ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ 4 ਵਜੇ ਨਵੀਂ ਦਿੱਲੀ ‘ਚ ਸੰਸਦ ਕੰਪਲੈਕਸ ਦੀ ਲਾਇਬ੍ਰੇਰੀ ‘ਚ ਹਿੰਦੀ ਫ਼ਿਲਮ ‘ਦਿ ਸਾਬਰਮਤੀ ਰਿਪੋਰਟ’ ਦੇਖਣਗੇ। ਅਭਿਨੇਤਾ ਵਿਕਰਾਂਤ ਮੈਸੀ, ਰਿਧੀ ਡੋਗਰਾ ਤੇ ਰਾਸ਼ੀ ਖੰਨਾ ਨੇ ਅਭਿਨੀਤ ਇਹ ਫਿਲਮ 27 ਫਰਵਰੀ, 2002 ਨੂੰ ਵਾਪਰੀ ਗੋਧਰਾ ਟ੍ਰੇਨ ਸਾੜਨ ਦੀ ਘਟਨਾ ‘ਤੇ ਅਧਾਰਤ ਹੈ।ਇਸ ਘਟਨਾ ‘ਚ 59 ਲੋਕ ਮਾਰੇ ਗਏ ਸਨ, ਜਿਸ ਤੋਂ ਬਾਅਦ ਗੁਜਰਾਤ ‘ਚ ਫਿਰਕੂ ਦੰਗੇ ਭੜਕ ਗਏ ਸਨ। ਦੰਗਿਆਂ ‘ਚ 1,000 ਤੋਂ ਵੱਧ ਲੋਕ ਮਾਰੇ ਗਏ ਸਨ, ਜਿਨ੍ਹਾਂ ਵਿਚ ਜ਼ਿਆਦਾਤਰ ਮੁਸਲਮਾਨ ਸਨ, ਉਸ ਵੇਲੇ ਪ੍ਰਧਾਨ ਮੰਤਰੀ ਮੋਦੀ ਗੁਜਰਾਤ ਰਾਜ ਦੇ ਮੁੱਖ ਮੰਤਰੀ ਸਨ।
ਫਿਲਮ ‘ਚ ਵਿਕਰਾਂਤ ਮੈਸੀ ਬਣੇ ਪੱਤਰਕਾਰ –ਦ ਸਾਬਰਮਤੀ ਰਿਪੋਰਟ ਸਿਨੇਮਾਘਰਾਂ ‘ਚ ਰਿਲੀਜ਼ ਹੋ ਚੁੱਕੀ ਹੈ। ਦਰਸ਼ਕ ਇਸ ਫਿਲਮ ਨੂੰ ਕਾਫੀ ਪਸੰਦ ਕਰ ਰਹੇ ਹਨ। ਇਸ ਫਿਲਮ ‘ਚ ਵਿਕਰਾਂਤ ਮੈਸੀ ਨੇ ਪੱਤਰਕਾਰ ਦੀ ਭੂਮਿਕਾ ਨਿਭਾਈ ਹੈ। ਪੀਐਮ ਮੋਦੀ ਇਸ ਫਿਲਮ ਨੂੰ ਆਪਣੇ ਦੋਸਤਾਂ ਨਾਲ ਦੇਖਣਗੇ।
ਸੱਚ ਨੂੰ ਹਮੇਸ਼ਾ ਛੁਪਾਇਆ ਨਹੀਂ ਜਾ ਸਕਦਾ : ਅਮਿਤ ਸ਼ਾਹ –ਪਿਛਲੇ ਮਹੀਨੇ ਫਿਲਮ ਦੀ ਰਿਲੀਜ਼ ਤੋਂ ਬਾਅਦ ਬੋਲਦਿਆਂ ਪੀਐੱਮ ਮੋਦੀ ਨੇ ਕਿਹਾ ਸੀ ਕਿ ਇਹ ਇਕ ਨਕਲੀ ਕਹਾਣੀ ਤੱਥ ਸਾਹਮਣੇ ਆਉਣ ਤੋਂ ਪਹਿਲਾਂ ਸੀਮਤ ਮਿਆਦ ਤਕ ਹੀ ਜਾਰੀ ਰਹਿ ਸਕਦੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਹ ਵੀ ਕਿਹਾ ਸੀ ਕਿ “ਸੱਚਾਈ ਨੂੰ ਹਮੇਸ਼ਾ ਲਈ ਛੁਪਾਇਆ ਨਹੀਂ ਜਾ ਸਕਦਾ”। ਉਨ੍ਹਾਂ ਕਿਹਾ ਕਿ ਫਿਲਮ “ਬੇਮਿਸਾਲ ਹਿੰਮਤ ਨਾਲ ਪਰਿਸਥਿਤੀਆਂ ਨੂੰ ਚੁਣੌਤੀ ਦਿੰਦੀ ਹੈ ਤੇ ਉਸ ਭਿਆਨਕ ਘਟਨਾ ਦੇ ਪਿੱਛੇ ਦੀ ਸੱਚਾਈ ਨੂੰ ਬੇਨਕਾਬ ਕਰਦੀ ਹੈ”।