ਸ਼ਾਹਬਾਜ਼ ਸ਼ਰੀਫ ਸਰਕਾਰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕਰਨ ਦੀ ਯੋਜਨਾ ਬਣਾ ਰਹੀ ਹੈ। ਪਾਕਿਸਤਾਨੀ ਨਿਊਜ਼ ਚੈਨਲ ਸਮਾ ਟੀਵੀ ਨੂੰ ਇੰਟਰਵਿਊ ਦਿੰਦੇ ਹੋਏ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨੇ ਇਹ ਜਾਣਕਾਰੀ ਦਿੱਤੀ।
ਪਾਕਿਸਤਾਨ ਦੇ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨੇ ਕਿਹਾ ਕਿ ਕੈਬਨਿਟ ਪੀਟੀਆਈ ਪਾਰਟੀ ਨੂੰ ਅੱਤਵਾਦੀ ਸਮੂਹ ਘੋਸ਼ਿਤ ਕਰਨ ‘ਤੇ ਵਿਚਾਰ ਕਰੇਗੀ। ਉਨ੍ਹਾਂ ਦਾਅਵਾ ਕੀਤਾ ਕਿ ਲਾਹੌਰ ਦੇ ਜ਼ਮਾਨ ਪਾਰਕ ਵਿੱਚ ਇਮਰਾਨ ਖ਼ਾਨ ਦੀ ਰਿਹਾਇਸ਼ ’ਤੇ ਕਰੀਬ 250 ਅਫ਼ਗਾਨ ਨਾਗਰਿਕ ਸੁਰੱਖਿਆ ਵਿੱਚ ਲੱਗੇ ਹੋਏ ਹਨ। ਪਾਕਿਸਤਾਨ ਸਰਕਾਰ ਪਹਿਲਾਂ ਹੀ ਇਮਰਾਨ ਖਾਨ ਨੂੰ ਉਨ੍ਹਾਂ ਦੀ ਰਿਹਾਇਸ਼ ‘ਤੇ ਲੁਕੇ ਸ਼ੱਕੀਆਂ ਨੂੰ ਪੁਲਿਸ ਹਵਾਲੇ ਕਰਨ ਦਾ ਅਲਟੀਮੇਟਮ ਦੇ ਚੁੱਕੀ ਹੈ।
ਪੀਟੀਆਈ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹੈ
ਪਾਕਿਸਤਾਨੀ ਗ੍ਰਹਿ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ ਅਫਗਾਨ ਨਾਗਰਿਕਾਂ ਨੂੰ ਜਾਣਬੁੱਝ ਕੇ ਤਾਇਨਾਤ ਕੀਤਾ ਗਿਆ ਸੀ। ਸਾਡੇ ਕੋਲ ਇਸ ਦਾ ਸਬੂਤ ਹੈ। ਉਹ ਪੁਲਿਸ ‘ਤੇ ਹਮਲਾ ਕਰਨ ਲਈ ਵੀ ਤਿਆਰ ਸਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਅਫਗਾਨ ਨਾਗਰਿਕਾਂ ਨੂੰ ਕੋਰ ਕਮਾਂਡਰ ਹਾਊਸ ਅਤੇ ਅਸਕਰੀ ਟਾਵਰ ‘ਤੇ ਹਮਲਾ ਕਰਨ ਦਾ ਹੁਕਮ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਗ੍ਰਹਿ ਮੰਤਰੀ ਨੇ ਕਿਹਾ ਕਿ ਪੀਟੀਆਈ ਦੇ ਕਈ ਮੈਂਬਰਾਂ ਖ਼ਿਲਾਫ਼ ਦਰਜ ਕੇਸਾਂ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ।
ਪੁਲਿਸ ਜ਼ਮਾਨ ਪਾਰਕ ‘ਤੇ ਛਾਪਾ ਮਾਰ ਸਕਦੀ ਹੈ
ਪੰਜਾਬ ਪੁਲਿਸ ਨੇ ਵੀਰਵਾਰ (18 ਮਈ) ਨੂੰ ਲਾਹੌਰ ਵਿੱਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਘਰ ਨੂੰ ਘੇਰ ਲਿਆ ਹੈ। ਪੰਜਾਬ ਦੇ ਕਾਰਜਕਾਰੀ ਸੂਚਨਾ ਮੰਤਰੀ ਅਮੀਰ ਮੀਰ ਨੇ ਦਾਅਵਾ ਕੀਤਾ ਕਿ ਇਮਰਾਨ ਖਾਨ ਦੀ ਜ਼ਮਾਨ ਪਾਰਕ ਸਥਿਤ ਰਿਹਾਇਸ਼ ਦੇ ਅੰਦਰ ਲਗਭਗ 30 ਤੋਂ 40 ਅੱਤਵਾਦੀ ਲੁਕੇ ਹੋਏ ਹਨ ਅਤੇ ਉਨ੍ਹਾਂ ਨੂੰ ਉਨ੍ਹਾਂ ਨੂੰ ਸੌਂਪਣ ਜਾਂ ਸਖ਼ਤ ਕਾਰਵਾਈ ਦਾ ਸਾਹਮਣਾ ਕਰਨ ਲਈ 24 ਘੰਟਿਆਂ ਦਾ ਅਲਟੀਮੇਟਮ ਦਿੱਤਾ ਗਿਆ ਸੀ।
ਅਲਟੀਮੇਟਮ ਖਤਮ ਹੋਣ ਤੋਂ ਬਾਅਦ ਪੁਲਿਸ ਕਿਸੇ ਵੀ ਸਮੇਂ ਇਮਰਾਨ ਖਾਨ ਦੇ ਭਤੀਜੇ ਹਸਨ ਨਿਆਜ਼ੀ ਸਮੇਤ ਅੱਤਵਾਦੀਆਂ ਨੂੰ ਗ੍ਰਿਫਤਾਰ ਕਰਨ ਲਈ ਜ਼ਮਾਨ ਪਾਰਕ ‘ਤੇ ਛਾਪਾ ਮਾਰ ਸਕਦੀ ਹੈ।