ਰੋਹਤਕ ਦੀ ਸੁਨਾਰੀਆ ਜੇਲ ‘ਚ 2 ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ‘ਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਛੁੱਟੀ ਮਿਲਣ ਤੋਂ ਬਾਅਦ ਸੋਮਵਾਰ ਸ਼ਾਮ ਨੂੰ ਗੁਰੂਗ੍ਰਾਮ ਸਥਿਤ ਆਸ਼ਰਮ ‘ਚ ਆਉਣਗੇ। ਜਾਗਰਣ ਪੱਤਰਕਾਰ ਸੰਜੇ ਗੁਲਾਟੀ ਤੋਂ ਮਿਲੀ ਜਾਣਕਾਰੀ ਮੁਤਾਬਕ ਰਾਮ ਰਹੀਮ ਨੂੰ ਸੋਮਵਾਰ ਸ਼ਾਮ ਨੂੰ ਗੁਰੂਗ੍ਰਾਮ ਦੇ ਸੈਕਟਰ 50 ਸਾਊਥ ਸਿਟੀ 2 ਦੇ ਆਸ਼ਰਮ ‘ਚ ਲਿਆਂਦਾ ਜਾਵੇਗਾ। ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਰਾਮ ਰਹੀਮ ਦੇ ਨਾਲ ਹਨੀਪ੍ਰੀਤ ਵੀ ਆ ਸਕਦੀ ਹੈ। ਇਸ ਦੇ ਨਾਲ ਹੀ ਇਸ ਸੂਚਨਾ ਤੋਂ ਬਾਅਦ ਗੁਰੂਗ੍ਰਾਮ ਦੇ ਉੱਚ ਪੁਲਸ ਅਧਿਕਾਰੀ ਹਰਕਤ ‘ਚ ਆ ਗਏ ਅਤੇ ਆਸ਼ਰਮ ‘ਚ ਪਹੁੰਚ ਕੇ ਸੁਰੱਖਿਆ ਦਾ ਜਾਇਜ਼ਾ ਲਿਆ। ਇਸ ਦੇ ਨਾਲ ਹੀ ਆਸ਼ਰਮ ਦੇ ਚਾਰੇ ਪਾਸੇ ਬੈਰੀਕੇਡ ਲਗਾ ਕੇ ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਹਨ। ਸੋਮਵਾਰ ਦੁਪਹਿਰ ਏ.ਸੀ.ਪੀ ਅਮਨ ਯਾਦਵ ਸਮੇਤ ਵੱਖ-ਵੱਖ ਥਾਣਿਆਂ ਦੇ ਇੰਚਾਰਜਾਂ ਨੇ ਮੌਕੇ ‘ਤੇ ਪਹੁੰਚ ਕੇ ਸੁਰੱਖਿਆ ਦੀ ਜਾਂਚ ਕੀਤੀ।
ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ, ਜੋ ਕਿ ਆਪਣੀਆਂ ਹੀ ਦੋ ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿੱਚ 20 ਸਾਲ ਦੀ ਸਜ਼ਾ ਕੱਟ ਰਿਹਾ ਸੀ, ਨੂੰ ਜੂਨ 2021 ਵਿੱਚ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਗੁਰੂਗ੍ਰਾਮ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਸ ਤੋਂ ਪਹਿਲਾਂ ਵੀ ਰਾਮ ਰਹੀਮ ਇੱਥੇ ਹਸਪਤਾਲ ‘ਚ ਦਾਖਲ ਆਪਣੀ ਮਾਂ ਨੂੰ ਮਿਲਿਆ ਸੀ। ਜੂਨ 2021 ‘ਚ ਜਦੋਂ ਗੁਰਮੀਤ ਰਾਮ ਰਹੀਮ ਨੂੰ ਗੁਰੂਗ੍ਰਾਮ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ ਤਾਂ ਉਸ ਸਮੇਂ ਉਨ੍ਹਾਂ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਵੀ ਪਹੁੰਚ ਗਈ ਸੀ।
ਡੇਰਾ ਮੁਖੀ ਰਾਮ ਰਹੀਮ ਅਗਸਤ 2017 ਵਿੱਚ ਦੋ ਸਾਧਵੀਆਂ ਨਾਲ ਜਬਰ ਜਨਾਹ ਕਰਨ ਦੇ ਮਾਮਲੇ ਵਿੱਚ ਸਜ਼ਾ ਕੱਟ ਰਿਹਾ ਹੈ। 53 ਸਾਲਾ ਰਾਮ ਰਹੀਮ ਇਸ ਸਮੇਂ ਚੰਡੀਗੜ੍ਹ ਤੋਂ 250 ਕਿਲੋਮੀਟਰ ਦੂਰ ਰੋਹਤਕ ਦੀ ਉੱਚ ਸੁਰੱਖਿਆ ਵਾਲੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ।