PM Birthday Greetings to CM: ਕੈਪਟਨ ਅਮਰਿੰਦਰ ਸਿੰਘ 78 ਸਾਲਾਂ ਦੇ ਹੋ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਹਨ। ਟਵੀਟ ਰਾਹੀਂ ਦਿੱਤੇ ਆਪਣੇ ਸ਼ੁੱਭਕਾਮਨਾ ਸੰਦੇਸ਼ ‘ਚ ਪੀਐੱਮ ਨੇ ਕੈਪਟਨ ਅਮਰਿੰਦਰ ਸਿੰਘ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਮੁੱਖ ਮੰਤਰੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ਤੇ ਕਾਂਗਰਸ ਦੇ ਗਿੱਦੜਬਾਹਾ ਤੋਂ ਵਿਧਾਇਕ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਬਾਕੀ ਆਗੂਆਂ ਨੇ ਵੀ ਸ਼ੁੱਭਕਾਮਨਾਵਾਂ ਦਿੱਤੀਆਂ।
ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਰਾਜਨੀਤੀ ਦਾ ਥੰਮ੍ਹ ਮੰਨੇ ਜਾਂਦੇ ਹਨ। ਉਹ ਪੰਜਾਬ ਦੇ ਦੂਸਰੀ ਵਾਰ ਮੁੱਖ ਮੰਤਰੀ ਬਣੇ ਹਨ। ਮੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਜਨਮਾਨਸ ਨਾਲ ਜੁੜੇ ਆਗੂ ਮੰਨਿਆ ਜਾਂਦਾ ਹੈ। 10 ਮਾਰਚ 1942 ਨੂੰ ਪਟਿਆਲਾ ਰਾਜਘਰਾਨੇ ‘ਚ ਜਨਮੇ ਕੈਪਟਨ ਦੀ ਅਗਵਾਈ ‘ਚ ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਨੇ ਇਤਿਹਾਸਕ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਉਹ 26 ਫਰਵਰੀ, 2020 ਤੋਂ 1 ਮਾਰਚ 2007 ਤਕ ਮੁੱਖ ਮੰਤਰੀ ਰਹੇ ਸਨ।
ਸਿਆਸਤ ‘ਚ ਆਉਣ ਤੋਂ ਪਹਿਲਾਂ ਕੈਪਟਨ ਭਾਰਤੀ ਫ਼ੌਜ ‘ਚ ਸਨ। ਉਨ੍ਹਾਂ ਸਾਲ 1963 ‘ਚ ਫ਼ੌਜ ਜੁਆਇਨ ਕੀਤੀ ਤੇ 1965 ‘ਚ ਛੱਡ ਦਿੱਤੀ। ਹਾਲਾਂਕਿ ਬਾਅਦ ‘ਚ ਪਾਕਿਸਤਾਨ ਨਾਲ ਜੰਗ ਛਿੜਨ ਦੀਆਂ ਸੰਭਾਵਨਾਵਾਂ ਕਾਰਨ ਉਹ ਮੁੜ ਫ਼ੌਜ ‘ਚ ਸ਼ਾਮਲ ਹੋਏ। ਯੁੱਧ ਸਮਾਪਤੀ ਤੋਂ ਬਾਅਦ ਉਨ੍ਹਾਂ ਮੁੜ ਫ਼ੌਜ ਛੱਡ ਦਿੱਤੀ।