Pariksha pe charcha 2020: ਅਗਲੀਆਂ ਬੋਰਡ ਤੇ ਦਾਖ਼ਲਾ ਪ੍ਰੀਖਿਆਵਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ‘ ਪਰੀਕਸ਼ਾ ਪੇ ਚਾਰਚਾ 2020’ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨਾਲ ਗੱਲਬਾਤ ਕਰਨਗੇ । ਸਕੂਲੀ ਵਿਦਿਆਰਥੀਆਂ ਨਾਲ ਪ੍ਰਧਾਨ ਮੰਤਰੀ ਦੇ ਸੰਵਾਦ ਪ੍ਰੋਗਰਾਮ ਦਾ ਤੀਜਾ ਸੰਸਕਰਣ ‘ਪਰੀਕਸ਼ਾ ਪੇ ਚਾਰਚਾ 2020’ ਸਵੇਰੇ 11 ਵਜੇ ਨਵੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿਖੇ ਹੋਵੇਗਾ । ਇਸ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰੀਖਿਆਵਾਂ ਦਾ ਤਣਾਅ ਦੂਰ ਕਰਨ ਬਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਗੱਲਬਾਤ ਕਰਨਗੇ ।
ਦਰਅਸਲ, ਵਿਦਿਆਰਥੀਆਂ ਅਤੇ ਅਧਿਆਪਕਾਂ ਤੋਂ ਇਲਾਵਾ ਬੱਚਿਆਂ ਦੇ ਮਾਪੇ ਵੀ ਇਸ ਪ੍ਰੋਗਰਾਮ ਦਾ ਹਿੱਸਾ ਹੋਣਗੇ । ਇਸ ਵਾਰ ਖ਼ਾਸ ਤੌਰ ’ਤੇ ਦਿਵਯਾਂਗ ਵਿਦਿਆਰਥੀਆਂ ਨੂੰ ਪ੍ਰਧਾਨ ਮੰਤਰੀ ਨਾਲ ਆਪਣੇ ‘ਮਨ ਕੀ ਬਾਤ’ ਕਹਿਣ ‘ਤੇ ਪ੍ਰਸ਼ਨ ਪੁੱਛਣ ਦਾ ਮੌਕਾ ਮਿਲੇਗਾ । ਇਸ ਪ੍ਰੋਗਰਾਮ ਵਿੱਚ ਲਗਭਗ 2,000 ਵਿਦਿਆਰਥੀ ਤੇ ਅਧਿਆਪਕ ਹਿੱਸਾ ਲੈਣਗੇ, ਜਿਨ੍ਹਾਂ ਵਿੱਚੋਂ 1,050 ਵਿਦਿਆਰਥੀਆਂ ਦੀ ਚੋਣ ਲੇਖ-ਮੁਕਾਬਲੇ ਰਾਹੀਂ ਕੀਤੀ ਗਈ ਹੈ ।
ਪ੍ਰੋਗਰਾਮ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਈ ਟਵੀਟ ਕੀਤੇ ਹਨ। ਉਨ੍ਹਾਂ ਆਪਣੇ ਪਹਿਲੇ ਟਵੀਟ ਵਿੱਚ ਲਿਖਿਆ ਕਿ ਇੱਕ ਵਾਰ ਫਿਰ ਅਸੀਂ ਪ੍ਰੀਖਿਆਵਾਂ ਨਾਲ ਜੁੜੇ ਵਿਸ਼ਿਆਂ, ਖ਼ਾਸ ਤੌਰ ’ਤੇ ‘ਪ੍ਰੀਖਿਆ ਦੌਰਾਨ ਅਸੀਂ ਕਿਵੇਂ ਖ਼ੁਸ਼ ਤੇ ਤਣਾਅ-ਮੁਕਤ ਰਹੀਏ’ ਬਾਰੇ ਨਿੱਠ ਕੇ ਗੱਲਬਾਤ ਕਰਾਂਗੇ । ਇਸ ਤੋਂ ਇਲਾਵਾ ਉਨ੍ਹਾਂ ਲਿਖਿਆ ਕਿ ਉਹ ਸਭ ਨੂੰ ‘ਪਰੀਕਸ਼ਾ ਪੇ ਚਰਚਾ 2020’ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੰਦੇ ਹਨ।
ਦੱਸ ਦੇਈਏ ਕਿ ਇਸ ਪ੍ਰੋਗਰਾਮ ਨੂੰ ਵਧੇਰੇ ਵਿਦਿਆਰਥੀ-ਕੇਂਦ੍ਰਿਤ ਬਣਾਉਣ ਲਈ, ਪਹਿਲੀ ਵਾਰ ਦੇ ਵਿਦਿਆਰਥੀ ਪ੍ਰਧਾਨ ਮੰਤਰੀ ਦੇ ਇਕ ਘੰਟਾ ਲੰਬੇ ਪ੍ਰੋਗਰਾਮ ਦਾ ਸੰਚਾਲਨ ਕਰਨਗੇ । ਇਸ ਸਾਲ ਚਾਰ ਕੇਂਦਰੀ ਵਿਦਿਆਲਿਆ ਸੰਗਠਨ (ਕੇਵੀਐਸ) ਸਕੂਲਾਂ ਦੇ ਵਿਦਿਆਰਥੀ ਪ੍ਰੋਗਰਾਮ ਦਾ ਆਯੋਜਨ ਕਰਨਗੇ । ਇਸ ਪ੍ਰੋਗਰਾਮਾਂ ਨੂੰ ਲੈ ਕੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਵਿੱਚ ਬਹੁਤ ਹੀ ਉਤਸ਼ਾਹ ਵੇਖਿਆ ਜਾ ਰਿਹਾ ਹੈ ।
ਇਸ ਤੋਂ ਇਲਾਵਾ ਪ੍ਰਧਾਨਮੰਤਰੀ ਮੋਦੀ ਵੱਲੋਂ ਇੱਕ ਹੋਰ ਟਵੀਟ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ ‘ਡਿਸਕਸ਼ਨ ਆੱਨ ਐਗਜ਼ਾਮ, ਐਗਜ਼ਾਮ ਵਰੀਅਰਜ਼ ਅਤੇ ਪਰੀਕਸ਼ਾ ਪੇ ਚਰਚਾ ਉਸ ਜਤਨ ਦਾ ਹਿੱਸਾ ਹੈ, ਜਿਸ ਵਿੱਚ ਅਸੀਂ ਵਿਦਿਆਰਥੀਆਂ ਨੂੰ ਸਮਰਥਨ ਦਿੰਦੇ ਹਾਂ ਤੇ ਉਨ੍ਹਾਂ ਨੂੰ ਭਰੋਸਾ ਦਿਵਾਉਂਦੇ ਹਾਂ । ਦੱਸ ਦੇਈਏ ਕਿ ‘ਪਰੀਕਸ਼ਾ ਪੇ ਚਰਚਾ’ ਸਮਾਰੋਹ ਦਾ ਇਹ ਤੀਜਾ ਸੈਸ਼ਨ ਹੈ । ਇਸਦਾ ਪਹਿਲਾ ਸੈਸ਼ਨ 16 ਫ਼ਰਵਰੀ, 2018 ਨੂੰ ਤੇ ਦੂਜਾ ਸੈਸ਼ਨ 29 ਜਨਵਰੀ, 2019 ਨੂੰ ਹੋਇਆ ਸੀ ।