ਕੇਂਦਰ ਦੀ ਵਿਕਾਸ ਭਾਰਤ ਸੰਕਲਪ ਯਾਤਰਾ ਦੀ ਤਰਜ਼ ‘ਤੇ ਸੂਬਾ ਸਰਕਾਰ ਨੇ ਭਾਵਨਾਤਮਕ ਕਾਰਡ ਖੇਡਿਆ ਹੈ। ਕੇਂਦਰ ਵੱਲੋਂ ਗਣਤੰਤਰ ਦਿਵਸ ਸਮਾਗਮਾਂ ‘ਚ ਪੰਜਾਬ ਦੀ ਝਾਂਕੀ ਨੂੰ ਰੱਦ ਕਰਨ ਤੋਂ ਬਾਅਦ ਹੁਣ ਸੂਬਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਤਕ ਸੂਬੇ ਨਾਲ ਸਬੰਧਤ ਝਾਂਕੀਆਂ ਪੰਜਾਬ ਦੇ ਹਰ ਪਿੰਡ, ਗਲੀ-ਮੁਹੱਲੇ ‘ਚ ਘੁੰਮਣਗੀਆਂ। ਸਰਕਾਰ ਵੱਲੋਂ ਨੌਂ ਝਾਕੀਆਂ ਤਿਆਰ ਕਰਵਾਈਆਂ ਜਾ ਰਹੀਆਂ ਹਨ।
ਝਾਂਕੀਆਂ ਪੰਜਾਬ ਨਾਲ ਸਬੰਧਤ ਹਨ। ਚੇਤੇ ਰਹੇ ਕਿ ਕੇਂਦਰ ਦੀ ਵਿਕਾਸ ਭਾਰਤ ਸੰਕਲਪ ਯਾਤਰਾ ਲੰਬੇ ਸਮੇਂ ਤੋਂ ਚੱਲ ਰਹੀ ਹੈ। ਇਸ ਯਾਤਰਾ ‘ਚ ਚੱਲ ਰਹੇ ਵਾਹਨ ਲੋਕਾਂ ਨੂੰ ਕੇਂਦਰੀ ਸਕੀਮਾਂ ਬਾਰੇ ਜਾਗਰੂਕ ਕਰ ਰਹੇ ਹਨ। ਵਿਕਾਸ ਭਾਰਤ ਸੰਕਲਪ ਯਾਤਰਾ ਦੇਸ਼ ਭਰ ‘ਚ ਚਲਾਈ ਜਾ ਰਹੀ ਇਕ ਸਰਕਾਰੀ ਪਹਿਲਕਦਮੀ ਹੈ ਜਿਸ ਵਿਚ ਆਯੁਸ਼ਮਾਨ ਭਾਰਤ, ਉੱਜਵਲਾ ਯੋਜਨਾ, ਪ੍ਰਧਾਨ ਮੰਤਰੀ ਸੁਰੱਖਿਆ ਬੀਮਾ, ਪ੍ਰਧਾਨ ਮੰਤਰੀ ਸਵਾਨਿਧੀ ਆਦਿ ਵਰਗੀਆਂ ਮੁੱਖ ਕੇਂਦਰੀ ਯੋਜਨਾਵਾਂ ਬਾਰੇ ਜਾਗਰੂਕਤਾ ਵਧਾਉਣ ਤੇ ਉਨ੍ਹਾਂ ਦੇ ਸੰਚਾਲਨ ‘ਤੇ ਨਜ਼ਰ ਰੱਖਣ ਲਈ ਪੂਰੇ ਦੇਸ਼ ਵਿਚ ਚਲਾਈ ਜਾ ਰਹੀ ਹੈ।
ਝਾਕੀ ਦਸ ਤੋਂ ਪੰਦਰਾਂ ਮਿੰਟ ਤਕ ਰੁਕੇਗੀ
ਸੂਬਾ ਸਰਕਾਰ ਵੱਲੋਂ ਤਿਆਰ ਕੀਤੀ ਗਈ ਝਾਕੀ ‘ਚ ਪੰਜਾਬ ਦੀ ਝਲਕ ਦੇਖਣ ਨੂੰ ਮਿਲੇਗੀ। ਇਨ੍ਹਾਂ ਵਿਚ ਪੰਜਾਬ ਦੇ ਸ਼ਹੀਦਾਂ ਤੇ ਕੁਰਬਾਨੀਆਂ ਦੀ ਗਾਥਾ, ਨਾਰੀ ਸ਼ਕਤੀ ਦੀ ਝਾਕੀ, ਮਾਈ ਭਾਗੋ ਤੇ ਸੂਬੇ ਦੇ ਅਮੀਰ ਸੱਭਿਆਚਾਰ ਨਾਲ ਸਬੰਧਤ ਝਾਕੀ ਸ਼ਾਮਲ ਹੋਵੇਗੀ। ਇਸ ਦੇ ਨਾਲ ਹੀ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਵੀ ਜ਼ਿਕਰ ਕੀਤਾ ਜਾਵੇਗਾ। ਝਾਕੀ ਗਣਤੰਤਰ ਦਿਵਸ ਪਰੇਡ ਵਾਂਗ ਹੀ ਚੱਲੇਗੀ। ਇਸ ਦੌਰਾਨ ਹਰ ਥਾਂ ‘ਤੇ ਦਸ ਤੋਂ ਪੰਦਰਾਂ ਮਿੰਟ ਲਈ ਝਾਂਕੀ ਰੁਕੇਗੀ।