ਰਾਮ ਨਾਂ ਦੀ ਧੁੰਨ ਭਾਰਤ ਹੀ ਨਹੀਂ, ਵਿਦੇਸ਼ਾਂ ’ਚ ਵੀ ਛਾਈ ਹੋਈ ਹੈ। ਅਮਰੀਕਾ ਦੇ ਮੈਰੀਲੈਂਡ ’ਚ 150 ਕਾਰਾਂ ਦੀ ਲਾਈਟ ਦੀ ਮਦਦ ਨਾਲ ਰਾਮ ਲਿਖਿਆ ਗਿਆ। ਇਸ ਸ਼ੋਅ ’ਚ ਸ਼ਾਮਲ ਹੋਣ ਵਾਲੇ ਅਮਰੀਕਾ ’ਚ ਰਹਿਣ ਵਾਲੇ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਹੱਥਾਂ ’ਚ ਝੰਡੇ ਫੜੇ ਹੋਏ ਸਨ ਜਿਨ੍ਹਾਂ ’ਤੇ ‘ਜੈ ਸ਼੍ਰੀਰਾਮ ਤੇ ਰਾਮ ਲਛਮਣ ਜਾਨਕੀ, ਜੈ ਸ਼੍ਰੀ ਹਨੂੰਮਾਨ ਕੀ’ ਲਿਖਿਆ ਹੋਇਆ ਸੀ।
ਟੈਸਲਾ ਕਾਰ ਲਾਈਟ ਸ਼ੋਅ ਨੂੰ ਜੈ ਸ਼੍ਰੀ ਰਾਮ ਦੀ ਧੁੰਨ ’ਤੇ ਬਣਾਇਆ ਗਿਆ ਸੀ ਤੇ ਇਸ ਦਾ ਪ੍ਰਬੰਧ ਵਿਸ਼ਵ ਹਿੰਦੂ ਪ੍ਰੀਸ਼ਦ ਯੂਐੱਸ ਚੈਪਟਰ ਵੱਲੋਂ ਕੀਤਾ ਗਿਆ ਸੀ। ਰਾਮ ਨਾਂ ਲਿਖਣ ਲਈ ਬੜੀ ਸੂਝਬੂਝ ਨਾਲ 150 ਤੋਂ ਜ਼ਿਆਦਾ ਕਾਰਾਂ ਖੜ੍ਹੀਆਂ ਕੀਤੀਆਂ ਗਈਆਂ ਸਨ। ਕਾਰਾਂ ਮੈਰੀਲੈਂਡ ’ਚ ਸ਼੍ਰੀ ਭਗਤ ਅੰਜਨੇਯ ਮੰਦਰ ’ਚ ਇਕੱਠੀਆਂ ਹੋਈਆਂ ਸਨ ਜਿਹੜਾ ਅਯੁੱਧਿਆ ਵੇਅ ਨਾਂ ਦੀ ਸੜਕ ’ਤੇ ਸਥਿਤ ਹੈ। ਵਿਸ਼ਵ ਹਿੰਦੂ ਪ੍ਰੀਸ਼ਦ, ਅਮਰੀਕਾ ਚੈਪਟਰ ਦੇ ਸੰਯੁਕਤ ਜਨਰਲ ਸਕੱਤਰ ਤੇਜਾ ਏ. ਸ਼ਾਹ ਨੇ ਕਿਹਾ ਕਿ ਹਿੰਦੂ ਭਾਈਚਾਰਾ ਬੇਹੱਦ ਖ਼ੁਸ਼ ਹੈ। ਉਹ ਉਤਸੁਕਤਾ ਨਾਲ ਅਗਲੀ ਕਾਰ ਰੈਲੀ, ਪ੍ਰਦਰਸ਼ਨੀ ਤੇ 21 ਜਨਵਰੀ ਦੀ ਰਾਤ ਨੂੰ ਹੋਣ ਵਾਲੇ ਸ਼ਾਨਦਾਰ ਉਤਸਵ ਦੀ ਉਡੀਕ ਕਰ ਰਿਹਾ ਹੈ।
ਮਾਰੀਸ਼ਸ ਦੇ ਮੰਦਰਾਂ ’ਚ 22 ਜਨਵਰੀ ਤੱਕ ਹੋਵੇਗਾ ਰਾਮਾਇਣ ਦੀਆਂ ਚੌਪਾਈਆਂ ਦਾ ਪਾਠ
ਮਾਰੀਸ਼ਸ ’ਚ ਜਨਤਕ ਦਫ਼ਤਰਾਂ ’ਚ ਕੰਮ ਕਰਨ ਵਾਲੇ ਹਿੰਦੂਆਂ ਲਈ ਦੋ ਘੰਟਿਆਂ ਦੇ ਲਾਜ਼ਮੀ ਬ੍ਰੇਕ ਦੇ ਐਲਾਨ ਦੇ ਇਕ ਦਿਨ ਬਾਅਦ ਹੁਣ ਮੰਦਰਾਂ ’ਚ ਮਕਰ ਸਕ੍ਰਾਂਤੀ ਤੋਂ 22 ਜਨਵਰੀ ਤੱਕ ਰਾਮਾਇਣ ਦੀਆਂ ਚੌਪਾਈਆਂ ਦਾ ਪਾਠ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਮਾਰੀਸ਼ਸ ਸਨਾਤਨ ਧਰਮ ਮੰਦਰ ਮਹਾਸੰਘ ਦੇ ਪ੍ਰਧਾਨ ਭੋਜਰਾਜ ਘੂਰਬਿਨ ਨੇ ਕਿਹਾ ਕਿ ਸਾਰੇ ਮੰਦਰ ਅਯੁੱਧਿਆ ’ਚ ਸ਼੍ਰੀ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਵਿਗ੍ਰਹਿ ਮੌਕੇ ਹੋਣ ਵਾਲੇ ਪ੍ਰੋਗਰਾਮਾਂ ਦੇ ਹਿੱਸੇ ਵਜੋਂ ਇਸ ਦਾ ਪਾਠ ਕਰਨਗੇ।ਘੂਰਬਿਨ ਨੇ ਕਿਹਾ ਕਿ ਸਾਲ ਰੋਸ਼ਨੀ ਦਾ ਤਿਉਹਾਰ ਦੋ ਵਾਰ ਮਨਾਇਆ ਜਾਵੇਗਾ। ਪਹਿਲੀ ਦੀਵਾਲੀ 22 ਜਨਵਰੀ ਨੂੰ ਪੂਰੇ ਦੇਸ਼ ’ਚ ਮਨਾਈ ਜਾਵੇਗੀ ਜਦਕਿ ਦੂਜੀ 31 ਅਕਤੂਬਰ ਨੂੰ ਰੋਸ਼ਨੀ ਦੇ ਤਿਉਹਾਰ ਦੇ ਅਸਲ ਉਤਸਵ ਨੂੰ ਚਿੰਨਿ੍ਹਤ ਕਰੇਗੀ। 500 ਸਾਲ ਦੇ ਬਨਵਾਸ ਤੋਂ ਬਾਅਦ ਪ੍ਰਭੂ ਸ਼੍ਰੀ ਰਾਮ ਅਯੁੱਧਿਆ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪੂਰੇ ਮਾਰੀਸ਼ਸ ’ਚ ਸਾਰੇ ਹਿੰਦੂ ਭਰਾ-ਭੈਣਾਂ ਇਨ੍ਹੀਂ ਦਿਨੀਂ ਜਸ਼ਨ ਦੇ ਮੂਡ ’ਚ ਹਨ।