ਕੋਲਕਾਤਾ-ਆਰਜੀ ਕਰ ਹਸਪਤਾਲ ਜਬਰ-ਜਨਾਹ ਤੇ ਹੱਤਿਆ ਕਾਂਡ ਵਿੱਚ ਕੋਲਕਾਤਾ ਦੀ ਇਕ ਅਦਾਲਤ ਦਾ ਫੈਸਲਾ ਆਉਣ ਤੋਂ ਇਕ ਦਿਨ ਪਹਿਲਾਂ ਅੱਜ ਪੀੜਤਾ ਤੇ ਮ੍ਰਿਤਕ ਡਾਕਟਰ ਦੇ ਮਾਪਿਆਂ ਨੇ ਦੋਸ਼ ਲਗਾਇਆ ਕਿ ਜਾਂਚ ਅੱਧੀ ਅਧੂਰੀ ਹੈ ਕਿਉਂਕਿ ਇਸ ਅਪਰਾਧ ਵਿੱਚ ਸ਼ਾਮਲ ਹੋਰ ਲੋਕ ਖੁੱਲ੍ਹੇਆਮ ਘੁੰਮ ਰਹੇ ਹਨ। ਪੀੜਤਾ ਦੇ ਮਾਪਿਆਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀ ਧੀ ਲਈ ਇਨਸਾਫ ਨਹੀਂ ਮਿਲ ਜਾਂਦਾ ਉਦੋਂ ਤੱਕ ਉਹ ਲੜਾਈ ਜਾਰੀ ਰੱਖਣਗੇ।
ਪਿਛਲੇ ਸਾਲ 9 ਅਗਸਤ ਨੂੰ ਇਸ ਸਰਕਾਰੀ ਹਸਪਤਾਲ ਵਿੱਚ ਮਹਿਲਾ ਟਰੇਨੀ ਡਾਕਟਰ ਮ੍ਰਿਤਕ ਪਾਈ ਗਈ ਸੀ। ਉਸ ਤੋਂ ਬਾਅਦ ਪੂਰੇ ਦੇਸ਼ ਵਿੱਚ ਗੁੱਸਾ ਭੜਕ ਗਿਆ ਸੀ। ਕੋਲਕਾਤਾ ਪੁਲੀਸ ਨਾਲ ਸਬੰਧਤ ਸਵੈਮ ਸੇਵਕ ਸੰਜੇ ਰਾਏ ਨੂੰ ਇਸ ਅਪਰਾਧ ਦੇ ਸਬੰਧ ਵਿੱਚ ਨਾਮਜ਼ਦ ਕੀਤਾ ਗਿਆ ਸੀ ਅਤੇ 10 ਅਗਸਤ ਨੂੰ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸਿਆਲਦਾਹ ਦੀ ਵਧੀਕ ਜ਼ਿਲ੍ਹਾ ਤੇ ਸੈਸ਼ਨਜ਼ ਅਦਾਲਤ ਵਿੱਚ ਇਸਮਾਮਲੇ ਦੀ ਸੁਣਵਾਈ 9 ਜਨਵਰੀ ਨੂੰ ਪੂਰੀ ਹੋਈ। ਸ਼ਨਿਚਰਵਾਰ ਨੂੰ ਇਸ ਮਾਮਲੇ ਵਿੱਚ ਫੈਸਲਾ ਆ ਸਕਦਾ ਹੈ।
ਪੀੜਤਾ ਦੀ ਮਾਂ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ, ‘‘ਸੰਜੇ ਦੋਸ਼ੀਹੈ ਅਤੇ ਭਲਕ ਦਾ ਫੈਸਲਾ ਉਸ ਦੇ ਖ਼ਿਲਾਫ਼ ਹੋਵੇਗਾ ਪਰ ਬਾਕੀ ਅਪਰਾਧੀਆਂ ਦਾ ਕੀ ਜੋ ਅਜੇ ਤੱਕ ਫੜੇ ਨਹੀਂ ਗਏ ਹਨ? ਮੈਂ ਉਨ੍ਹਾਂ ਨੂੰ ਖੁੱਲ੍ਹੇਆਮ ਘੁੰਮਦੇ ਹੋਏ ਦੇਖ ਸਕਦੀ ਹਾਂ। ਮੈਂ ਉਨ੍ਹਾਂ ਨੂੰ ਹਸਪਤਾਲ ਵਿੱਚ ਘੁੰਮਦੇ ਹੋਏ ਦੇਖਿਆ ਹੈ। ਤਾਂ ਜਾਂਚ ਅੱਧੀ ਅਧੂਰੀ ਹੀ ਹੋਈ ਹੈ।’’ ਉਨ੍ਹਾਂ ਇਹ ਵੀ ਕਿਹਾ ਕਿ ਜੈਵਿਕ ਸਬੂਤਾਂ ਤੋਂ ਰਾਏ ਦੋਸ਼ੀ ਸਾਬਿਤ ਹੋਇਆ ਹੈ ਪਰ ਉਸ ਦਾ ਮੰਨਣਾ ਹੈ ਕਿ ਪ੍ਰਸ਼ਾਸਨ ਅਪਰਾਧ ਵਿੱਚ ਸ਼ਾਮਲ ਕਈ ਹੋਰ ਲੋਕਾਂ ਨੂੰ ਬਚਾਅ ਰਿਹਾਹੈ। ਉਨ੍ਹਾਂ ਕਿਹਾ, ‘‘ਸਾਰੇ ਸਬੂਤ ਜਾਂ ਤਾਂ ਗੁਆਚ ਗਏ ਜਾਂ ਖ਼ਤਮ ਕਰ ਦਿੱਤੇ ਗਏ। ਜਦੋਂ ਤਤਕਾਲੀ ਪੁਲੀਸ ਕਮਿਸ਼ਨਰ ਵਿਨੀਤ ਗੋਇਲ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਸੀ ਤਾਂ ਉੱਥੇ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ। ਇਹ ਮੱਛੀ ਬਾਜ਼ਾ ਵਰਗਾ ਲੱਗ ਰਿਹਾ ਸੀ। ਘਟਨਾ ਸਥਾਨ ’ਤੇ ਮੌਜੂਦ ਰਹੇ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।’’ ਪੀੜਤਾ ਦੀ ਮਾਂ ਨੇ ਕਿਹਾ, ‘‘ਮੈਨੂੰ ਅਜੇ ਤੱਕ ਨਹੀਂ ਪਤਾ ਲੱਗਿਆ ਕਿ ਮੇਰੀ ਧੀ ਨੂੰ ਇਸ ਤਰ੍ਹਾਂ ਕਿਉਂ ਮਾਰਿਆ ਗਿਆ। ਉਸ ਨੂੰ ਅਜਿਹਾ ਕੀ ਪਤਾ ਲੱਗ ਗਿਆ ਸੀ ਕਿ ਉਸ ਨੂੰ ਜਿਉਣ ਨਹੀਂ ਦਿੱਤਾ ਗਿਆ?’’
ਪੀੜਤਾ ਦੇ ਪਿਤਾ ਨੇ ਵੀ ਦਾਅਵਾ ਕੀਤਾ ਕਿ ਜਾਂਚ ਅੱਧੀ ਅਧੂਰੀ ਹੈ। ਉਸ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ, ‘‘ਮੈਨੂੰ ਨਹੀਂ ਲੱਗਦ ਕਿ ਸੰਜੇ ਇਕੱਲਾ ਸੀ। ਹੋਰ ਵੀ ਲੋਕ ਹੋਣਗੇ ਜੋ ਇਸ ਅਪਰਾਧ ਵਿੱਚ ਬਿਲਕੁਲ ਸ਼ਾਮਲ ਸਨ ਪਰ ਉਹ ਅਜੇ ਵੀ ਆਜ਼ਾਦ ਹਨ। ਆਸ ਹੈ ਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ ਅਤੇ ਉਨ੍ਹਾਂ ਦਾ ਅਪਰਾਧ ਸਾਬਿਤ ਹੋਵੇਗਾ। ਉਦੋਂ ਤੱਕ, ਨਿਆਂ ਨਹੀਂ ਮਿਲੇਗਾ। ਪੀੜਤਾ ਦੇ ਮਾਪਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਨਿਆਂ ਪਾਲਿਕਾ ’ਤੇ ਭਰੋਸਾ ਹੈ ਅਤੇ ਸ਼ਨਿਚਰਵਾਰ ਨੂੰ ਜਦੋਂ ਫੈਸਲਾ ਆਵੇਗਾ ਉਹ ਅਦਾਲਤ ਵਿੱਚ ਮੌਜੂਦ ਰਹਿਣਗੇ।