PM Modi last solar eclipse: ਨਵੀਂ ਦਿੱਲੀ: ਪੂਰੇ ਦੇਸ਼ ਵਿੱਚ ਅੱਜ ਸਾਲ ਦਾ ਆਖਰੀ ਸੂਰਜ ਗ੍ਰਹਿਣ ਦੇਖਿਆ ਜਾ ਰਿਹਾ ਹੈ । ਜਿਸਦੇ ਚੱਲਦਿਆਂ ਦੇਸ਼ ਦੇ ਕਈ ਹਿੱਸਿਆਂ ਵਿੱਚ ਆਮ ਲੋਕ ਇਸ ਅਦਭੁੱਤ ਨਜ਼ਾਰੇ ਨੂੰ ਦੇਖ ਰਹੇ ਹਨ । ਉਨ੍ਹਾਂ ਲੋਕਾਂ ਦੀ ਤਰ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਵੀ ਸੂਰਜ ਗ੍ਰਹਿਣ ਨੂੰ ਦੇਖਿਆ ਗਿਆ ਅਤੇ ਇਸ ਦੀਆਂ ਤਸਵੀਰਾਂ ਵੀ ਉਨ੍ਹਾਂ ਵੱਲੋਂ ਟਵੀਟ ਕਰ ਕੇ ਸਾਂਝੀਆਂ ਕੀਤੀਆਂ ਗਈਆਂ ।
ਇਸ ਸਬੰਧੀ ਟਵੀਟ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਿਖਿਆ ਕਿ ਹੋਰ ਭਾਰਤੀਆਂ ਦੀ ਤਰ੍ਹਾਂ ਉਹ ਵੀ ਸੂਰਜ ਗ੍ਰਹਿਣ ਦੇਖਣ ਲਈ ਉਤਸ਼ਾਹਤ ਸੀ । ਉਨ੍ਹਾਂ ਲਿਖਿਆ ਕਿ ਹਾਲਾਂਕਿ ਮੈਂ ਸੂਰਜ ਨਹੀਂ ਦੇਖ ਸਕਿਆ, ਕਿਉਂਕਿ ਇੱਥੇ ਪੂਰੀ ਤਰ੍ਹਾਂ ਨਾਲ ਬੱਦਲ ਛਾਏ ਹੋਏ ਹਨ । ਉਨ੍ਹਾਂ ਲਿਖਿਆ ਕਿ ਉਨ੍ਹਾਂ ਨੇ ਇਹ ਗ੍ਰਹਿਣ ਲਾਈਵ ਸਟ੍ਰੀਮ ਰਾਹੀਂ ਕੋਝੀਕੋਡ ਵਿੱਚ ਦੇਖਿਆ ।
ਪ੍ਰਧਾਨਮੰਤਰੀ ਮੋਦੀ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਉਹ ਚਸ਼ਮਾ ਲੈ ਕੇ ਘਰੋਂ ਬਾਹਰ ਨਿਕਲੇ ਸਨ ਅਤੇ ਸੂਰਜ ਦਾ ਦੀਦਾਰ ਕਰਨਾ ਚਾਹੁੰਦੇ ਸਨ ਪਰ ਬੱਦਲਾਂ ਨੇ ਸੂਰਜ ਨੂੰ ਪੂਰੀ ਤਰ੍ਹਾਂ ਢੱਕ ਰੱਖਿਆ ਸੀ । ਦੱਸਣਯੋਗ ਹੈ ਕਿ ਇਹ ਸੂਰਜ ਗ੍ਰਹਿਣ ਜ਼ਿਆਦਾ ਸਪੱਸ਼ਟ ਦਿਖਾਈ ਦੇ ਰਿਹਾ ਹੈ ।
ਦੱਸ ਦੇਈਏ ਕਿ ਜਦੋਂ ਚੰਨ ਸੂਰਜ ਅਤੇ ਧਰਤੀ ਦਰਮਿਆਨ ਆ ਜਾਂਦਾ ਹੈ ਤਾਂ ਸੂਰਜ ਦਾ ਸਿਰਫ਼ ਕਿਨਾਰੇ ਦਾ ਹਿੱਸਾ ਨਜ਼ਰ ਆਉਂਦਾ ਹੈ । ਅਜਿਹੇ ਵਿੱਚ ਇਕ ਚਮਕਦੀ ਹੋਈ ਰਿੰਗ ਦਿਖਾਈ ਦਿੰਦੀ ਹੈ । ਜਿਸਨੂੰ ਰਿੰਗ ਆਫ ਫਾਇਰ ਕਹਿੰਦੇ ਹਨ । ਦਰਅਸਲ, ਇਹ ਉਸ ਸਮੇ ਬਣਦਾ ਹੈ, ਜਦੋਂ ਪੂਰਨ ਸੂਰਜ ਗ੍ਰਹਿਣ ਲੱਗਦਾ ਹੈ ।