ਅੰਮ੍ਰਿਤਸਰ ਹਲਕਾ ਪੂਰਬੀ 18 ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸਿੱਧੀ ਚੁਣੌਤੀ ਦਿੰਦਿਆਂ ਹਲਕਾ ਮਜੀਠਾ ਤੋਂ ਲਗਾਤਾਰ ਤਿੰਨ ਵਾਰ ਜੇਤੂ ਅਤੇ ਕੈਬਨਿਟ ਮੰਤਰੀ ਰਹੇ ਬਿਕਰਮ ਸਿੰਘ ਮਜੀਠੀਆ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿੱਥੇ ਮਜੀਠਾ ਵਿੱਚ ਕਾਗਜ਼ ਦਾਖ਼ਲ ਕਰਾਏ ਉੱਥੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਵੀ ਕਾਗਜ਼ ਦਾਖ਼ਲ ਕਰਵਾ ਦਿੱਤੇ ਹਨ। ਪੰਜਾਬ ਦੀ ਸਭ ਤੋਂ ਹਾਟ ਸੀਟ ਮੰਨੀ ਜਾਂਦੀ ਪੂਰਬੀ ‘ਤੇ ਪੰਜਾਬ ਵਾਸੀਆਂ ਦੀਆਂ ਨਿਗ੍ਹਾ ਰਹਿਣਗੀਆਂ। ਕਿਉਂਕਿ ਇੱਥੇ ਇਕ ਪਾਸੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਹਨ ਤੇ ਦੂਸਰੇ ਪਾਸੇ ਬਾਦਲ ਪਰਿਵਾਰ ਦੇ ਬਿਕਰਮ ਸਿੰਘ ਮਜੀਠੀਆ।
ਡਰੱਗ ਤਸਕਰੀ ਮਾਮਲੇ ਦੇ ਦੋਸ਼ਾਂ ਵਿੱਚ ਜਿੱਥੇ ਬਿਕਰਮ ਸਿੰਘ ਮਜੀਠੀਆ ਨੂੰ ਕਾਂਗਰਸ ਨੇ ਘੇਰਨ ਲਈ ਪੂਰੀ ਤਰ੍ਹਾਂ ਜਾਲ ਵਿਛਾਇਆ ਹੈ ਉਥੇ ਬਿਕਰਮ ਸਿੰਘ ਮਜੀਠੀਆ ਵੀ ਨਵਜੋਤ ਸਿੰਘ ਸਿੱਧੂ ਨੂੰ ਸਿੱਧੀ ਚੁਣੌਤੀ ਦੇਣ ਲਈ ਨਵਜੋਤ ਸਿੰਘ ਸਿੱਧੂ ਦੇ ਜੱਦੀ ਹਲਕਾ ਪੂਰਬੀ ਦੇ ਚੋਣ ਮੈਦਾਨ ਵਿਚ ਸਾਹਮਣੇ ਆ ਗਏ ਹਨ। ਬਿਕਰਮ ਸਿੰਘ ਮਜੀਠੀਆ ਦੇ ਡਰੱਗ ਤਸਕਰੀ ਮਾਮਲੇ ‘ਚ ਚੱਲ ਰਹੇ ਕੇਸ ‘ਤੇ 31 ਜਨਵਰੀ ਤੱਕ ਗ੍ਰਿਫਤਾਰੀ ਤੇ ਰੋਕ ਲੱਗੀ ਹੋਈ ਹੈ। ਅਦਾਲਤ ਵੱਲੋਂ ਗ੍ਰਿਫਤਾਰੀ ਦੀ ਰਾਹਤ ਤੋਂ ਪਹਿਲਾਂ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ਲਈ ਉਨ੍ਹਾਂ ਦੇ ਰਿਹਾਇਸ਼ ਅਤੇ ਦਫਤਰ ਛਾਪੇਮਾਰੀ ਕੀਤੀ ਗਈ ਸੀ।
ਕਾਂਗਰਸ ਨੇ ਸਾਜ਼ਿਸ਼ ਤਹਿਤ ਕਰਵਾਈ FIR
ਇਸ ਤੋਂ ਬਾਅਦ ਮੀਡੀਆ ਕਰਮੀਆਂ ਨਾਲ ਗੱਲਬਾਤ ਦੌਰਾਨ ਬਿਕਰਮ ਨੇ ਕਿਹਾ ਕਿ ਸੱਤਾਧਾਰੀ ਕਾਂਗਰਸ ਉਨ੍ਹਾਂ ਨੂੰ ਚੋਣ ਪ੍ਰਕਿਰਿਆ ਤੋਂ ਦੂਰ ਰੱਖਣਾ ਚਾਹੁੰਦੀ ਹੈ। ਇਸ ਲਈ ਉਨ੍ਹਾਂ ਖਿਲਾਫ਼ ਸਾਜ਼ਿਸ਼ ਤਹਿਤ ਐੱਫਆਈਆਰ ਦਰਜ ਕੀਤੀ ਗਈ। ਉਨ੍ਹਾਂ ਖਿਲਾਫ਼ ਦਾਇਰ ਕੇਸ ‘ਚ ਇਕ ਧਾਰਾ 35 ਵੀ ਸ਼ਾਮਲ ਕੀਤੀ ਹੈ ਜਿਸ ਵਿਚ ਕਿਤਿਓਂ ਵੀ ਜ਼ਮਾਨਤ ਦੀ ਵਿਵਸਥਾ ਨਹੀਂ ਹੈ। ਬਾਵਜੂਦ ਇਸ ਦੇ ਵਾਹੇਗੁਰੂ ਦੇ ਅਸ਼ੀਰਵਾਦ ਤੇ ਲੋਕਾਂ ਦੀ ਅਰਦਾਸ ਕਾਰਨ ਅਦਾਲਤ ‘ਚ ਉਨ੍ਹਾਂ ਦੀ ਸੁਣਵਾਈ ਹੋਈ ਤੇ 30 ਜਨਵਰੀ ਤਕ ਉਨ੍ਹਾਂ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਉਣ ਤੇ ਸੁਪਰੀਮ ਕੋਰ ‘ਚ ਜਾਣ ਦਾ ਸਮਾਂ ਦਿੱਤਾ ਗਿਆ। ਦੱਸ ਦੇਈਏ ਕਿ 26 ਜਨਵਰੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਐਲਾਨ ਕੀਤਾ ਸੀ ਕਿ ਬਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਸੀਟ ਤੋਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਖਿਲਾਫ਼ ਵੀ ਚੋਣ ਲੜਨਗੇ।