ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰਾ ਪ੍ਰਹਿਲਾਦ ਮੋਦੀ ਦੀ ਕਾਰ ਬੇਂਗਲੁਰੂ ਨੇੜੇ ਕਡਾਕੋਲਾ ਵਿਖੇ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ‘ਚ ਉਹ, ਬੇਟਾ ਮੇਹੁਲ ਮੋਦੀ, ਨੂੰਹ ਜੀਨਲ ਮੋਦੀ ਅਤੇ ਪੋਤਰੇ ਮਹਾਰਥ ਮੋਦੀ ਦੇ ਸੱਟਾਂ ਲੱਗੀਆਂ ਹਨ। ਇਨ੍ਹਾਂ ਸਾਰਿਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਪ੍ਰਹਿਲਾਦ ਮੋਦੀ ਆਪਣੀ ਪਤਨੀ, ਬੇਟੇ ਅਤੇ ਨੂੰਹ ਨਾਲ ਮਰਸਡੀਜ਼ ਬੈਂਜ਼ ਕਾਰ ਵਿੱਚ ਬਾਂਦੀਪੋਰਾ ਜਾ ਰਹੇ ਸਨ ਕਿ ਦੁਪਹਿਰ ਕਰੀਬ 2 ਵਜੇ ਉਨ੍ਹਾਂ ਦੀ ਕਾਰ ਡਿਵਾਈਡਰ ਨਾਲ ਟਕਰਾ ਗਈ। ਸਾਰਿਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚੋਂ ਕਿਸੇ ਦੀ ਵੀ ਹਾਲਤ ਗੰਭੀਰ ਨਹੀਂ ਹੈ।
ਹਾਦਸੇ ਦੀ ਜੋ ਤਸਵੀਰ ਸਾਹਮਣੇ ਆਈ ਹੈ, ਉਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਾਰ ਦਾ ਅਗਲਾ ਹਿੱਸਾ ਉੱਡ ਗਿਆ ਹੈ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ‘ਚ ਮੋਦੀ ਪਰਿਵਾਰ ਨਾਲ ਸਬੰਧਤ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਫਿਲਹਾਲ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।ਸੂਤਰਾਂ ਮੁਤਾਬਕ ਮੈਸੂਰ ਦੀ ਪੁਲਿਸ ਸੁਪਰਡੈਂਟ ਸੀਮਾ ਲਟਕਰ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਹਸਪਤਾਲ ਵੀ ਗਏ, ਜਿੱਥੇ ਇਨ੍ਹਾਂ ਲੋਕਾਂ ਨੂੰ ਦਾਖਲ ਕਰਵਾਇਆ ਗਿਆ ਹੈ।
ਪਤਾ ਲੱਗਾ ਹੈ ਕਿ ਪ੍ਰਹਿਲਾਦ ਮੋਦੀ ਗੁਜਰਾਤ ਫੇਅਰ ਪ੍ਰਾਈਸ ਸ਼ਾਪਸ ਅਤੇ ਕੈਰੋਸੀਨ ਲਾਇਸੈਂਸ ਹੋਲਡਰ ਐਸੋਸੀਏਸ਼ਨ ਦੇ ਮੁਖੀ ਹਨ। ਹਾਲ ਹੀ ‘ਚ ਉਨ੍ਹਾਂ ਨੇ ਮੱਧ ਪ੍ਰਦੇਸ਼ ਦੇ ਬੈਤੁਲ ਜ਼ਿਲੇ ‘ਚ ਇਕ ਸਮਾਜਿਕ ਪ੍ਰੋਗਰਾਮ ‘ਚ ਹਿੱਸਾ ਲਿਆ ਸੀ। ਇਸ ਦੌਰਾਨ ਉਨ੍ਹਾਂ ਕਿਹਾ ਸੀ ਕਿ ਗੁਜਰਾਤ ਦੇ ਲੋਕਾਂ ਨੇ ਭਾਜਪਾ ਨੂੰ ਚੁਣਿਆ ਹੈ। ਪ੍ਰਹਿਲਾਦ ਨੇ ਸਾਫ਼ ਕਿਹਾ ਕਿ 2024 ਵਿੱਚ ਵੀ ਭਾਜਪਾ ਸੱਤਾ ਵਿੱਚ ਰਹੇਗੀ, ਜਿਸ ਦੇ ਮੁਖੀ ਨਰਿੰਦਰ ਭਾਈ ਹੋਣਗੇ।