PreetNama
ਰਾਜਨੀਤੀ/Politics

Punjab Corona Guidelines:ਕੈਪਟਨ ਵੱਲੋਂ ਪੰਜਾਬ ‘ਚ ਸਖਤ ਪਾਬੰਦੀਆਂ ਦਾ ਐਲਾਨ, ਉਲੰਘਣਾ ਕਰਨ ਵਾਲਿਆਂ ‘ਤੇ ਸਖਤ ਐਕਸ਼ਨ ਦੇ ਹੁਕਮ

ਕੋਰੋਨਾ ਵਾਇਰਸ ਦੀ ਦੂਜੀ ਲਹਿਰ ਪੂਰੇ ਦੇਸ਼ ‘ਚ ਤੇਜ਼ੀ ਨਾਲ ਫੈਲ ਰਹੀ ਹੈ। ਇਸ ਨੂੰ ਵੇਖਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 30 ਅਪ੍ਰੈਲ ਤਕ ਰਾਜਨੀਤਕ ਰੈਲੀਆਂ ‘ਤੇ ਪੂਰਨ ਤਰ੍ਹਾਂ ਪਾਬੰਦੀ ਲਾਉਣ ਦੇ ਆਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਡੀਐਮਏ ਤੇ ਮਹਾਂਮਾਰੀ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਜਾਵੇਗਾ।

ਮੁੱਖ ਮੰਤਰੀ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਆਦੇਸ਼ਾਂ ਮੁਤਾਬਕ ਅੱਜ ਬੁੱਧਵਾਰ ਨੂੰ ਪੂਰੇ ਪੰਜਾਬ ‘ਚ ਨਾਈਟ ਕਰਫ਼ਿਊ ਲਾਗੂ ਕਰ ਦਿੱਤਾ ਗਿਆ ਹੈ। ਨਾਈਟ ਕਰਫ਼ਿਊ ਰਾਤ 9 ਤੋਂ ਸਵੇਰੇ 5 ਵਜੇ ਤਕ ਜਾਰੀ ਰਹੇਗਾ। ਇਸ ਤੋਂ ਪਹਿਲਾਂ ਸੂਬੇ ਦੇ 12 ਜ਼ਿਲ੍ਹਿਆਂ ‘ਚ ਨਾਈਕ ਕਰਫ਼ਿਊ ਲਾਇਆ ਗਿਆ ਸੀ। ਉੱਥੇ ਹੀ ਅੰਤਮ ਸੰਸਕਾਰ ਤੇ ਵਿਆਹ ਸਮਾਗਮਾਂ ‘ਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਗਿਣਤੀ ਘਟਾ ਕੇ ਬੰਦ ਥਾਂ ‘ਤੇ 50 ਤੇ ਖੁੱਲ੍ਹੀ ਥਾਂ ‘ਤੇ 100 ਕਰ ਦਿੱਤੀ ਗਈ ਹੈ। ਦਫ਼ਤਰ ‘ਚ ਹਾਜ਼ਰ ਸਾਰੇ ਸਰਕਾਰੀ ਕਰਮਚਾਰੀਆਂ ਲਈ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ।

ਤਾਜ਼ਾ ਆਦੇਸ਼ਾਂ ‘ਚ ਸਕੂਲ, ਕਾਲਜ ਅਤੇ ਹੋਰ ਵਿਦਿਅਕ ਸੰਸਥਾਵਾਂ ਨੂੰ 30 ਅਪ੍ਰੈਲ ਤਕ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਦੁਕਾਨਾਂ ਤੇ ਮਾਲਜ਼ ਲਈ ਵੀ ਆਦੇਸ਼ ਜਾਰੀ ਕੀਤੇ ਗਏ ਹਨ। ਕਿਸੇ ਵੀ ਦੁਕਾਨ ‘ਚ ਇੱਕ ਸਮੇਂ ‘ਚ ਸਿਰਫ਼ 10 ਲੋਕਾਂ ਦੇ ਇਕੱਤਰ ਹੋਣ ਦੀ ਮਨਜ਼ੂਰੀ ਦਿੱਤੀ ਹੈ। ਉੱਥੇ ਹੀ ਮਾਲ ‘ਚ ਇਕ ਸਮੇਂ ‘ਚ 100 ਤੋਂ ਵੱਧ ਲੋਕਾਂ ਨੂੰ ਐਂਟਰੀ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕੀਤਾ ਗਿਆ ਹੈ।ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ‘ਚ ਕੋਰੋਨਾ ਮਹਾਂਮਾਰੀ ਦੀ ਹਫ਼ਤਾਵਾਰੀ ਸਮੀਖਿਆ ਕਰਦਿਆਂ ਤੇਜ਼ੀ ਨਾਲ ਵੱਧ ਰਹੇ ਨਵੇਂ ਮਾਮਲਿਆਂ ਤੇ ਮੌਤ ਦਰਾਂ ‘ਤੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਚਿੰਤਾ ਵਾਲੀ ਗੱਲ ਹੈ ਕਿ ਪੰਜਾਬ ‘ਚ 85% ਤੋਂ ਵੱਧ ਕੇਸ ਯੂਕੇ ਵੇਰੀਐਂਟ ਦੇ ਮਾਮਲੇ ਹਨ। ਕੈਪਟਨ ਨੇ ਕਿਹਾ ਕਿ ਕੋਰੋਨਾ ‘ਤੇ ਕਾਬੂ ਪਾਉਣ ਲਈ ਪਾਬੰਦੀਆਂ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ। ਹਾਲਾਂਕਿ ਪਿਛਲੇ ਕੁਝ ਦਿਨਾਂ ‘ਚ ਪਾਬੰਦੀਆਂ ਕਾਰਨ ਪੌਜ਼ੇਟਿਵ ਮਾਮਲਿਆਂ ਦੀ ਗਿਣਤੀ ਕੁਝ ਦਿਨਾਂ ‘ਚ ਸਥਿਰ ਹੋਈ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਸਿਆਸੀ ਇਕੱਠਾਂ ‘ਤੇ ਪਾਬੰਦੀ ਲਗਾਉਣ ਦੇ ਹੁਕਮ ਦੇਣ ਲਈ ਮਜਬੂਰ ਹਨ, ਕਿਉਂਕਿ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਅਜਿਹੇ ਸਮਾਗਮ ਕਰਨ ਤੋਂ ਗੁਰੇਜ਼ ਕਰਨ ਦੀਆਂ ਉਨ੍ਹਾਂ ਦੀਆਂ ਬੇਨਤੀਆਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਪਿਛਲੇ ਦਿਨਾਂ ‘ਚ ਸੂਬੇ ਅੰਦਰ ਕੋਈ ਰੈਲੀ ਜਾਂ ਜਨਤਕ ਪ੍ਰੋਗਰਾਮ ਨਹੀਂ ਕੀਤਾ, ਜਦਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸਮੇਤ ਕੁਝ ਹੋਰ ਸਿਆਸੀ ਪਾਰਟੀਆਂ ਕੋਰੋਨਾ ਸੁਰੱਖਿਆ ਨਿਯਮਾਂ ਦੀ ਪਾਲਣਾ ਕੀਤੇ ਬਗੈਰ ਵੱਡੀ-ਵੱਡੀ ਸਿਆਸੀ ਰੈਲੀਆਂ ਕਰ ਰਹੇ ਹਨ।ਮੁੱਖ ਮੰਤਰੀ ਨੇ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਆਦੇਸ਼ ਦਿੱਤੇ ਹਨ ਕਿ ਉਹ ਸਿਆਸੀ ਆਗੂਆਂ, ਪ੍ਰਬੰਧਕਾਂ ਤੇ ਰਾਜਨੀਤਕ ਇਕੱਠਾਂ ‘ਚ ਹਿੱਸਾ ਲੈਣ ਵਾਲੇ ਲੋਕਾਂ ਵਿਰੁੱਧ ਡੀਐਮਏ ਅਤੇ ਮਹਾਂਮਾਰੀ ਐਕਟ ਤਹਿਤ ਕੇਸ ਦਰਜ ਕਰਨ। ਇਸ ਦੇ ਨਾਲ ਹੀ ਟੈਂਟ ਹਾਊਸਾਂ ਦੇ ਮਾਲਕਾਂ, ਜੋ ਅਜਿਹੇ ਇਕੱਠਾਂ ਲਈ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਂਦੇ ਹਨ, ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜਿਹੜੇ ਪੈਲੇਸ ਮਾਲਕ ਜਾਂ ਹੋਰ ਲੋਕ ਸਮਾਗਮਾਂ ਲਈ ਥਾਂ ਮੁਹੱਈਆ ਕਰਵਾਉਂਦੇ ਪਾਏ ਗਏ, ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਅਜਿਹੀ ਥਾਂ ਨੂੰ ਤਿੰਨ ਮਹੀਨਿਆਂ ਲਈ ਸੀਲ ਕਰ ਦਿੱਤੀ ਜਾਵੇਗਾ।

Related posts

Prakash Singh Badal Passes Away : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ 95 ਸਾਲ ਦੀ ਉਮਰ ‘ਚ ਦੇਹਾਂਤ

On Punjab

ਓਬਾਮਾ ਨੇ ਰਾਹੁਲ ਗਾਂਧੀ ਬਾਰੇ ਕੀਤਾ ਵੱਡਾ ਖੁਲਾਸਾ, ਡਾ. ਮਨਮੋਹਨ ਸਿੰਘ ਬਾਰੇ ਵੀ ਟਿੱਪਣੀ

On Punjab

ਮਹਾਰਾਸ਼ਟਰ ‘ਚ ਗੱਠਬੰਧਨ ਦੀ ਸਰਕਾਰ ਬਣਨ ਦਾ ਰਸਤਾ ਹੋਇਆ ਸਾਫ਼

On Punjab