ਨਵੀਂ ਦਿੱਲੀ: ਭਾਰਤ ਤੇ ਚੀਨ ਵਿਚਾਲੇ ਤਣਾਅ ਜਾਰੀ ਹੈ। ਇਸ ਦੌਰਾਨ ਬੁੱਧਵਾਰ ਨੂੰ ਮੋਦੀ ਸਰਕਾਰ ਨੇ 118 ਵਿਦੇਸ਼ੀ ਮੋਬਾਈਲ ਐਪਸ ‘ਤੇ ਪਾਬੰਦੀ ਲਾ ਦਿੱਤੀ ਹੈ। ਇਸ ‘ਚ ਜ਼ਿਆਦਾਤਰ ਐਪਸ ਚੀਨ ਨਾਲ ਜੁੜੇ ਹੋਏ ਹਨ। ਹੁਣ ਚੀਨ ਨੇ ਭਾਰਤ ਸਰਕਾਰ ਦੇ ਇਨ੍ਹਾਂ ਕਦਮਾਂ ‘ਤੇ ਪ੍ਰਤੀਕ੍ਰਿਆ ਦਿੱਤੀ ਹੈ।
ਨਿਊਜ਼ ਏਜੰਸੀ ਰੋਇਟਰਜ਼ ਨੇ ਚੀਨ ਦੇ ਕਾਮਰਸ ਮਿਨਿਸਟਰੀ ਦੇ ਹਵਾਲੇ ਨਾਲ ਕਿਹਾ, “ਮੋਬਾਈਲ ਐਪਸ ‘ਤੇ ਭਾਰਤ ਦੀ ਪਾਬੰਦੀ ਚੀਨੀ ਨਿਵੇਸ਼ਕਾਂ ਤੇ ਸੇਵਾ ਪ੍ਰਦਾਤਾਵਾਂ ਦੇ ਕਾਨੂੰਨੀ ਹਿੱਤਾਂ ਦੀ ਉਲੰਘਣਾ ਕਰਦੀ ਹੈ। ਚੀਨ ਗੰਭੀਰ ਰੂਪ ਵਿੱਚ ਚਿੰਤਤ ਹੈ, ਇਸ ਦਾ ਵਿਰੋਧ ਕਰਦਾ ਹੈ।
ਇਸ ਤੋਂ ਪਹਿਲਾਂ ਕੇਂਦਰੀ ਦੂਰਸੰਚਾਰ ਅਤੇ ਸੂਚਨਾ ਤਕਨਾਲੋਜੀ (ਆਈਟੀ) ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਜਿਨ੍ਹਾਂ 118 ਮੋਬਾਈਲ ਐਪਸ ‘ਤੇ ਪਾਬੰਦੀ ਲਾਈ ਗਈ ਹੈ, ਉਨ੍ਹਾਂ ਵਿੱਚ ਭਾਰਤੀ ਯੂਜ਼ਰਸ ਦੀ ਜਾਣਕਾਰੀ ਦੀ ਸੁਰੱਖਿਆ, ਨਿਗਰਾਨੀ ਤੇ ਗੁਪਤਤਾ ਨਾਲ ਜੁੜੀਆਂ ਸਮੱਸਿਆਵਾਂ ਸੀ।
ਉਨ੍ਹਾਂ ਕਿਹਾ ਕਿ ਭਾਰਤ ਉਨ੍ਹਾਂ ਦੇਸ਼ਾਂ ‘ਚੋਂ ਇੱਕ ਹੈ ਜਿਥੇ ਮੋਬਾਈਲ ਐਪਸ ਸਭ ਤੋਂ ਜ਼ਿਆਦਾ ਡਾਊਨਲੋਡ ਕੀਤੇ ਜਾਂਦੇ ਹਨ। ਹੁਣ ਸਰਕਾਰ ਨੇ ‘ਮੇਡ ਇਨ ਇੰਡੀਆ’ ਐਪ ‘ਤੇ ਧਿਆਨ ਕੇਂਦਰਿਤ ਕਰਨਾ ਸ਼ੁਰੂ ਕਰ ਦਿੱਤਾ ਹੈ।