਕਰ ਦਿੰਦੀਆਂ ਸਨ ਪਰ ਅੱਜ 21 ਨਵੰਬਰ ਹੋ ਜਾਣ ਦੇ ਬਾਵਜੂਦ ਸਰਕਾਰ ਨੇ ਖੰਡ ਮਿੱਲਾਂ ਨਹੀਂ ਚਲਾਈਆਂ।
ਉਨ੍ਹਾਂ ਦੱਸਿਆ ਕਿ ਖੇਤੀਬਾੜੀ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ 16 ਨਵੰਬਰ ਤੱਕ ਹਰ ਹੀਲੇ ਖੰਡ ਮਿੱਲਾਂ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਪਰ ਬਾਵਜੂਦ ਇਸਦੇ ਸੂਬਾ ਸਰਕਾਰ ਨੇ ਅਜੇ ਤਕ ਵੀ ਖੰਡ ਮਿੱਲਾਂ ਦਾ ਕੰਮ ਨਹੀਂ ਸ਼ੁਰੂ ਕਰਵਾਇਆ ਜਿਸ ਕਰਕੇ ਕਿਸਾਨ ਵੀਰਾਂ ਨੂੰ ਖੱਜਲ ਖੁਆਰੀ ਦਾ ਸਾਮ੍ਹਣਾ ਕਰਨਾ ਪਏ ਰਿਹਾ ਹੈ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਅਜੇ ਵੀ ਕੋਈ ਕਾਰਵਾਈ ਨਾ ਕੀਤੀ ਤਾਂ ਇਹ ਧਰਨਾ ਪ੍ਰਦਰਸ਼ਨ ਅਣਮਿੱਥੇ ਸਮੇਂ ਤੱਕ ਜਾਰੀ ਰਹੇਗਾ ਅਤੇ ਬਾਅਦ ਦੁਪਹਿਰ ਰੇਲਵੇ ਲਾਈਨਾਂ ‘ਤੇ ਵੀ ਧਰਨਾ ਲਗਾ ਕੇ ਰੇਲਵੇ ਆਵਾਜਾਈ ਠੱਪ ਕੀਤੀ ਜਾਵੇਗੀ।