kohli surprised by rcbs: ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ) ਦੀ ਫਰੈਂਚਾਇਜ਼ੀ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰ.ਸੀ.ਬੀ) ਨੇ ਆਪਣੇ ਸੋਸ਼ਲ ਮੀਡੀਆ ‘ਤੇ ਕਈ ਅਕਾਊਂਟਸ ਤੋਂ ਪ੍ਰੋਫਾਈਲ ਫੋਟੋ ਨੂੰ ਹਟਾ ਦਿੱਤਾ ਹੈ। ਇਸ ਤੋਂ ਇਲਾਵਾਂ ਆਰ.ਸੀ.ਬੀ ਨੇ ਆਪਣਾ ਨਾਮ ਵੀ ‘ਬਦਲਿਆ’ ਹੈ। ਇਸ ਫ਼ੈਸਲੇ ਨਾਲ ਉਨ੍ਹਾਂ ਦੇ ਪ੍ਰਸ਼ੰਸਕ ਹੀ ਨਹੀਂ ਸਗੋਂ ਕਪਤਾਨ ਵਿਰਾਟ ਕੋਹਲੀ ਵੀ ਹੈਰਾਨ ਹਨ। ਵਿਰਾਟ ਕੋਹਲੀ ਇਨ੍ਹੀਂ ਦਿਨੀਂ ਨਿਊਜ਼ੀਲੈਂਡ ਦੌਰੇ ‘ਤੇ ਹਨ। ਕੋਹਲੀ ਨੇ ਵੀਰਵਾਰ ਨੂੰ ਟਵੀਟ ਕਰਦਿਆਂ ਲਿਖਿਆ, “ਪੋਸਟਾਂ ਗਾਇਬ ਹੋ ਗਈਆਂ ਅਤੇ ਕਪਤਾਨ ਨੂੰ ਇਸ ਬਾਰੇ ਕੋਈ ਜਾਣਕਾਰੀ ਵੀ ਨਹੀਂ ਦਿੱਤੀ ਗਈ। @rcbtweets ਮੈਨੂੰ ਦੱਸੋ ਜੇ ਤੁਹਾਨੂੰ ਕਿਸੇ ਕਿਸਮ ਦੀ ਸਹਾਇਤਾ ਦੀ ਜ਼ਰੂਰਤ ਹੈ।”
ਦੂਜੇ ਪਾਸੇ ਲੈੱਗ ਸਪਿਨਰ ਯੁਜਵੇਂਦਰ ਚਾਹਲ ਵੀ ਹੈਰਾਨ ਰਹਿ ਗਏ ਹਨ। ਨਿਊਜ਼ੀਲੈਂਡ ਦੌਰੇ ਤੋਂ ਵਾਪਸ ਪਰਤਦਿਆਂ ਚਾਹਲ ਨੇ ਟਵੀਟ ਕੀਤਾ, “ਆਰ.ਸੀ.ਬੀ, ਇਹ ਕੀ ਗੁਗਲੀ ਹੈ? ਤੁਹਾਡੀ ਪ੍ਰੋਫਾਈਲ ਫੋਟੋ ਅਤੇ ਇੰਸਟਾਗ੍ਰਾਮ ਪੋਸਟਾਂ ਕਿੱਥੇ ਗਈਆਂ? ਵਿਰਾਟ ਕੋਹਲੀ ਦੀ ਅਗਵਾਈ ਵਾਲੀ ਆਰ.ਸੀ.ਬੀ ਟੀਮ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਦਾ ਨਾਮ ਬਦਲ ਦਿੱਤਾ ਹੈ, ਜਿਸ ਨੇ ਸੱਭ ਨੂੰ ਹੈਰਾਨ ਕਰ ਦਿੱਤਾ ਹੈ।
ਅਕਾਊਂਟ ਤੋਂ ਆਪਣੀ ਡਿਸਪਲੇ ਤਸਵੀਰ ਅਤੇ ਕਵਰ ਫੋਟੋ ਨੂੰ ਵੀ ਹਟਾ ਦਿੱਤਾ ਹੈ ਅਤੇ ਨਾਮ ਬਦਲ ਕੇ ਸਿਰਫ ‘ਰਾਇਲ ਚੈਲੇਂਜਰਜ਼’ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਇੰਸਟਾਗ੍ਰਾਮ ਦੀ ਪ੍ਰੋਫਾਈਲ ਫੋਟੋ, ਕਵਰ ਫੋਟੋ ਅਤੇ ਪੋਸਟਾਂ ਵੀ ਗਾਇਬ ਹਨ। ਇਸੇ ਤਰ੍ਹਾਂ ਫੇਸਬੁੱਕ ਦੀ ਪ੍ਰੋਫਾਈਲ ਫੋਟੋ ਅਤੇ ਕਵਰ ਫੋਟੋ ਵੀ ਹਟਾ ਦਿੱਤੀ ਗਈ ਹੈ।
ਸਰਬੋਤਮ ਖਿਡਾਰੀਆ ਦੇ ਟੀਮ ‘ਚ ਹੋਣ ਦੇ ਬਾਵਜੂਦ ਆਰ.ਸੀ.ਬੀ ਅਜੇ ਤੱਕ ਆਈ.ਪੀ.ਐਲ ਦਾ ਖਿਤਾਬ ਨਹੀਂ ਜਿੱਤ ਸਕਿਆ ਹੈ। ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਇਹ ਟੀਮ ਅਜੇ ਤੱਕ ਪਹਿਲੇ ਖਿਤਾਬ ਦੀ ਭਾਲ ਵਿੱਚ ਹੈ। ਆਰ.ਸੀ.ਬੀ ਦੀ ਟੀਮ ਤਿੰਨ ਵਾਰ ਫਾਈਨਲ ਵਿੱਚ ਜਰੂਰ ਪਹੁੰਚੀ ਹੈ, ਪਰ ਖਿਤਾਬ ਨਹੀਂ ਜਿੱਤ ਸਕੀ ਹੈ। ਆਰ.ਸੀ.ਬੀ 2009 ਵਿੱਚ ਡੈੱਕਨ ਚਾਰਜਰਸ, 2011 ਵਿੱਚ ਚੇਨਈ ਸੁਪਰ ਕਿੰਗਜ਼ ਅਤੇ 2016 ‘ਚ ਸਨਰਾਈਜ਼ਰਜ਼ ਹੈਦਰਾਬਾਦ ਤੋਂ ਫਾਈਨਲ ਵਿੱਚ ਹਾਰ ਗਈ ਸੀ।