31.48 F
New York, US
February 6, 2025
PreetNama
ਖੇਡ-ਜਗਤ/Sports News

PV Sindhu Interview : ਮੈਨੂੰ ਮੰਦਰ ਜਾਣਾ ਬਹੁਤ ਪਸੰਦ ਹੈ, ਭਗਵਾਨ ਦੇ ਆਸ਼ੀਰਵਾਜ ਨਾਲ ਜਿੱਤਿਆ ਮੈਡਲ

ਟੋਕੀਓ ਓਲੰਪਿਕ ਵਿਚ ਕਾਂਸੇ ਦਾ ਮੈਡਲ ਜਿੱਤਣ ਵਾਲੀ ਭਾਰਤੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਇਨ੍ਹੀਂ ਦਿਨੀਂ ਆਪਣੇ ਘਰ ’ਚ ਆਰਾਮ ਕਰ ਰਹੀ ਹੈ। ਉਹ ਓਲੰਪਿਕ ਵਿਚ ਦੋ ਮੈਡਲ ਜਿੱਤਣ ਵਾਲੀ ਦੂਜੀ ਖਿਡਾਰੀ ਹੈ ਤੇ 15 ਅਗਸਤ ਨੂੰ ਦਿੱਲੀ ਆਉਣ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਖੇਡ ਤੋਂ ਹਰ ਸਮੇਂ ਕੁਝ ਨਾ ਕੁਝ ਸਿੱਖਦੇ ਰਹਿੰਦੇ ਹਾਂ। ਪੀਵੀ ਨੇ ਕਿਹਾ ਕਿ ਮੈਨੂੰ ਮੰਦਿਰ ਜਾਣਾ ਪਸੰਦ ਹੈ ਤੇ ਜਦ ਮੌਕਾ ਮਿਲਦਾ ਹੈ ਮੈਂ ਅਜਿਹਾ ਕਰਦੀ ਹਾਂ। ਪੀਵੀ ਸਿੰਧੂ ਨਾਲ ਅਭਿਸ਼ੇਕ ਤ੍ਰਿਪਾਠੀ ਨੇ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ :

-ਵਿਸ਼ਵ ਚੈਂਪੀਅਨਸ਼ਿਪ ਵਿਚ ਪੰਜ ਮੈਡਲ, ਏਸ਼ੀਅਨ ਖੇਡਾਂ, ਕਾਮਨਵੈਲਥ ਖੇਡਾਂ ਤੇ ਹੁਣ ਓਲੰਪਿਕ ਵਿਚ ਦੋ ਮੈਡਲ। ਹੁਣ ਤਕ ਸਿੰਧੂ ਨੇ ਕੀ ਪਾਇਆ ਤੇ ਅੱਗੇ ਦਾ ਕੀ ਟੀਚਾ ਹੈ

 

-ਵਿਸ਼ਵ ਚੈਂਪੀਅਨਸ਼ਿਪ ਵਿਚ ਮੈਡਲ ਲੈ ਕੇ ਆਉਣਾ, ਉਹ ਵੀ ਪੰਜ ਵਾਰ ਮਾਅਨੇ ਰੱਖਦਾ ਹੈ। ਏਸ਼ੀਅਨ ਖੇਡਾਂ ਵਿਚ, ਕਾਮਨਵੈਲਥ ਖੇਡਾਂ ਵਿਚ ਤੇ ਓਲੰਪਿਕ ਵਿਚ ਦੂਜੀ ਵਾਰ ਮੈਡਲ ਲੈ ਕੇ ਆਉਣਾ ਮੇਰੇ ਲਈ ਮਾਣ ਦੀ ਗੱਲ ਹੈ। ਮੈਂ ਬਹੁਤ ਖ਼ੁਸ਼ ਹਾਂ ਕਿਉਂਕਿ ਹਰ ਸਾਲ ਹਰ ਸਮੇਂ ਮੈਂ ਆਪਣੀ ਖੇਡ ਵਿਚ ਨਿਖਾਰ ਲਿਆਉਂਦੀ ਗਈ ਤੇ ਆਪਣੀ ਖੇਡ ਤੋਂ ਬਹੁਤ ਸਿੱਖੀ ਹਾਂ। ਹਾਰ-ਜਿੱਤ ਤਾਂ ਲੱਗੀ ਰਹਿੰਦੀ ਹੈ। ਸਭ ਤੋਂ ਮਹੱਤਵਪੂਰਨ ਇਹ ਹੈ ਕਿ ਅਸੀਂ ਕੁਝ ਨਾ ਕੁਝ ਸਿੱਖਦੇ ਰਹਿੰਦੇ ਹਾਂ ਤੇ ਇਹ ਬਹੁਤ ਮਹੱਤਵਪੂਰਨ ਹੈ। ਅਜੇ ਮੈਂ ਆਰਾਮ ਕਰ ਰਹੀ ਹਾਂ ਤੇ ਇਸ ਪਲ਼ ਦਾ ਆਨੰਦ ਲੈ ਰਹੀ ਹਾਂ। ਇਸ ਤੋਂ ਬਾਅਦ ਟੂਰਨਾਮੈਂਟ ਸ਼ੁਰੂ ਹੋਣ ਵਾਲੇ ਹਨ ਤੇ ਉਸ ਲਈ ਤਿਆਰੀ ਕਰਨੀ ਹੈ। ਅਜੇ ਬਹੁਤ ਟੂਰਨਾਮੈਂਟ ਹਨ ਤੇ ਅਗਲੇ ਸਾਲ ਏਸ਼ੀਅਨ ਖੇਡਾਂ ਤੇ ਕਾਮਨਵੈਲਥ ਖੇਡਾਂ ਹਨ ਤਾਂ ਉਸ ਲਈ ਤਿਆਰੀ ਕਰਨੀ ਹੈ।

ਤੁਹਾਡੇ ਤੋਂ ਮੈਡਲ ਦੀ ਉਮੀਦ ਸੀ ਤੇ ਤੁਸੀਂ ਉਹ ਕੀਤਾ ਵੀ। ਭਾਰਤੀ ਮਰਦ ਹਾਕੀ ਟੀਮ ਨੇ 41 ਸਾਲ ਬਾਅਦ ਮੈਡਲ ਜਿੱਤਿਆ। ਮਹਿਲਾ ਹਾਕੀ ਟੀਮ ਦਾ ਚੰਗਾ ਪ੍ਰਦਰਸ਼ਨ ਰਿਹਾ ਤੇ ਨੀਰਜ ਚੋਪਡ਼ਾ ਨੇ ਇਤਿਹਾਸ ਰਚ ਦਿੱਤਾ। ਇਕ ਭਾਰਤੀ ਅਥਲੀਟ ਹੋਣ ’ਤੇ ਕਿੰਨਾ ਮਾਣ ਹੋ ਰਿਹਾ ਹੈ?

-ਮੈਂ ਸਾਰੇ ਅਥਲੀਟਾਂ ਦਾ ਧੰਨਵਾਦ ਕਰਦੀ ਹਾਂ ਜੋ ਮੈਡਲ ਲੈ ਕੇ ਆਏ ਹਨ ਤੇ ਜੋ ਵੀ ਚੰਗਾ ਖੇਡੇ ਸਨ। ਹਾਕੀ ਖਿਡਾਰੀ ਖਾਸ ਕਰ ਕੇ ਕਈ ਸਾਲਾਂ ਬਾਅਦ ਮਰਦ ਟੀਮ ਕਾਂਸੇ ਦਾ ਮੈਡਲ ਲੈ ਕੇ ਆਈ। ਮੈਂ ਮਹਿਲਾ ਟੀਮ ਨੂੰ ਵੀ ਵਧਾਈ ਦਿੰਦੀ ਹਾਂ, ਉਹ ਸੈਮੀਫਾਈਨਲ ਤਕ ਪੁੱਜੀਆਂ। ਉਨ੍ਹਾਂ ਨੇ ਬਹੁਤ ਮਿਹਨਤ ਕੀਤੀ ਸੀ ਪਰ ਹਾਰ-ਜਿੱਤ ਤਾਂ ਹੁੰਦੀ ਰਹਿੰਦੀ ਹੈ ਪਰ ਇਹ ਮਹੱਤਵਪੂਰਨ ਹੈ ਕਿ ਅਸੀਂ ਆਪਣਾ 100 ਫ਼ੀਸਦੀ ਪ੍ਰਦਰਸ਼ਨ ਕੀਤਾ। ਮੈਨੂੰ ਵਿਸ਼ਵਾਸ ਹੈ ਕਿ ਉਹ ਲੋਕ ਜਾਣ ਲਾ ਕੇ ਖੇਡੇ ਸਨ ਪਰ ਬਸ ਮੈਡਲ ਤੋਂ ਖੁੰਝ ਗਏ। ਸਭ ਅਥਲੀਟਾਂ ਨੇ ਬਹੁਤ ਚੰਗਾ ਪ੍ਰਦਰਸ਼ਨ ਕੀਤਾ। ਮੈਡਲ ਜਿੱਤਣਾ ਤੇ ਹਾਰਨਾ, ਇਹ ਹੁੰਦਾ ਰਹਿੰਦਾ ਹੈ। ਗੋਲਫ ਵਿਚ ਵੀ ਅਦਿਤੀ ਅਸ਼ੋਕ ਚੌਥੇ ਸਥਾਨ ’ਤੇ ਰਹੀ। ਉਹ ਉਨ੍ਹਾਂ ਦਾ ਦਿਨ ਨਹੀਂ ਸੀ। ਮੈਨੂੰ ਲਗਦਾ ਹੈ ਕਿ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨਾ ਹੀ ਵੱਡੀ ਗੱਲ ਹੈ ਇਸ ਲਈ ਮੈਂ ਹਰੇਕ ਖਿਡਾਰੀ ਨੂੰ ਵਧਾਈ ਦਿੰਦੀ ਹਾਂ। ਨੀਰਜ ਨੇ ਤਾਂ ਮਾਹੌਲ ਹੀ ਬਦਲ ਦਿੱਤਾ।

-ਇਸ ਸਮੇਂ ਤੁਹਾਡੇ ਘਰ ’ਚ ਕੀ ਮਾਹੌਲ ਹੈ। ਕੀ ਮੰਮੀ ਦਾ ਮੈਨਿਊ ਹੀ ਘਰ ਵਿਚ ਚੱਲ ਰਿਹਾ ਹੈ ? ਤੁਸੀਂ ਪੂਜਾ ਲਈ ਵੀ ਮੰਦਿਰ ਜਾ ਰਹੇ ਹੋ?

-ਮੈਂ ਬਾਹਰ ਜਾ ਰਹੀ ਹਾਂ। ਜੋ ਮਨ ਕਰ ਰਿਹਾ ਹੈ ਉਹ ਖਾਣਾ ਖਾ ਰਹੀ ਹਾਂ। ਮੰਮੀ ਘਰ ’ਤੇ ਬਹੁਤ ਖਾਣਾ ਬਣਾਉਂਦੀ ਹੈ। ਪਰਿਵਾਰ ਨਾਲ ਸਮਾਂ ਬਤੀਤ ਕਰ ਰਹੀ ਹਾਂ। ਮੈਂ ਕਦੀ-ਕਦੀ ਮੰਦਰ ਵੀ ਜਾਂਦੀ ਹਾਂ। ਮੈਂ ਮੰਦਿਰ ਵੀ ਗਈ ਸੀ ਤੇ ਪੂਜਾ ਵੀ ਕੀਤੀ।

-ਹੁਣ ਇਕ ਪੁਰਾਣਾ ਵੀਡੀਓ ਵੀ ਵਾਇਰਲ ਹੋਇਆ ਜਿਸ ਵਿਚ ਤੁਸੀਂ ਸਾਡ਼ੀ ਪਾ ਕੇ ਪੂਜਾ ਕਰਨ ਲਈ ਜਾ ਰਹੇ ਹੋ। ਇਕ ਵੱਖ ਸਿੰਧੂ ਨਜ਼ਰ ਆ ਰਹੀ ਹੈ? ਦੁਰਗਾ ਮੰਦਿਰ ਵੀ ਗਏ ਸੀ। ਕੀ ਕੋਈ ਮੰਨਤ ਮੰਗੀ ਸੀ?

 

-ਮੈਂ ਅਕਸਰ ਮੰਦਿਰ ਜਾਂਦੀ ਰਹਿੰਦੀ ਹਾਂ। ਮੈਨੂੰ ਤਿਰੂਪਤੀ ਜਾਣਾ ਪਸੰਦ ਹੈ। ਹੁਣ ਜੋ ਵੀਡੀਓ ਵਾਇਰਲ ਹੋਇਆ ਸੀ ਉਹ ਕੇਰਲ ਦੇ ਮੰਦਿਰ ਦਾ ਸੀ। ਮੈਂ ਸਾਰੇ ਭਗਵਾਨਾਂ ’ਚ ਵਿਸ਼ਵਾਸ ਰੱਖਦੀ ਹਾਂ ਤੇ ਸਾਰਿਆਂ ਦੀ ਪੂਜਾ ਕਰਦੀ ਹਾਂ। ਭਗਵਾਨ ਦਾ ਆਸ਼ੀਰਵਾਦ ਤਾਂ ਹਮੇਸ਼ਾ ਰਹਿਣਾ ਚਾਹੀਦਾ ਹੈ। ਮੈਂ ਮੈਡਲ ਲੈ ਕੇ ਆਈ ਹਾਂ ਤਾਂ ਮੈਂ ਬਹੁਤ ਖ਼ੁਸ਼ ਹਾਂ। ਮੈਨੂੰ ਜਦ ਵੀ ਮੌਕਾ ਮਿਲਦਾ ਹੈ ਮੰਦਿਰ ਜਾਂਦੀ ਹਾਂ

 

-ਜਿਵੇਂ ਕ੍ਰਿਕਟਰਾਂ ਦੇ ਕੁਝ ਖ਼ਾਸ ਬੱਲੇ ਹੁੰਦੇ ਹਨ, ਨੀਰਜ ਦਾ ਵੀ ਇਕ ਖ਼ਾਸ ਨੇਜ਼ਾ ਹੈ, ਉਵੇਂ ਕੀ ਤੁਹਾਡਾ ਵੀ ਕੋਈ ਪਸੰਦੀਦਾ ਰੈਕਟ ਹੈ?

-ਸਾਡੀ ਖੇਡ ਕੁਝ ਵੱਖ ਰਹਿੰਦੀ ਹੈ। ਅਸੀਂ ਨਾਲ ਛੇ-ਸੱਤ ਰੈਕਟ ਲੈ ਕੇ ਜਾਂਦੇ ਹਾਂ। ਖੇਡਦੇ ਸਮੇਂ ਉਸ ਦੀ ਕਦੀ ਕਦੀ ਤਾਰ ਟੁੱਟ ਜਾਂਦੀ ਹੈ ਤਾਂ ਦੂਜਾ ਰੈਕਟ ਲੈ ਕੇ ਖੇਡਣਾ ਪੈਂਦਾ ਹੈ। ਇਸ ਵਿਚ ਕੋਈ ਖਾਸ ਰੈਕਟ ਤਾਂ ਨਹੀਂ ਹੈ ਪਰ ਮੈਡਲ ਜਿੱਤਣ ਤੋਂ ਬਾਅਦ ਮੈਂ ਹਮੇਸ਼ਾ ਉਹ ਰੈਕਟ ਰੱਖ ਲੈਂਦੀ ਹਾਂ।

-ਹੁਣ ਤਾਂ ਤੁਹਾਡੇ ਕੋਲ ਰੈਕਟਾਂ ਦਾ ਭੰਡਾਰ ਲੱਗ ਗਿਆ ਹੋਵੇਗਾ ਕਿਉਂਕਿ ਤੁਸੀਂ ਬਹੁਤ ਮੈਡਲ ਜਿੱਤੇ ਹਨ?

-ਜੀ ਤੁਸੀਂ ਸਹੀ ਕਹਿ ਰਹੇ ਹੋ (ਜ਼ੋਰ ਨਾਲ ਹੱਸਦੇ ਹੋਏ)।

-ਘਰ ਵਿਚ ਕਿਹੋ ਜਿਹਾ ਮਾਹੌਲ ਰਹਿੰਦਾ ਹੈ। ਮੰਮੀ ਕਹਿੰਦੀ ਹੈ ਕਿ ਇੰਨਾ ਸਮਾਂ ਮੇਰੇ ਤੋਂ ਦੂਰ ਰਹਿੰਦੀ ਹੈ, ਹੁਣ ਇੱਥੇ ਰਹੋ ਜਾਂ ਇਹ ਖਾਓ, ਜਾਂ ਫਿਰ ਗੇਮ ’ਤੇ ਗੱਲ ਹੁੰਦੀ ਹੈ?

-ਅਜਿਹਾ ਕੁਝ ਨਹੀਂ ਹੈ। ਬਹੁਤ ਦਿਨ ਤੋਂ ਬਾਅਦ ਵਾਪਸ ਆਈ ਸੀ। ਕੋਰੋਨਾ ਦੇ ਸਮੇਂ ਮੰਮੀ-ਪਾਪਾ ਬਹੁਤ ਚਿੰਤਤ ਸਨ ਤੇ ਕਹਿ ਰਹੇ ਸਨ ਕਿ ਆਪਣਾ ਧਿਆਨ ਰੱਖੋ। ਸਰੀਰਕ ਦੂਰੀ ਦਾ ਧਿਆਨ ਰੱਖੋ ਕਿਉਂਕਿ ਪਤਾ ਨਹੀਂ ਸੀ ਕਿ ਕੋਵਿਡ ਕਿਵੇਂ ਆਏਗਾ ਤੇ ਕੀ ਹੋਵੇਗਾ। ਕਿਸੇ ਨੂੰ ਵੀ ਪਤਾ ਨਹੀਂ ਹੈ। ਭਾਰਤ ਤੋਂ ਟੋਕੀਓ ਜਾਣਾ ਤੇ ਉੱਥੇ ਖੇਡਣਾ, ਉਹ ਥੋਡ਼੍ਹੇ ਚਿੰਤਤ ਸਨ ਪਰ ਮੈਡਲ ਲਿਆਉਣ ਤੋਂ ਬਾਅਦ ਖ਼ੁਸ਼ ਸਨ। ਸਾਰਿਆਂ ਨੇ ਇਸ ਦਾ ਜਸ਼ਨ ਵੀ ਮਨਾਇਆ।

-ਮੈਂ ਤੁਹਾਡਾ ਓਲੰਪਿਕ ਵਿਚ ਕੁਆਰਟਰ ਫਾਈਨਲ ਤੇ ਸੈਮੀਫਾਈਨਲ ਦੇਖਿਆ। ਕੁਆਰਟਰ ਫਾਈਨਲ ਵਿਚ ਇਕ ਵੱਖ ਤਰ੍ਹਾਂ ਦੀ ਸਿੰਧੂ ਨਜ਼ਰ ਆ ਰਹੀ ਸੀ ਪਰ ਸੈਮੀਫਾਈਨਲ ਵਿਚ ਤਾਈ ਜੂ ਯਿੰਗ ਦੇ ਸਾਹਮਣੇ ਵੱਖ ਸਿੰਧੂ ਸੀ। ਤੁਹਾਡੇ ਸਮੈਸ਼ ਨਹੀਂ ਲੱਗ ਰਹੇ ਸਨ?

-ਤਾਈ ਬਹੁਤ ਹੀ ਚੰਗੀ ਖਿਡਾਰਨ ਹੈ। ਮੈਂ ਉਨ੍ਹਾਂ ਖ਼ਿਲਾਫ਼ ਤਿਆਰ ਸੀ। ਅਸੀਂ ਦੋਵੇਂ ਇਕ-ਦੂਜੇ ਖ਼ਿਲਾਫ਼ ਹਮੇਸ਼ਾ ਤੋਂ 100 ਫ਼ੀਸਦੀ ਪ੍ਰਦਰਸ਼ਨ ਕਰਦੇ ਹਾਂ। ਓਲੰਪਿਕ ਤੋਂ ਪਹਿਲਾਂ ਅਸੀਂ ਦੋਵੇਂ ਚੰਗੀ ਲੈਅ ਵਿਚ ਸੀ। ਪਹਿਲੀ ਗੇਮ ਬਹੁਤ ਚੰਗੀ ਸੀ। 18-18 ਨਾਲ ਬਰਾਬਰੀ ’ਤੇ ਸੀ ਤੇ ਸ਼ਾਇਦ ਉਸ ਦਾ ਸ਼ਟਲ ਨੈੱਟ ਨਾਲ ਲੱਗ ਕੇ ਮੇਰੇ ਪਾਸੇ ਡਿੱਗ ਗਿਆ। ਉਹ ਕਿਸਮਤ ਵਾਲੀ ਸੀ। ਮੈਂ ਸੋਚਿਆ ਕਿ ਸ਼ਾਇਦ ਮੈਂ ਪਹਿਲੀ ਗੇਮ ਜਿੱਤਦੀ ਤਾਂ ਦੂਜੀ ਗੇਮ ਬਹੁਤ ਵੱਖ ਹੁੰਦੀ ਪਰ ਬਸ ਉਹ ਉਨ੍ਹਾਂ ਦਾ ਦਿਨ ਸੀ। ਮੈਂ ਵੀ 100 ਫ਼ੀਸਦੀ ਕੋਸ਼ਿਸ਼ ਕੀਤੀ ਸੀ ਪਰ ਉਹ ਮੇਰਾ ਦਿਨ ਨਹੀਂ ਸੀ। 18-18 ਦੀ ਬਰਾਬਰੀ ’ਤੇ ਜੇ ਮੈਂ ਦੋ ਅੰਕ ਲੈ ਲੈਂਦੀ ਤਾਂ ਕੁਝ ਵੱਖ ਹੁੰਦਾ।

-ਸੈਮੀਫਾਈਨਲ ਵਿਚ ਕੁਝ ਅਜਿਹਾ ਹੋ ਰਿਹਾ ਸੀ ਕਿ ਤੁਸੀਂ ਸ਼ਾਟ ਮਾਰ ਰਹੇ ਸੀ ਤਾਂ ਸ਼ਟਲ ਜਾਂ ਤਾਂ ਕੋਰਟ ਤੋਂ ਬਾਹਰ ਜਾ ਰਹੀ ਸੀ ਜਾਂ ਸ਼ਟਲ ਨੈੱਟ ਨਾਲ ਲੱਗਣ ਤੋਂ ਬਾਅਦ ਤੁਹਾਡੇ ਪਾਸੇ ਡਿੱਗ ਰਹੀ ਸੀ ਜਿਸ ਨਾਲ ਤਾਈ ਨੂੰ ਅੰਕ ਮਿਲ ਰਹੇ ਸਨ?

-ਪਹਿਲੀ ਗੇਮ ਦੀ ਤੁਲਨਾ ਵਿਚ ਦੂਜੀ ਗੇਮ ਵਿਚ ਨੁਕਸਾਨ ਵੱਧ ਸੀ। ਮੈਚ ਵੀ ਥੋਡ਼੍ਹਾ ਤੇਜ਼ ਸੀ। ਸ਼ਟਲ ਕੋਰਟ ਤੋਂ ਬਾਹਰ ਜਾ ਰਹੀ ਸੀ। ਪਹਿਲੀ ਗੇਮ ਜਿੱਤ ਲੈਂਦੀ ਤਾਂ ਦੂਜੀ ਗੇਮ ਵੱਖ ਹੋ ਜਾਂਦੀ ਹੈ। ਮੈਂ ਬਹੁਤ ਕੰਟਰੋਲ ਕੀਤਾ ਸੀ। ਹਾਂ ਉਸ ਦੌਰਾਨ ਗ਼ਲਤੀਆਂ ਵੱਧ ਹੋ ਰਹੀਆਂ ਸਨ।

-ਰੀਓ ਓਲੰਪਿਕ ਦੇ ਫਾਈਨਲ ਵਿਚ ਕੈਰੋਲੀਨਾ ਮਾਰਿਨ ਨਾਲ ਵੀ ਤੁਹਾਡੇ ਨਾਲ ਕੁਝ ਅਜਿਹਾ ਹੋਇਆ ਸੀ। ਵੱਡੇ ਮੁਕਾਬਲਿਆਂ ਵਿਚ ਕੀ ਕੁਝ ਜ਼ਿਆਦਾ ਦਬਾਅ ਰਹਿੰਦਾ ਹੈ?

-ਅਜਿਹਾ ਕੁਝ ਨਹੀਂ ਹੁੰਦਾ। ਵਿਸ਼ਵ ਦੇ ਟਾਪ-10 ਖਿਡਾਰੀ ਉੱਚ ਪੱਧਰ ਦੇ ਹੁੰਦੇ ਹਨ। ਓਲੰਪਿਕ ਵਿਚ ਸਭ ਲੋਕ ਚੰਗੀ ਲੈਅ ਵਿਚ ਰਹਿੰਦੇ ਹਨ ਤੇ ਆਪਣਾ 100 ਫ਼ੀਸਦੀ ਦਿੰਦੇ ਹਨ। ਬਹੁਤ ਕੁਝ ਇਸ ਗੱਲ ’ਤੇ ਤੈਅ ਹੁੰਦਾ ਹੈ ਕਿ ਉਸ ਦਿਨ ਕੌਣ ਚੰਗਾ ਖੇਡਦਾ ਹੈ ਤੇ ਕੌਣ ਨਹੀਂ। ਅਜਿਹਾ ਕੁਝ ਨਹੀਂ ਹੈ ਕਿ ਇਕ ਖਿਡਾਰੀ ਚੰਗਾ ਖੇਡਦਾ ਹੈ ਤੇ ਇਕ ’ਤੇ ਦਬਾਅ ਰਹਿੰਦਾ ਹੈ। ਦਬਾਅ ਤਾਂ ਹਰ ਕਿਸੇ ’ਤੇ ਰਹਿੰਦਾ ਹੈ।

Related posts

ਸ਼ਾਹਿਦ ਦੀ ਜ਼ਿੰਦਗੀ ਦੀ ਪਹਿਲੀ 100 ਕਰੋੜੀ ਫ਼ਿਲਮ ਬਣੀ ‘ਕਬੀਰ ਸਿੰਘ’

On Punjab

Thomas Cup : ਇਤਿਹਾਸਕ ਜਿੱਤ ‘ਤੇ ਟੀਮ ਨੂੰ 1 ਕਰੋੜ ਰੁਪਏ ਦੇ ਇਨਾਮ ਦਾ ਐਲਾਨ, PM ਤੇ ਖੇਡ ਮੰਤਰੀ ਸਮੇਤ ਹੋਰਨਾਂ ਨੇ ਦਿੱਤੀ ਵਧਾਈ

On Punjab

ਟੋਕਿਓ ਓਲੰਪਿਕਸ: ਕੁਆਲੀਫਾਈ ਖਿਡਾਰੀਆਂ ਲਈ ਖੁਸ਼ਖਬਰੀ, ਕੋਟਾ ਰਹੇਗਾ ਬਰਕਰਾਰ

On Punjab