ਪੁਲਾੜ ਯਾਤਰੀਆਂ ਲਈ, ਪੁਲਾੜ ਵਿਚ ਯਾਤਰਾ ਕਰਨਾ ਬਹੁਤ ਰੋਮਾਂਚਕ ਹੁੰਦਾ ਹੈ ਅਤੇ ਇਸਦੇ ਲਈ ਉਨ੍ਹਾਂ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਇਸ ਦੇ ਨਾਲ, ਤੁਹਾਡੇ ਮਨਪਸੰਦ ਭੋਜਨ ਖਾਣ-ਪੀਣ ‘ਤੇ ਵੀ ਪਾਬੰਦੀ ਲੱਗ ਜਾਂਦੀ ਹੈ। ਪਰ ਹਾਲ ਹੀ ਵਿਚ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਵਿਚ ਪੀਜ਼ਾ ਪਾਰਟੀ ਕਰ ਰਹੇ ਪੁਲਾੜ ਯਾਤਰੀਆਂ ਦਾ ਇਕ ਵੀਡੀਓ ਵਾਇਰਲ ਹੋਇਆ ਹੈ, ਜਿਸ ਵਿਚ ਵੇਖਿਆ ਜਾ ਸਕਦਾ ਹੈ ਕਿ ਪੁਲਾੜ ਯਾਤਰੀ ਪੁਲਾੜ ਸਟੇਸ਼ਨ ਵਿਚ ਪੀਜ਼ਾ ਖਾ ਕੇ ਕਿਵੇਂ ਮਜ਼ਾ ਲੈ ਰਹੇ ਹਨ। ਧਰਤੀ ‘ਤੇ ਪੀਜ਼ਾ ਪਾਰਟੀ ਹੋਣਾ ਆਮ ਗੱਲ ਹੈ, ਪਰ ਪੁਲਾੜ ਸਟੇਸ਼ਨ ‘ਤੇ ਪੀਜ਼ਾ ਪਾਰਟੀ ਇਕ ਅਨੋਖੀ ਗੱਲ ਹੈ ਅਤੇ ਜਿਸ ਕਿਸੇ ਨੇ ਵੀ ਇਸ ਵਾਇਰਲ ਵੀਡੀਓ ਨੂੰ ਵੇਖਿਆ ਉਹ ਹੈਰਾਨ ਰਹਿ ਗਿਆ।
ਪੁਲਾੜ ਯਾਤਰੀ ਥਾਮਸ ਪੇਸਕੇਟ ਨੇ ਪੁਲਾੜ ਸਟੇਸ਼ਨ ‘ਤੇ ਪੀਜ਼ਾ ਪਾਰਟੀ ਕਰਦੇ ਹੋਏ ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ ਸਾਂਝਾ ਕੀਤਾ। ਇਕ ਮਿੰਟ ਦੀ ਵੀਡੀਓ ਵਿਚ ਛੇ ਪੁਲਾੜ ਯਾਤਰੀਆਂ ਦੇ ਇਕ ਸਮੂਹ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈਐਸਐਸ) ਉੱਤੇ ‘ਫਲੋਟਿੰਗ ਪੀਜ਼ਾ ਪਾਰਟੀ’ ਦਾ ਅਨੰਦ ਲੈਂਦੇ ਹੋਏ ਦਿਖਾਇਆ ਗਿਆ ਹੈ। ਵੀਡੀਓ ਵਿਚ ਉਨ੍ਹਾਂ ਨੂੰ ਸਮੱਗਰੀ ਇਕੱਠਾ ਕਰਦੇ ਅਤੇ ਹਵਾ ਵਿਚ ਤੈਰਦੇ ਹੋਏ ਪੀਜ਼ਾ ਬਣਾਉਂਦੇ ਹੋਏ ਵੀ ਦਿਖਾਇਆ ਗਿਆ ਹੈ। ਪੁਲਾੜ ਯਾਤਰੀ ਥਾਮਸ ਪੇਸਕੇਟ ਨੇ ਵੀਡੀਓ ਦੇ ਨਾਲ ਕੈਪਸ਼ਨ ਵਿਚ ਲਿਖਿਆ, “ਦੋਸਤਾਂ ਦੇ ਨਾਲ ਫਲੋਟਿੰਗ ਪੀਜ਼ਾ ਨਾਈਟ, ਇਹ ਲਗਪਗ ਧਰਤੀ ਉੱਤੇ ਸ਼ਨੀਵਾਰ ਵਰਗਾ ਲਗਦਾ ਹੈ। ਉਂਝ ਇਕ ਚੰਗਾ ਸ਼ੈੱਫ ਕਦੇ ਆਪਣੇ ਭੇਦ ਪ੍ਰਗਟ ਨਹੀਂ ਕਰਦਾ, ਪਰ ਮੈਂ ਇਕ ਵੀਡੀਓ ਬਣਾਇਆ ਤਾਂ ਜੋ ਤੁਸੀਂ ਜੱਜ ਬਣ ਸਕੋ।”
ਬਹੁਤ ਵਾਇਰਲ ਹੋ ਰਿਹਾ ਵੀਡੀਓ
ਪੁਲਾੜ ਵਿਚ ਪੀਜ਼ਾ ਪਾਰਟੀ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਹੁਣ ਤਕ ਇਸ ਵੀਡੀਓ ਨੂੰ 702,819 ਵਾਰ ਦੇਖਿਆ ਜਾ ਚੁੱਕਾ ਹੈ ਅਤੇ 137,977 ਲਾਈਕਸ ਮਿਲੇ ਚੁੱਕੇ ਹਨ। ਪੁਲਾੜ ਵਿਚ ਪੀਜ਼ਾ ਪਾਰਟੀ ਦੇ ਇਸ ਅਦਭੁਤ ਦ੍ਰਿਸ਼ ਨੂੰ ਵੇਖ ਕੇ ਲੋਕ ਹੈਰਾਨ ਅਤੇ ਉਤਸੁਕ ਵੀ ਹਨ। ਇਕ ਯੂਜ਼ਰ ਨੇ ਲਿਖਿਆ ਕਿ “ਸਪੇਸ ਪੀਜ਼ਾ ਸ਼ਾਨਦਾਰ ਹੈ। ਸਪੇਸ ਵਿਚ ਪੀਜ਼ਾ ਬਣਾਉਣਾ ਨਿਸ਼ਚਤ ਰੂਪ ਵਿਚ ਇਕ ਚੁਣੌਤੀ ਹੈ। ਪੀਜ਼ਾ ਬਣਾਉਣ ਦੀ ਪੂਰੀ ਪ੍ਰਕਿਰਿਆ ਨੂੰ ਵੇਖ ਕੇ ਚੰਗਾ ਲੱਗਿਆ।”
ਪੁਲਾੜ ਵਿਚ ਇੰਝ ਪਹੁੰਚੀ ਪੀਜ਼ਾ ਸਮੱਗਰੀ
ਨੌਰਥ੍ਰੌਪ ਗਰੂਮੈਨ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਨੂੰ ਸਪਲਾਈ ਪਹੁੰਚਾਉਣ ਲਈ Cygnus Resupply Spacecraft ਲਾਂਚ ਕੀਤਾ। ਇਸ ਦੁਆਰਾ ਪੁਲਾੜ ਯਾਤਰੀਆਂ ਲਈ ਪੀਜ਼ਾ ਆਈਟਮਾਂ ਦੀ ਵਿਸ਼ੇਸ਼ ਸਪੁਰਦਗੀ ਕੀਤੀ ਗਈ। ਪੀਜ਼ਾ ਬਣਾਉਣ ਨਾਲ ਸਬੰਧਤ ਸਾਰੀਆਂ ਲੋੜੀਂਦੀਆਂ ਚੀਜ਼ਾਂ ਪ੍ਰਾਪਤ ਕਰਨ ਤੋਂ ਬਾਅਦ ਹੀ ਪੁਲਾੜ ਯਾਤਰੀਆਂ ਨੂੰ ਪੁਲਾੜ ਵਿਚ ਪੀਜ਼ਾ ਖਾਣ ਦਾ ਮੌਕਾ ਮਿਲਿਆ।