ਪੰਜਾਬ ਦੇ ਨਵੇਂ ਮੁੱਖ ਮੰਤਰੀ ਦਾ ਐਲਾਨ ਹੋ ਗਿਆ ਹੈ। ਪੰਜਾਬ ਦੇ ਸਿਆਸੀ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦਾ ਕਹਿਣਾ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਸਰਬਸੰਮਤੀ ਨਾਲ ਮੁੱਖ ਮੰਤਰੀ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ ਬਣ ਗਏ ਹਨ। ਜ਼ਿਕਰਯੋਗ ਹੈ ਕਿ ਚਰਨਜੀਤ ਸਿੰਘ ਚੰਨੀ ਸਿੱਖ ਦਲਿਤ ਚਿਹਰਾ ਹਨ ਤੇ ਉਹ ਰੋਪੜ ਦੇ ਰਹਿਣ ਵਾਲੇ ਹਨ। ਇਸ ਤੋਂ ਇਲਾਵਾ ਪੰਜਾਬ ਦੇ ਸਿਆਸੀ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਰਾਜਪਾਲ ਨਾਲ 6.30 ਵਜੇ ਮੁਲਾਕਾਤ ਕਰਨਗੇ।
ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨਾਲ ਚੰਡੀਗੜ੍ਹ ਦੇ ਇਕ ਹੋਟਲ ‘ਚ ਕਾਂਗਰਸੀ ਵਿਧਾਇਕਾਂ ਨਾਲ ਚੱਲ ਰਹੇ ਮੰਥਨ ‘ਚ ਪੰਜਾਬ ਦੇ ਨਵੇਂ ਮੁੱਖ ਮੰਤਰੀ ਦੇ ਨਾਂ ‘ਤੇ ਵਾਰ-ਵਾਰ ਪੇਚ ਫਸ ਰਿਹਾ ਸੀ ਪਰ ਹਾਈ ਕਮਾਨ ਵੱਲੋਂ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਂ ‘ਤੇ ਸਹਿਮਤੀ ਦੀਆਂ ਖ਼ਬਰਾਂ ਤੋਂ ਬਾਅਦ ਅਚਾਨਕ ਚਰਨਜੀਤ ਸਿੰਘ ਚੰਨੀ ਦਾ ਨਾਂ ਅੱਗੇ ਆਉਣ ਦੀਆਂ ਖ਼ਬਰਾਂ ਆਉਣ ਲੱਗੀਆਂ ਹਨ ਤੇ ਅਖੀਰ ਚੰਨੀ ਦੇ ਹੀ ਨਾਂ ‘ਤੇ ਮੋਹਰ ਲੱਗੀ।
ਹਾਲਾਂਕਿ ਕਾਂਗਰਸ ਦੇ ਆਬਜ਼ਰਵਰਾਂ ਵੱਲੋਂ ਵਿਧਾਇਕਾਂ ਤੋਂ ਲਈ ਗਈ ਫੀਡਬੈਕ ‘ਚ 40 ਦੇ ਕਰੀਬ ਵਿਧਾਇਕਾਂ ਨੇ ਸੁਨੀਲ ਜਾਖੜ (Sunil Jakhar) ਦੇ ਹੱਕ ਵਿਚ ਸਲਾਹ ਦਿੱਤੀ। ਦੂਸਰੇ ਨੰਬਰ ‘ਤੇ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਦੇ ਹੱਕ ਵਿਚ 20 ਵਿਧਾਇਕਾਂ ਨੇ ਆਪਣੀ ਰਾਏ ਦਿੱਤੀ ਸੀ।