ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ (12 ਫਰਵਰੀ) ਨੂੰ ਦਿੱਲੀ-ਮੁੰਬਈ ਐਕਸਪ੍ਰੈਸਵੇਅ ਦੇ ਦਿੱਲੀ-ਦੌਸਾ-ਲਾਲਸੋਤ ਸੈਕਸ਼ਨ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਦੌਸਾ ਤੋਂ ਐਕਸਪ੍ਰੈਸ ਵੇਅ ਦੇ ਪਹਿਲੇ ਪੜਾਅ ਦਾ ਉਦਘਾਟਨ ਕਰਨ ਤੋਂ ਬਾਅਦ ਪੀਐਮ ਮੋਦੀ ਨੇ ਪ੍ਰੋਗਰਾਮ ਨੂੰ ਵੀ ਸੰਬੋਧਨ ਕੀਤਾ। ਪੀਐਮ ਮੋਦੀ ਨੇ ਕਿਹਾ ਕਿ ਪਿਛਲੇ 9 ਸਾਲਾਂ ਤੋਂ ਅਸੀਂ ਬੁਨਿਆਦੀ ਢਾਂਚੇ ‘ਤੇ ਕਾਫੀ ਨਿਵੇਸ਼ ਕਰ ਰਹੇ ਹਾਂ। ਰਾਜਸਥਾਨ ਨੂੰ ਇਸ ਨਿਵੇਸ਼ ਦਾ ਵੱਡਾ ਲਾਭ ਮਿਲਣ ਵਾਲਾ ਹੈ।
ਪੀਐਮ ਮੋਦੀ ਨੇ ਕਿਹਾ ਕਿ ਅੱਜ ਮੈਨੂੰ ਦਿੱਲੀ-ਮੁੰਬਈ ਐਕਸਪ੍ਰੈਸਵੇਅ ਦੇ ਪਹਿਲੇ ਪੜਾਅ ਨੂੰ ਰਾਸ਼ਟਰ ਨੂੰ ਸਮਰਪਿਤ ਕਰਦੇ ਹੋਏ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਇਹ ਦੇਸ਼ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਆਧੁਨਿਕ ਐਕਸਪ੍ਰੈਸਵੇਅ ਵਿੱਚੋਂ ਇੱਕ ਹੈ। ਇਹ ਵਿਕਸਤ ਭਾਰਤ ਦੀ ਇੱਕ ਹੋਰ ਸ਼ਾਨਦਾਰ ਤਸਵੀਰ ਹੈ। ਮੈਂ ਦੌਸਾ ਨਿਵਾਸੀਆਂ ਅਤੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦਾ ਹਾਂ। ਇਸ ਸਾਲ ਦੇ ਬਜਟ ਵਿੱਚ ਅਸੀਂ ਬੁਨਿਆਦੀ ਢਾਂਚੇ ਲਈ 10 ਲੱਖ ਕਰੋੜ ਰੁਪਏ ਦੀ ਵਿਵਸਥਾ ਕੀਤੀ ਹੈ। ਇਹ ਰਕਮ 2014 ਵਿੱਚ ਨਿਰਧਾਰਤ ਰਕਮ ਦਾ ਪੰਜ ਗੁਣਾ ਹੈ। ਰਾਜਸਥਾਨ ਨੂੰ ਇਸ ਨਿਵੇਸ਼ ਦਾ ਕਾਫੀ ਫਾਇਦਾ ਹੋਣ ਵਾਲਾ ਹੈ।
“ਦੇਸ਼ ਦੀ ਤਰੱਕੀ ਨੂੰ ਰਫ਼ਤਾਰ ਮਿਲਦੀ ਹੈ”
ਪ੍ਰਧਾਨ ਮੰਤਰੀ ਨੇ ਦੌਸਾ ਵਿੱਚ 18,100 ਕਰੋੜ ਰੁਪਏ ਤੋਂ ਵੱਧ ਦੇ ਸੜਕੀ ਪ੍ਰਾਜੈਕਟਾਂ ਦਾ ਨੀਂਹ ਪੱਥਰ ਅਤੇ ਉਦਘਾਟਨ ਵੀ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਅਜਿਹੀਆਂ ਆਧੁਨਿਕ ਸੜਕਾਂ, ਆਧੁਨਿਕ ਰੇਲਵੇ ਸਟੇਸ਼ਨ, ਰੇਲਵੇ ਟਰੈਕ, ਮੈਟਰੋ ਅਤੇ ਹਵਾਈ ਅੱਡੇ ਬਣਦੇ ਹਨ ਤਾਂ ਦੇਸ਼ ਦੀ ਤਰੱਕੀ ਰਫ਼ਤਾਰ ਫੜਦੀ ਹੈ। ਬੁਨਿਆਦੀ ਢਾਂਚੇ ‘ਤੇ ਨਿਵੇਸ਼ ਹੋਰ ਵੀ ਨਿਵੇਸ਼ ਨੂੰ ਆਕਰਸ਼ਿਤ ਕਰਦਾ ਹੈ। ਕੇਂਦਰ ਸਰਕਾਰ ਬੁਨਿਆਦੀ ਢਾਂਚੇ ‘ਤੇ ਵੀ ਲਗਾਤਾਰ ਭਾਰੀ ਨਿਵੇਸ਼ ਕਰ ਰਹੀ ਹੈ।
ਰਾਜਸਥਾਨ ਵਿੱਚ ਸੈਰ ਸਪਾਟਾ ਹੋਰ ਵਧੇਗਾ
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਦਿੱਲੀ-ਮੁੰਬਈ ਐਕਸਪ੍ਰੈਸਵੇਅ ਅਤੇ ਪੱਛਮੀ ਸਮਰਪਿਤ ਮਾਲ ਕਾਰੀਡੋਰ ਰਾਜਸਥਾਨ ਅਤੇ ਦੇਸ਼ ਦੀ ਤਰੱਕੀ ਦੇ ਦੋ ਮਜ਼ਬੂਤ ਥੰਮ ਬਣਨ ਜਾ ਰਹੇ ਹਨ। ਇਹ ਪ੍ਰਾਜੈਕਟ ਆਉਣ ਵਾਲੇ ਸਮੇਂ ਵਿੱਚ ਰਾਜਸਥਾਨ ਸਮੇਤ ਇਸ ਪੂਰੇ ਖੇਤਰ ਦੀ ਤਸਵੀਰ ਬਦਲਣ ਵਾਲੇ ਹਨ। ਉਨ੍ਹਾਂ ਕਿਹਾ ਕਿ ਇਸ ਆਧੁਨਿਕ ਕਨੈਕਟੀਵਿਟੀ ਨਾਲ ਸਰਿਸਕਾ ਟਾਈਗਰ ਰਿਜ਼ਰਵ, ਕੇਓਲਾਦੇਓ ਅਤੇ ਰਣਥੰਭੌਰ ਨੈਸ਼ਨਲ ਪਾਰਕ, ਜੈਪੁਰ, ਅਜਮੇਰ ਵਰਗੇ ਕਈ ਸੈਲਾਨੀ ਸਥਾਨਾਂ ਨੂੰ ਵੀ ਲਾਭ ਮਿਲੇਗਾ। ਰਾਜਸਥਾਨ ਪਹਿਲਾਂ ਹੀ ਦੇਸ਼-ਵਿਦੇਸ਼ ਦੇ ਸੈਲਾਨੀਆਂ ਲਈ ਆਕਰਸ਼ਕ ਰਿਹਾ ਹੈ, ਹੁਣ ਇਸ ਦਾ ਆਕਰਸ਼ਣ ਹੋਰ ਵਧੇਗਾ।
ਭਾਰਤ ਦਾ ਸਭ ਤੋਂ ਲੰਬਾ ਐਕਸਪ੍ਰੈਸਵੇਅ
ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਦਾ ਦਿੱਲੀ-ਦੌਸਾ-ਲਾਲਸੋਤ ਸੈਕਸ਼ਨ 246 ਕਿਲੋਮੀਟਰ ਲੰਬਾ ਹੈ, ਜਿਸ ਨੂੰ 12,150 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਤ ਕੀਤਾ ਗਿਆ ਹੈ। ਇਸ ਸੈਕਸ਼ਨ ਦੇ ਚਾਲੂ ਹੋਣ ਨਾਲ ਦਿੱਲੀ ਤੋਂ ਜੈਪੁਰ ਦਾ ਸਫ਼ਰ ਦਾ ਸਮਾਂ ਪੰਜ ਘੰਟੇ ਤੋਂ ਘਟ ਕੇ ਸਾਢੇ ਤਿੰਨ ਘੰਟੇ ਰਹਿ ਜਾਵੇਗਾ। ਦਿੱਲੀ-ਮੁੰਬਈ ਐਕਸਪ੍ਰੈਸਵੇਅ ਭਾਰਤ ਦਾ ਸਭ ਤੋਂ ਲੰਬਾ ਐਕਸਪ੍ਰੈਸਵੇਅ ਹੋਵੇਗਾ, ਜਿਸਦੀ ਕੁੱਲ ਲੰਬਾਈ 1,386 ਕਿਲੋਮੀਟਰ ਹੈ।
ਛੇ ਰਾਜਾਂ ਵਿੱਚੋਂ ਲੰਘੇਗਾ
ਇਸ ਦੇ ਨਿਰਮਾਣ ਨਾਲ ਦਿੱਲੀ ਅਤੇ ਮੁੰਬਈ ਵਿਚਾਲੇ ਯਾਤਰਾ ਦੀ ਦੂਰੀ 12 ਫੀਸਦੀ ਘੱਟ ਜਾਵੇਗੀ। ਯਾਤਰਾ ਦੇ ਸਮੇਂ ‘ਚ ਵੀ 50 ਫੀਸਦੀ ਦੀ ਕਟੌਤੀ ਹੋਵੇਗੀ। ਪਹਿਲਾਂ ਜਿੱਥੇ ਸਫ਼ਰ ਵਿੱਚ 24 ਘੰਟੇ ਲੱਗਦੇ ਸਨ, ਹੁਣ 12 ਘੰਟੇ ਲੱਗ ਜਾਣਗੇ। ਇਹ ਐਕਸਪ੍ਰੈਸਵੇਅ (ਦਿੱਲੀ ਮੁੰਬਈ ਐਕਸਪ੍ਰੈਸਵੇਅ) ਛੇ ਰਾਜਾਂ – ਦਿੱਲੀ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ ਅਤੇ ਮਹਾਰਾਸ਼ਟਰ ਵਿੱਚੋਂ ਲੰਘੇਗਾ।