ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ (9 ਫਰਵਰੀ) ਨੂੰ ਨਵੇਂ ਸੰਸਦ ਭਵਨ ਦੀ ਕੰਟੀਨ ਵਿੱਚ ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰਾਂ ਨਾਲ ਲੰਚ ਕੀਤਾ। ਲੰਚ ਪਲਾਨ ਤੋਂ ਪਹਿਲਾਂ ਪੀਐਮਓ ਵਲੋਂ ਇਨ੍ਹਾਂ 8 ਸੰਸਦ ਮੈਂਬਰਾਂ ਨੂੰ ਫੋਨ ਕੀਤਾ ਗਿਆ ਕਿ ਪ੍ਰਧਾਨ ਮੰਤਰੀ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਹਨ।
ਪੀਐਮਓ ਦੇ ਸੱਦੇ ਤੋਂ ਬਾਅਦ ਸਾਰੇ ਅੱਠ ਸੰਸਦ ਮੈਂਬਰ ਪ੍ਰਧਾਨ ਮੰਤਰੀ ਦਫ਼ਤਰ ਪੁੱਜੇ, ਪਰ ਕਿਸੇ ਨੂੰ ਇਹ ਨਹੀਂ ਪਤਾ ਸੀ ਕਿ ਉਨ੍ਹਾਂ ਨੂੰ ਕਿਉਂ ਸੱਦਿਆ ਗਿਆ ਸੀ। ਇਸ ਦੌਰਾਨ ਪੀਐਮ ਮੋਦੀ ਨੇ ਇਨ੍ਹਾਂ ਸੰਸਦ ਮੈਂਬਰਾਂ ਨੂੰ ਕਿਹਾ, ”ਚਲੋ ਅੱਜ ਮੈਂ ਤੁਹਾਨੂੰ ਇੱਕ ਸਜ਼ਾ ਸੁਣਾਉਂਦਾ ਹਾਂ।” ਫਿਰ ਪ੍ਰਧਾਨ ਮੰਤਰੀ ਸਾਰਿਆਂ ਨੂੰ ਆਪਣੇ ਨਾਲ ਸੰਸਦ ਦੀ ਕੰਟੀਨ ‘ਚ ਲੈ ਗਏ ਅਤੇ ਦੁਪਹਿਰ ਦਾ ਖਾਣਾ ਖਾਧਾ।
ਪੀਐਮ ਮੋਦੀ ਨਾਲ ਲੰਚ ਕਰਨ ਵਾਲਿਆਂ ਵਿੱਚ ਭਾਜਪਾ ਦੇ ਸੰਸਦ ਮੈਂਬਰ ਐਲ ਮੁਰੂਗਨ, ਹੀਨਾ ਗਾਵਿਤ, ਰਾਜ ਸਭਾ ਮੈਂਬਰ ਐੱਸ. ਫਾਂਗਨੋਨ ਕੋਨਯਾਕ ਅਤੇ ਜਾਮਿਯਾਂਗ ਸ਼ਾਮਲ ਸਨ। ਇਸ ਦੌਰਾਨ ਬਸਪਾ ਦੇ ਸੰਸਦ ਮੈਂਬਰ ਰਿਤੇਸ਼ ਪਾਂਡੇ, ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ ਕੇਰਲ ਦੇ ਸੰਸਦ ਮੈਂਬਰ ਐੱਨ ਪ੍ਰੇਮਚੰਦਰਨ, ਬੀਜੇਡੀ ਦੇ ਸੰਸਦ ਮੈਂਬਰ ਸਮਿਤ ਪਾਤਰਾ ਅਤੇ ਟੀਡੀਪੀ ਸਾਂਸਦ ਰਾਮ ਮੋਹਨ ਨਾਇਡੂ ਵੀ ਇਸ ਦੌਰਾਨ ਮੌਜੂਦ ਸਨ।
ਕਿਸ ਗੱਲ ‘ਤੇ ਹੋਈ ਚਰਚਾ?
ਸੰਸਦ ਮੈਂਬਰ ਕਰੀਬ ਇੱਕ ਘੰਟਾ ਪੀਐਮ ਮੋਦੀ ਨਾਲ ਕੰਟੀਨ ਵਿੱਚ ਰਹੇ। ਇਸ ਦੌਰਾਨ ਜਦੋਂ ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਤੋਂ ਉਨ੍ਹਾਂ ਦੇ ਤਜ਼ਰਬਿਆਂ ਬਾਰੇ ਪੁੱਛਿਆ ਤਾਂ ਉਨ੍ਹਾਂ (ਪੀਐਮ ਮੋਦੀ) ਨੇ ਆਪਣੇ ਨਿੱਜੀ ਅਨੁਭਵ ਅਤੇ ਸੁਝਾਅ ਸਾਂਝੇ ਕੀਤੇ। ਸੂਤਰਾਂ ਨੇ ਦੱਸਿਆ ਕਿ ਇਸ ਦੌਰਾਨ ਕੋਈ ਸਿਆਸੀ ਚਰਚਾ ਨਹੀਂ ਹੋਈ।
ਪੀਐਮ ਮੋਦੀ ਨੇ ਕੀ ਕਿਹਾ?
ਸੰਸਦ ਮੈਂਬਰਾਂ ਨਾਲ ਗੱਲਬਾਤ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਮੈਂ ਵੀ ਇੱਕ ਆਮ ਆਦਮੀ ਹਾਂ। ਮੈਂ ਹਮੇਸ਼ਾ ਪ੍ਰਧਾਨ ਮੰਤਰੀ ਵਾਂਗ ਵਿਵਹਾਰ ਨਹੀਂ ਕਰਦਾ ਅਤੇ ਮੈਂ ਲੋਕਾਂ ਨਾਲ ਗੱਲ ਵੀ ਕਰਦਾ ਹਾਂ। ਅਜਿਹੀ ਸਥਿਤੀ ਵਿੱਚ, ਅੱਜ ਮੇਰਾ ਤੁਹਾਡੇ ਸਾਰਿਆਂ ਨਾਲ ਵਿਚਾਰ ਵਟਾਂਦਰਾ ਅਤੇ ਖਾਣਾ ਖਾਣ ਦਾ ਜੀ ਕੀਤਾ ਜਿਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਸੱਦ ਲਿਆ।