ਰੂਸ-ਯੂਕਰੇਨ ਜੰਗ ਨੂੰ ਇੱਕ ਸਾਲ ਹੋ ਗਿਆ ਹੈ। ਅਜਿਹੇ ‘ਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਯੁੱਧ ਦੇ ਵਿਚਕਾਰ ਯੂਕਰੇਨ ਦੀ ਰਾਜਧਾਨੀ ਕੀਵ ਪਹੁੰਚ ਗਏ ਹਨ। ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਪਹਿਲੀ ਵਾਰ ਯੂਕਰੇਨ ਪਹੁੰਚੇ ਹਨ। ਰੂਸ-ਯੂਕਰੇਨ ਯੁੱਧ ਦੇ 1 ਸਾਲ ਪੂਰੇ ਹੋਣ ਤੋਂ ਪਹਿਲਾਂ ਦੋ ਬਾਇਡਨ ਯੂਕਰੇਨ ਪਹੁੰਚ ਗਏ ਹਨ। ਬਾਇਡਨ ਨੂੰ ਸੇਂਟ ਮਾਈਕਲ ਦੇ ਗੋਲਡਨ-ਡੋਮ ਮੱਠ ਦੇ ਬਾਹਰ ਯੂਕਰੇਨ ਦੇ ਰਾਸ਼ਟਰਪਤੀ ਵਲੋਦੋਮੀਰ ਜ਼ਲੈਂਸਕੀ ਨਾਲ ਦੇਖਿਆ ਗਿਆ।
ਜ਼ਿਕਰਯੋਗ ਹੈ ਕਿ ਜਦੋਂ ਬਾਇਡਨ ਯੂਕਰੇਨ ਦੇ ਕੀਵ ਪਹੁੰਚੇ ਤਾਂ ਉੱਥੇ ਸੁਰੱਖਿਆ ਸਖਤ ਕਰ ਦਿੱਤੀ ਗਈ। ਗੱਡੀਆਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ। ਪੈਦਲ ਚੱਲਣ ਵਾਲਿਆਂ ਨੂੰ ਵੀ ਸੜਕਾਂ ‘ਤੇ ਰੋਕ ਦਿੱਤਾ ਗਿਆ। ਜਾਣਕਾਰੀ ਮੁਤਾਬਕ ਯੂਕਰੇਨ ਦੀ ਸਰਹੱਦ ਨੇੜੇ ਭਾਰੀ ਅਮਰੀਕੀ ਸੁਰੱਖਿਆ ਤਾਇਨਾਤ ਕੀਤੀ ਗਈ ਹੈ। ਇਸ ਤੋਂ ਪਹਿਲਾਂ ਅਮਰੀਕਾ ਦੀ ਫਸਟ ਲੇਡੀ ਜਿਲ ਬਾਇਡਨ ਨੇ ਮਈ ‘ਚ ਮਾਂ ਦਿਵਸ ‘ਤੇ ਪੱਛਮੀ ਯੂਕਰੇਨ ਦਾ ਅਚਾਨਕ ਦੌਰਾ ਕੀਤਾ ਸੀ।
ਯੂਕਰੇਨ ਨੂੰ ਹਥਿਆਰ ਦੇਵੇਗਾ
ਯੂਕਰੇਨ ਦੇ ਦੌਰੇ ‘ਤੇ ਆਏ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ ਕਿ ਅਸੀਂ ਯੂਕਰੇਨ ਦੇ ਲੋਕਾਂ ਦੀ ਸੁਰੱਖਿਆ ਲਈ ਫ਼ੌਜੀ ਉਪਕਰਨ ਮੁਹੱਈਆ ਕਰਵਾਵਾਂਗੇ। ਉਨ੍ਹਾਂ ਕਿਹਾ ਕਿ ਅਮਰੀਕਾ ਆਖ਼ਰੀ ਸਮੇਂ ਤੱਕ ਕੀਵ ਦੇ ਨਾਲ ਖੜ੍ਹਾ ਰਹੇਗਾ।
‘ਅਮਰੀਕੀ ਰਾਸ਼ਟਰਪਤੀ ਦਾ ਯੂਕਰੇਨ ਦੌਰਾ ਬਹੁਤ ਮਹੱਤਵਪੂਰਨ’
ਇਸ ਦੇ ਨਾਲ ਹੀ ਯੂਕਰੇਨ ਦੇ ਰਾਸ਼ਟਰਪਤੀ ਵਲੋਦੋਮੀਰ ਜ਼ੇਲੈਂਸਕੀ ਨੇ ਅਮਰੀਕੀ ਰਾਸ਼ਟਰਪਤੀ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਬਾਇਡਨ ਦਾ ਦੌਰਾ ਯੂਕਰੇਨ ਦੇ ਸਾਰੇ ਲੋਕਾਂ ਦੇ ਸਮਰਥਨ ਲਈ ਬਹੁਤ ਮਹੱਤਵਪੂਰਨ ਸੰਕੇਤ ਹੈ।
ਰੂਸ-ਯੂਕਰੇਨ ਜੰਗ ਨੂੰ ਇੱਕ ਸਾਲ ਹੋ ਗਿਆ
ਜ਼ਿਕਰਯੋਗ ਹੈ ਕਿ ਰੂਸ ਅਤੇ ਯੂਕਰੇਨ ਵਿਚਾਲੇ ਜੰਗ 24 ਫਰਵਰੀ 2021 ਨੂੰ ਸ਼ੁਰੂ ਹੋਈ ਸੀ। ਇੱਕ ਸਾਲ ਬੀਤ ਜਾਣ ਤੋਂ ਬਾਅਦ ਵੀ ਦੋਵਾਂ ਦੇਸ਼ਾਂ ਵਿਚਾਲੇ ਜੰਗ ਜਾਰੀ ਹੈ। ਹੁਣ ਤੱਕ ਇਸ ਜੰਗ ਵਿੱਚ ਹਜ਼ਾਰਾਂ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ, ਜਦੋਂ ਕਿ ਲੱਖਾਂ ਲੋਕ ਯੁੱਧ ਤੋਂ ਪ੍ਰਭਾਵਿਤ ਹੋਏ ਹਨ। ਇਸ ਦੇ ਨਾਲ ਹੀ ਅਮਰੀਕਾ ਸਮੇਤ ਕਈ ਯੂਰਪੀ ਦੇਸ਼ਾਂ ਤੋਂ ਯੂਕਰੇਨ ਨੂੰ ਲਗਾਤਾਰ ਫ਼ੌਜੀ ਮਦਦ ਦਿੱਤੀ ਜਾ ਰਹੀ ਹੈ।