ਰੀਓ ਓਲੰਪਿਕ ’ਚ ਔਰਤਾਂ ਦਾ 100 ਮੀਟਰ ਫ੍ਰੀ ਸਟਾਇਲ ਤੈਰਾਕੀ ਮੁਕਾਬਲਾ ਇੰਨਾ ਫਸਵਾਂ ਤੇ ਦਿਲਚਸਪ ਸੀ ਕਿ ਅਮਰੀਕਾ ਤੇ ਕੈਨੇਡਾ ਦੀਆਂ ਦੋਵੇਂ ਖਿਡਾਰਨਾਂ ਵੱਲੋਂ ਪਾਣੀ ’ਚ ਮਚਾਈ ਧਮਾਲ ਸਦਕਾ ਗੋਲਡ ਮੈਡਲ ਟਾਈ ਹੋ ਗਿਆ। ਰੌਚਕ ਇਤਫਾਕ ਇਹ ਰਿਹਾ ਕਿ ਚੈਂਪੀਅਨ ਨਾਮਜ਼ਦ ਹੋਈਆਂ ਅਮਰੀਕਾ ਦੀ ਸਿਮੋਨ ਮੈਨੂਅਲ ਤੇ ਕੈਨੇਡਾ ਦੀ ਪੈਨੀ ਵਲੋਂ 52.70 ਸੈਕਿੰਡ ਨਾਲ ਨਵਾਂ ਓਲੰਪਿਕ ਰਿਕਾਰਡ ਦਰਜ ਕੀਤਾ ਗਿਆ। ਆਈਓਸੀ ਦੀ ਜਿਊਰੀ ਨੇ ਦੋਵਾਂ ਮਹਿਲਾ ਤੈਰਾਕਾਂ ਨੂੰ ਸੋਨ ਤਗਮੇ ਦਿੱਤੇ। ਇਸ ਫਸਵੇਂ ਮੁਕਾਬਲੇ ’ਚ ਚਾਂਦੀ ਦਾ ਮੈਡਲ ਰੱਦ ਹੋ ਗਿਆ ਜਦਕਿ ਤਾਂਬੇ ਦਾ ਮੈਡਲ ਸਵੀਡਨ ਦੀ ਤੈਰਾਕ ਸਾਰਾਹ ਜੋਸਟਰੋਮ ਦੇ ਹਿੱਸੇ ਆਇਆ।
ਟੋਕੀਓ ’ਚ ਸਿਮੋਨ ਤੇ ਪੈਨੀ ਇਕ-ਦੂਜੀ ਨੂੰ ਪਛਾਡ਼ਨ ਲਈ ਇਕ ਵਾਰ ਫਿਰ ਤੋਂ ਆਹਮੋ-ਸਾਹਮਣੇ ਹੋਣਗੀਆਂ।ਇਸ ਤੋਂ ਇਲਾਵਾ ਰੀਓ ’ਚ ਪੁਰਸ਼ ਵਰਗ ਦੇ 100 ਮੀਟਰ ਬਟਰਫਲਾਈ ਮੁਕਾਬਲੇ ’ਚ ਦੂਜੀ ਪੁਜ਼ੀਸ਼ਨ ਟਾਈ ਹੋਣ ਨਾਲ ਚਾਂਦੀ ਦਾ ਮੈਡਲ ਤਿੰਨ ਤੈਰਾਕਾਂ ਅਮਰੀਕਾ ਦੇ ਮਾਈਕਲ ਫੈਲਪਸ, ਹੰਗਰੀ ਦੇ ਲਾਸਜ਼ਲੋ ਸੇਹ ਤੇ ਦੱਖਣੀ ਅਫਰੀਕਾ ਦੇ ਚਾਡ ਲੀ ਕਲੋਸ ਦੇ ਗਲੇ ਦਾ ਸ਼ਿੰਗਾਰ ਬਣਿਆ। ਸਿਲਵਰ ਮੈਡਲ ਫੁੰਡਣ ਵਾਲੇ ਤਿੰਨੇ ਤੈਰਾਕਾਂ ਵਲੋਂ ਬਰਾਬਰ 51.14 ਸੈਕਿੰਡ ਦਾ ਸਮਾਂ ਲਿਆ ਗਿਆ। ਓਲੰਪਿਕ ਕਮੇਟੀ ਦੀ ਜਿਊਰੀ ਵੱਲੋਂ ਇਸ ਈਵੈਂਟ ਦੇ ਤਾਂਬੇ ਦਾ ਮੈਡਲ ਰੱਦ ਕਰ ਦਿੱਤਾ ਗਿਆ ਜਦਕਿ ਸਿੰਗਾਪੁਰ ਦੇ 21 ਸਾਲਾ ਯੰਗ ਤੈਰਾਕ ਜੋਸਫ ਸਕੂਲਿੰਗ ਨੇ 50.39 ਸੈਕਿੰਡ ਨਾਲ ਨਵਾਂ ਓਲੰਪਿਕ ਰਿਕਾਰਡ ਬਣਾਉਂਦਿਆਂ ਗੋਲਡ ਮੈਡਲ ਜਿੱਤਿਆ। ਟੋਕੀਓ ’ਚ ਤਿੰਨੇ ਤੈਰਾਕ ਸਕੂਲਿੰਗ, ਚਾਡ ਤੇ ਲਾਸਜ਼ਲੋ ਇਕ ਵਾਰ ਮੁਡ਼ ਤੋਂ ਕਿਸਮਤ ਅਜਮਾਉਣਗੇ ਜਦਕਿ ਫੈਲਪਸ ਨੇ ਰੀਓ ’ਚ ਪੂਲ ਨੂੰ ਬਾਇ-ਬਾਇ ਕਹਿ ਦਿੱਤਾ ਸੀ।
